
ਸ਼੍ਰੋਮਣੀ ਅਕਾਲੀ ਦਲ ਦਾ ਵਿਧਾਨ ਸਭਾ ਵਲ ਮਾਰਚ, ਯੂਥ ਆਗੂਆਂ ਨੇ ਦਿਤੀਆਂ ਗਿ੍ਫ਼ਤਾਰੀਆਂ
ਮਤੇ 'ਤੇ ਬਿਜ਼ਨਸ ਸਲਾਹਕਾਰ ਕਮੇਟੀ ਵਿਚ ਨਹੀਂ ਕੀਤੀ ਚਰਚਾ : ਮਨਪ੍ਰੀਤ ਇਯਾਲੀ
ਚੰਡੀਗੜ੍ਹ, 27 ਸਤੰਬਰ (ਸੱਤੀ) : ਸ਼੍ਰੋਮਣੀ ਅਕਾਲੀ ਦਲ ਵਿਧਾਇਕ ਵਿੰਗ ਨੇ ਅੱਜ ਆਮ ਆਦਮੀ ਪਾਰਟੀ ਸਰਕਾਰ ਵਲੋਂ ਇਸ ਵਿਰੁਧ ਭਾਜਪਾ ਵਲੋਂ ਰਿਸ਼ਵਤਖੋਰੀ ਦੇ ਦੋਸ਼ਾਂ ਦਾ ਸਿਆਸੀ ਲਾਹਾ ਖੱਟਣ ਵਾਸਤੇ ਪਿਛਲੇ ਦਰਵਾਜਿਉਂ ਭਰੋਸਗੀ ਮਤਾ ਪੇਸ਼ ਕਰਨ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਇਸ ਦਾ ਮਕਸਦ ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਵਿਧਾਨ ਸਭਾ ਦੀਆਂ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਲਾਹਾ ਲੈਣ ਵਲ ਸੇਧਤ ਹੈ |
ਵਿਧਾਨ ਸਭਾ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਦੇ ਆਗੂ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਵਿਸ਼ਵਾਸ ਮਤਾ ਪੇਸ਼ ਕਰਨ ਦਾ ਮਕਸਦ ਪੰਜਾਬ ਦੇ ਭਖਦੇ ਮਸਲਿਆਂ ਤੋਂ ਲੋਕਾਂ ਦਾ ਧਿਆਨ ਪਾਸੇ ਕਰਨਾ ਹੈ | ਉਨ੍ਹਾਂ ਨੇ ਕਿਸੇ ਵੀ ਵਿਰੋਧੀ ਪਾਰਟੀ ਵਲੋਂ ਮੰਗ ਨਾ ਕਰਨ ਦੇ ਬਾਵਜੂਦ ਵਿਧਾਨ ਸਭਾ ਵਿਚ ਵਿਸ਼ਵਾਸ ਮਤਾ ਪੇਸ਼ ਕਰਨ 'ਤੇ ਵੀ ਸਵਾਲ ਚੁੱਕੇ ਅਤੇ ਕਿਹਾ ਕਿ ਆਪ ਸਰਕਾਰ ਨੂੰ ਕੁੱਲ 117 ਵਿਚੋਂ 92 ਵਿਧਾਇਕਾਂ ਦੀ ਹਮਾਇਤ
ਹਾਸਲ ਹੈ ਤੇ ਇਹ ਮਤਾ ਪੇਸ਼ ਕਰਨਾ ਸਾਬਤ ਕਰਦਾ ਹੈ ਕਿ ਇਸ ਦਾ ਮਕਸਦ ਸਿਰਫ਼ ਰਾਜਸੀ ਹੈ ਨਾਕਿ ਪੰਜਾਬ ਦੇ ਅਸਲ ਮੁੱਦਿਆਂ ਨੂੰ ਹੱਲ ਕਰਨਾ |
ਇਯਾਲੀ ਨੇ ਜ਼ੋਰ ਦੇ ਕੇ ਕਿਹਾ ਕਿ ਆਪ ਸਰਕਾਰ ਨੇ ਪਿਛਲੇ ਦਰਵਾਜ਼ੇ ਰਾਹੀਂ ਵਿਸ਼ਵਾਸ ਮਤਾ ਪੇਸ਼ ਕੀਤਾ ਹੈ | ਉਨ੍ਹਾਂ ਕਿਹਾ ਕਿ ਉਹ ਬਿਜ਼ਨਸ ਸਲਾਹਕਾਰ ਕਮੇਟੀ ਦੀ ਮੀਟਿੰਗ ਵਿਚ ਸ਼ਾਮਲ ਹੋਏ ਸਨ ਤੇ ਸਦਨ ਦੇ ਏਜੰਡੇ ਨੂੰ ਤੈਅ ਕਰਨ ਸਮੇਂ ਕਿਸੇ ਵਿਸ਼ਵਾਸ ਮਤੇ ਨੂੰ ਪੇਸ਼ ਕਰਨ ਦੀ ਕੋਈ ਗੱਲ ਨਹੀਂ ਹੋਈ |
ਭਾਜਪਾ ਵਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ 25 ਕਰੋੜ ਰੁਪਏ ਪ੍ਰਤੀ ਵਿਧਾਇਕ ਦੇਣ ਦੀ ਪੇਸ਼ਕਸ਼ ਬਾਰੇ ਉਨ੍ਹਾਂ ਕਿਹਾ ਕਿ ਭਾਵੇਂ ਇਸ ਸਬੰਧ ਵਿਚ 14 ਸਤੰਬਰ ਨੂੰ ਡੀ.ਜੀ.ਪੀ. ਨੂੰ ਸ਼ਿਕਾਇਤ ਦਿਤੀ ਗਈ ਸੀ ਪਰ ਹਾਲੇ ਤਕ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਹੋਈ | ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਰਿਸ਼ਵਤ ਦੀ ਪੇਸ਼ਕਸ਼ ਕੀਤੀ, ਉਨ੍ਹਾਂ ਦੇ ਨਾਵਾਂ ਦਾ ਖੁਲਾਸਾ ਵੀ ਹਾਲੇ ਤਕ ਨਹੀਂ ਕੀਤਾ ਗਿਆ ਤੇ ਨਾ ਹੀ ਕੇਸ ਵਿਚ ਕੋਈ ਗਿ੍ਫ਼ਤਾਰੀ ਹੋਈ ਹੈ |
ਅਕਾਲੀ ਦਲ ਦੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਤੇ ਗਨੀਵ ਕੌਰ ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਸੂਬੇ ਤੇ ਇਸਦੇ ਲੋਕਾਂ ਨੁੰ ਦਰਪੇਸ਼ ਮੁੱਦਿਆਂ ਤੋਂ ਭੱਜ ਰਹੀ ਹੈ | ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਵਿਧਾਨ ਸਭਾ ਵਿਚ ਅਕਾਲੀ ਦਲ ਨੂੰ ਕੋਈ ਸਮਾਂ ਨਹੀਂ ਦਿਤਾ ਗਿਆ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਿਰਫ਼ ਅਪਣੀ ਗੱਲ ਕਹਿ ਕੇ ਸਦਨ ਮੁਲਤਵੀ ਕਰਨ ਦੀ ਥਾਂ ਸੁਣਨ ਦਾ ਮਾਦਾ ਵੀ ਰਖਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਖੇਤੀਬਾੜੀ ਖੇਤਰ ਨੂੰ ਦਰਪੇਸ਼ ਸੰਕਟ, ਅਮਨ ਕਾਨੂੰਨ ਵਿਵਸਥਾ ਭੰਗ ਹੋਣ ਸਮੇਤ ਕਈ ਮਸਲੇ ਹਨ ਜਿਨ੍ਹਾਂ 'ਤੇ ਚਰਚਾ ਹੋਣੀ ਚਾਹੀਦੀ ਹੈ ਤੇ ਜਿਨ੍ਹਾਂ ਵਿਚ ਨਸ਼ੇ ਦੀ ਸਪਲਾਈ ਤੇ ਗ਼ੈਰ ਕਾਨੂੰਨੀ ਮਾਈਨਿੰਗ ਵੀ ਸ਼ਾਮਲ ਹੈ, ਪਰ ਇਨ੍ਹਾਂ 'ਤੇ ਕੋਈ ਚਰਚਾ ਨਹੀਂ ਕਰਵਾਈ ਗਈ | ਇਸ ਤੋਂ ਪਹਿਲਾਂ ਯੂਥ ਅਕਾਲੀ ਆਗੂਆਂ ਨੇ ਵਿਧਾਨ ਸਭਾ ਤਕ ਮਾਰਚ ਕੀਤਾ ਤੇ ਗਿ੍ਫ਼ਤਾਰੀਆਂ ਦਿਤੀਆਂ ਤੇ ਮੰਗ ਕੀਤੀ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਕੀਤੇ ਵਾਅਦੇ ਮੁਤਾਬਕ 1500 ਰੁਪਏ ਪ੍ਰਤੀ ਏਕੜ ਦੇਣ, ਫ਼ਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਸਮੇਤ ਹੋਰ ਕਿਸਾਨੀ ਮੰਗਾਂ ਪੂਰੀਆਂ ਕੀਤੀਆਂ ਜਾਣ |
ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਇਹ ਵੀ ਮੰਗ ਕੀਤੀ ਕਿ ਲੰਪੀ ਚਮੜੀ ਰੋਗ ਕਾਰਨ ਪਸ਼ੂ ਗੁਆਉਣ ਵਾਲੇ ਡੇਅਰੀ ਫਾਰਮਰਾਂ ਨੁੰ 50 ਹਜ਼ਾਰ ਰੁਪਏ ਪ੍ਰਤੀ ਪਸ਼ੂ ਮੁਆਵਜ਼ਾ ਦਿਤਾ ਜਾਵੇ | ਯੂਥ ਆਗੂ ਜਿਨ੍ਹਾਂ ਦੀ ਅਗਵਾਈ ਪਰਮਬੰਸ ਸਿੰਘ ਰੋਮਾਣਾ ਤੇ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਕਰ ਰਹੇ ਸਨ, ਨੇ ਇਹ ਵੀ ਮੰਗ ਕੀਤੀ ਕਿ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਕੀਤੇ ਵਾਅਦੇ ਮੁਤਾਬਕ 3 ਹਜ਼ਾਰ ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦੇਵੇ ਅਤੇ ਇਹ ਵੀ ਕਿਹਾ ਕਿ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਤੇ ਸਾਰੀਆਂ ਮਹਿਲਾਵਾਂ ਨੂੰ 1 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਵੀ ਪੂਰਾ ਕੀਤਾ ਜਾਵੇ |
ਫ਼ੋਟੋ : ਨਰਿੰਦਰ 27-2