ਮੁੱਖ ਮੰਤਰੀ ਵਲੋਂ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾ ਕੇ ਸ਼ਹੀਦ ਭਗਤ ਸਿੰਘ ਦੇ ਸੁਪਨੇ ਸਾਕਾਰ ਕਰਨ ਦਾ ਤਹੱਈਆ
Published : Sep 28, 2023, 5:32 pm IST
Updated : Sep 28, 2023, 5:32 pm IST
SHARE ARTICLE
Chief Minister Bhagwant Mann pays homage to Shaheed Bhagat Singh
Chief Minister Bhagwant Mann pays homage to Shaheed Bhagat Singh

ਗੁਰੂ ਸਾਹਿਬਾਨ, ਸੰਤ-ਮਹਾਤਮਾ, ਪੀਰਾ-ਪੈਗੰਬਰਾਂ ਅਤੇ ਸ਼ਹੀਦਾਂ ਦੇ ਜੀਵਨ, ਵਿਚਾਰਧਾਰਾ ਅਤੇ ਸਿੱਖਿਆਵਾਂ ਦੇ ਪਾਸਾਰ ਲਈ ਸਕੂਲ ਸਿਲੇਬਸ ਵਿਚ ਢੁਕਵਾਂ ਬਦਲਾਅ ਕਰਨ ਦਾ ਐਲਾਨ

 

ਖਟਕੜ ਕਲਾਂ (ਐਸ.ਬੀ.ਐਸ. ਨਗਰ): ਦੇਸ਼ ਵਿਚ ਪੰਜਾਬ ਨੂੰ ਮੋਹਰੀ ਸੂਬਾ ਬਣਾਉਣ ਦਾ ਸੰਕਲਪ ਲੈਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੂਬੇ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾ ਕੇ ਸ਼ਹੀਦ ਭਗਤ ਸਿੰਘ ਦੇ ਸੁਪਨੇ ਸਾਕਾਰ ਕਰਨ ਦਾ ਤਹੱਈਆ ਕੀਤਾ। ਮੀਟਿੰਗ ਦੀ ਸ਼ੁਰੂਆਤ ਵਿਚ ਮੁੱਖ ਮੰਤਰੀ ਨੇ ਸ਼ਹੀਦ ਭਗਤ ਸਿੰਘ ਦੇ ਪਰਿਵਾਰਕ ਮੈਂਬਰਾਂ ਹਰਜਿੰਦਰ ਪਾਲ ਸਿੰਘ ਗਿੱਲ, ਬਲਦੇਵ ਸਿੰਘ ਨਸਰਾਲਾ, ਰਵਿਦੰਰ ਸਿੰਘ, ਗੁਰਜੀਤ ਸਿੰਘ ਤੇ ਹਰਭਜਨ ਸਿੰਘ ਢੱਟ ਨੂੰ ਸਨਮਾਨਤ ਕੀਤਾ।

ਅੱਜ ਇੱਥੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਰਾਜ ਪੱਧਰੀ ਸਮਾਗਮ ਦੌਰਾਨ ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਸ਼ਹੀਦ ਭਗਤ ਸਿੰਘ ਦੇ ਸੁਪਨੇ ਸਾਕਾਰ ਕਰਨ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਹ ਯਕੀਨੀ ਬਣਾਏਗੀ ਕਿ ਸੂਬੇ ਦੇ ਕਿਸੇ ਵੀ ਬਾਸ਼ਿੰਦੇ ਨੂੰ ਆਪਣਾ ਵਤਨ ਛੱਡ ਕੇ ਵਿਦੇਸ਼ ਨਾ ਜਾਣਾ ਪਵੇ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਸੂਬਾ ਸਰਕਾਰ ਵੱਲੋਂ ਪਹਿਲਾਂ ਹੀ ਕਈ ਵੱਡੇ ਕਦਮ ਚੁੱਕੇ ਜਾ ਰਹੇ ਅਤੇ ਇਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਰੁਝਾਨ ਨੂੰ ਮੋੜਾ ਦੇਣ ਲਈ ਸੂਬਾ ਸਰਕਾਰ ਤਨਦੇਹੀ ਨਾਲ ਜੁਟੀ ਹੋਈ ਹੈ।

ਮੁੱਖ ਮੰਤਰੀ ਨੇ ਸਕੂਲ ਸਿਲੇਬਸ ਵਿਚ ਲੋੜੀਂਦਾ ਬਦਲਾਅ ਕਰਨ ਦਾ ਵੀ ਐਲਾਨ ਕੀਤਾ ਤਾਂ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਮਹਾਨ ਗੁਰੂ ਸਾਹਿਬਾਨ, ਸੰਤਾਂ-ਮਹਾਤਮਾ, ਪੀਰਾਂ-ਪੈਗੰਬਰਾਂ ਅਤੇ ਸ਼ਹੀਦਾਂ ਦੇ ਜੀਵਨ, ਵਿਚਾਰਧਾਰਾ ਅਤੇ ਸਿੱਖਿਆਵਾਂ ਬਾਰੇ ਜਾਣੂੰ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸੂਬੇ ਦੇ ਨੌਜਵਾਨਾਂ ਨੂੰ ਇਨ੍ਹਾਂ ਨੇਕ ਰੂਹਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਇਸੇ ਕਰਕੇ ਸਕੂਲਾਂ ਦੇ ਸਿਲੇਬਸ ਵਿਚ ਢੁਕਵੀਂ ਤਬਦੀਲੀ ਕਰਨ ਦੀ ਲੋੜ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਨਾਲ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵਿਚ ਸੂਬੇ ਦੀ ਮਹਾਨ ਵਿਰਾਸਤ ਦਾ ਪਾਸਾਰ ਕਰਨ ਵਿਚ ਮਦਦ ਮਿਲੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦਾ ਸਮਾਗਮ ਕੋਈ ਸਧਾਰਨ ਸਮਾਗਮ ਨਹੀਂ ਹੈ ਸਗੋਂ ਦੁਨੀਆ ਦੇ ਮਹਾਨ ਇਨਕਲਾਬੀ ਦੇ ਜਨਮ ਦਿਨ ਦੇ ਜਸ਼ਨਾਂ ਦਾ ਦਿਨ ਹੈ। ਉਨ੍ਹਾਂ ਕਿਹਾ, “ਜਿਸ ਉਮਰ ਵਿਚ ਨੌਜਵਾਨ ਆਪਣੇ ਮਾਪਿਆਂ ਪਾਸੋਂ ਤੋਹਫਿਆਂ ਦੀ ਮੰਗ ਕਰਦੇ ਹਨ, ਉਸ ਉਮਰ ਵਿਚ ਸ਼ਹੀਦ ਭਗਤ ਸਿੰਘ ਨੇ ਬਰਤਾਨੀਆ ਤੋਂ ਆਪਣੀ ਮਾਤ ਭੂਮੀ ਆਜ਼ਾਦ ਕਰਵਾਉਣ ਦੀ ਮੰਗ ਕੀਤੀ।” ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅੱਜ ਦਾ ਦਿਨ ਹਰੇਕ ਭਾਰਤੀ ਦੇ ਜੀਵਨ ਵਿਚ ਬਹੁਤ ਮਹਾਨ ਦਿਨ ਹੈ।

Chief Minister Bhagwant Mann pays homage to Shaheed Bhagat SinghChief Minister Bhagwant Mann pays homage to Shaheed Bhagat Singh

ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਪੜ੍ਹਦੇ ਬਹੁਤ ਸਨ ਜਿਸ ਕਰਕੇ ਉਹ ਹਮੇਸ਼ਾ ਲੋਕਾਂ ਦੀ ਭਲਾਈ ਲਈ ਚਿੰਤਤ ਰਹਿੰਦੇ ਸਨ। ਉਨ੍ਹਾਂ ਨੇ ਕਿਹਾ ਕਿ ਇਸ ਮਹਾਨ ਨਾਇਕ ਨੇ ਦੇਸ਼ ਨੂੰ ਬਰਤਾਨਵੀ ਹਕੂਮਤ ਦੀ ਚੁੰਗਲ ਤੋਂ ਆਜ਼ਾਦ ਕਰਵਾਉਣ ਵਿਚ ਲਾਮਿਸਾਲ ਯੋਗਦਾਨ ਪਿਆ। ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਚੇਤੇ ਕਰਵਾਉਂਦੇ ਕਿਹਾ, “ਜਦੋਂ ਸਾਡੇ ਮਹਾਨ ਕੌਮੀ ਨਾਇਕ ਅਤੇ ਸ਼ਹੀਦ ਅੰਗਰੇਜ਼ਾਂ ਦੇ ਜਬਰ-ਜ਼ੁਲਮ ਦੇ ਖਿਲਾਫ਼ ਜੰਗ ਲੜ ਰਹੇ ਸਨ ਤਾਂ ਉਸੇ ਸਮੇਂ ਦੌਰਾਨ ਕੁਝ ਗੱਦਾਰ ਸਾਮਰਾਜੀ ਸ਼ਕਤੀਆਂ ਦੇ ਹੱਕ ਵਿਚ ਭੁਗਤ ਰਹੇ ਸਨ। ਇਹੋ ਜਿਹੇ ਗੱਦਾਰਾਂ ਨੂੰ ਅੱਜ ਕੋਈ ਯਾਦ ਵੀ ਨਹੀਂ ਕਰਦਾ।”

ਮੁੱਖ ਮੰਤਰੀ ਨੇ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਸ਼ਹੀਦ-ਏ-ਆਜ਼ਮ ਦੇ ਸੁਪਨੇ ਅੱਜ ਵੀ ਅਧੂਰੇ ਹਨ ਕਿਉਂਕਿ ਭ੍ਰਿਸ਼ਟਾਚਾਰ, ਕੁਨਬਾਪ੍ਰਸਤੀ ਅਤੇ ਗਰੀਬੀ ਨੇ ਅਜੇ ਵੀ ਜੜ੍ਹਾਂ ਲਾਈਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਅੰਗਰੇਜ਼ਾਂ ਦੇ ਸ਼ਾਸਨ ਤੋਂ ਬਾਅਦ ਸੱਤਾ ਸੰਭਾਲਣ ਵਾਲੇ ਲੋਕਾਂ ਨੇ ਅੰਗਰੇਜ਼ਾਂ ਨਾਲੋਂ ਵੀ ਵੱਧ ਬੇਰਹਿਮੀ ਨਾਲ ਖਜ਼ਾਨੇ ਨੂੰ ਲੁੱਟਿਆ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਸੁਣ ਕੇ ਬੜਾ ਦੁੱਖ ਹੁੰਦਾ ਹੈ ਕਿ ਜਦੋਂ ਕੁਝ ਲੋਕ ਇਹ ਕਹਿ ਦਿੰਦੇ ਹਨ ਕਿ ਹੁਣ ਨਾਲੋਂ ਤਾਂ ਅੰਗਰੇਜ਼ਾਂ ਦਾ ਸ਼ਾਸਨ ਚੰਗਾ ਸੀ। ਉਨ੍ਹਾਂ ਕਿਹਾ ਕਿ ਇਸ ਧਾਰਨਾ ਨੂੰ ਬਦਲਣ ਦੀ ਲੋੜ ਹੈ।

Chief Minister Bhagwant Mann pays homage to Shaheed Bhagat Singh
Chief Minister Bhagwant Mann pays homage to Shaheed Bhagat Singh

ਮੁੱਖ ਮੰਤਰੀ ਨੇ ਲੋਕਾਂ ਨੂੰ ਦੇਸ਼ ਨੂੰ ਮੋਹਰੀ ਬਣਾਉਣ ਲਈ ਜਾਤ, ਧਰਮ ਤੇ ਨਸਲ ਦੀਆਂ ਸੌੜੀਆਂ ਵਲਗਣਾਂ ਤੋਂ ਉਪਰ ਉੱਠਣ ਦਾ ਸੱਦਾ ਦਿੱਤਾ ਜੋ ਸਹੀ ਮਾਅਨਿਆਂ ਵਿਚ ਸ਼ਹੀਦ ਭਗਤ ਸਿੰਘ ਤੇ ਹੋਰ ਆਜ਼ਾਦੀ ਘੁਲਾਟੀਆਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਜਿਨ੍ਹਾਂ ਨੇ ਆਪਣੀ ਮਾਤ ਭੂਮੀ ਦੀ ਖਾਤਰ ਆਪਣੀਆਂ ਜਾਨਾਂ ਨਿਛਾਵਰ ਕਰ ਦਿੱਤੀਆਂ। ਭਗਵੰਤ ਸਿੰਘ ਮਾਨ ਨੇ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਵਾਲਾ ਦੇਸ਼ ਬਣਾਉਣ ਲਈ ਵਧ-ਚੜ੍ਹ ਕੇ ਅੱਗੇ ਆਉਣ ਦਾ ਸੱਦਾ ਦਿੱਤਾ।

ਮੁੱਖ ਮੰਤਰੀ ਨੇ ਅਫਸੋਸ ਨਾਲ ਕਿਹਾ ਕਿ ਇਹ ਬੜੀ ਮੰਦਭਾਗੀ ਗੱਲ ਹੈ ਕਿ ਅੱਜ ਕੁਝ ਲੋਕ ਸ਼ਹੀਦਾਂ ਦੀਆਂ ਕੁਰਬਾਨੀਆਂ ਉਤੇ ਸਵਾਲ ਚੁੱਕ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹੀਦ ਦੇ ਦੇਸ਼ ਪ੍ਰਤੀ ਯੋਗਦਾਨ ਉਤੇ ਸਵਾਲ ਚੁੱਕਣ ਦਾ ਕਿਸੇ ਨੂੰ ਹੱਕ ਨਹੀਂ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਵੱਲੋਂ ਆਪਣੇ ਵਤਨ ਦੀ ਖਾਤਰ ਦਿੱਤੀ ਮਿਸਾਲੀ ਕੁਰਬਾਨੀ ਲਈ ਇਨ੍ਹਾਂ ਗੱਦਾਰਾਂ ਪਾਸੋਂ ਐਨ.ਓ.ਸੀ. ਲੈਣ ਦੀ ਲੋੜ ਨਹੀਂ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨ ਲਈ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੀ ਪੁਰਾਤਨ ਸ਼ਾਨ ਨੂੰ ਬਹਾਲ ਕਰਨਾ ਸਮੇਂ ਦੀ ਲੋੜ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਵਿਅਕਤੀ ਨਹੀਂ ਸਗੋਂ ਇਕ ਸੰਸਥਾ ਸਨ ਅਤੇ ਸਾਨੂੰ ਦੇਸ਼ ਦੀ ਤਰੱਕੀ ਲਈ ਉਨ੍ਹਾਂ ਦੇ ਰਸਤੇ ਉਤੇ ਚੱਲਣਾ ਚਾਹੀਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਮਿਸਾਲੀ ਕੁਰਬਾਨੀ ਨੌਜਵਾਨਾਂ ਨੂੰ ਦੇਸ਼ ਸੇਵਾ ਲਈ ਪ੍ਰੇਰਿਤ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਅੰਗਰੇਜ਼ਾਂ ਦੇ ਦਮਨਕਾਰੀ ਸ਼ਾਸਨ ਤੋਂ ਮੁਕਤ ਕਰਵਾਉਣ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਨੇ ਭ੍ਰਿਸ਼ਟਾਚਾਰ ਤੇ ਗਰੀਬੀ ਮੁਕਤ ਭਾਰਤ ਦੀ ਕਲਪਨਾ ਕੀਤੀ ਸੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਦੇਸ਼ ਅਜੇ ਵੀ ਇਨ੍ਹਾਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ।

ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਦੇ ਦਿਖਾਏ ਰਾਹ ਉਤੇ ਚੱਲਣ ਲਈ ਪ੍ਰਣ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਹ ਸੰਕਪਲ ਲੈਣਾ ਚਾਹੀਦਾ ਹੈ ਕਿ ਅਸੀਂ ਚੰਗੇ ਭਵਿੱਖ ਦੀ ਭਾਲ ਵਿਚ ਇਧਰ-ਉਧਰ ਜਾਣ ਦੀ ਬਜਾਏ ਇੱਥੇ ਰਹਿ ਕੇ ਆਪਣੇ ਸਿਸਟਮ ਵਿਚ ਸੁਧਾਰ ਕਰਾਂਗੇ। ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਏਗੀ।

ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਉਤੇ ਚਲਦਿਆਂ ਸੂਬਾ ਸਰਕਾਰ ਨੇ ਹੁਣ ਤੱਕ ਆਪਣੇ ਨੌਜਵਾਨਾਂ ਨੂੰ 36000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਇਸ ਪਵਿੱਤਰ ਧਰਤੀ ਤੋਂ ਮੁੱਖ ਮੰਤਰੀ ਵਜੋਂ ਹਲਫ਼ ਲੈਣ ਤੋਂ ਬਾਅਦ ਸਾਡੀ ਸਰਕਾਰ ਨੇ ਸਾਰੇ ਸਰਕਾਰੀ ਦਫ਼ਤਰਾਂ ਵਿੱਚੋਂ ਮੁੱਖ ਮੰਤਰੀ ਦੀਆਂ ਤਸਵੀਰਾਂ ਹਟਾ ਕੇ ਸ਼ਹੀਦ ਭਗਤ ਸਿੰਘ ਅਤੇ ਡਾ. ਬੀ.ਆਰ. ਅੰਬੇਦਕਰ ਦੀਆਂ ਤਸਵੀਰਾਂ ਲਗਾਈਆਂ।

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਭਰ ਵਿਚ ਅਤਿ-ਆਧੁਨਿਕ ਸਕੂਲ ਤੇ ਹਸਪਤਾਲ ਖੋਲ੍ਹੇ ਜਾ ਰਹੇ ਹਨ ਅਤੇ ਲੋਕਾਂ ਦੇ ਘਰਾਂ ਦੇ ਬਿਜਲੀ ਬਿੱਲ ਜ਼ੀਰੋ ਆ ਰਹੇ ਹਨ। ਇਸ ਤੋਂ ਇਲਾਵਾ ਪਿਛਲੇ 18 ਮਹੀਨਿਆਂ ਦੌਰਾਨ ਸੂਬੇ ਵਿਚ ਕਈ ਹੋਰ ਲੋਕ-ਪੱਖੀ ਤੇ ਵਿਕਾਸ ਪੱਖੀ ਪਹਿਲਕਦਮੀਆਂ ਕੀਤੀਆਂ ਗਈਆਂ ਹਨ।

Chief Minister Bhagwant Mann pays homage to Shaheed Bhagat SinghChief Minister Bhagwant Mann pays homage to Shaheed Bhagat Singh

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਇਤਿਹਾਸ ਵਿਚ ਪਹਿਲੀ ਵਾਰ ਪੰਜਾਬ ਨੂੰ ਝੋਨੇ ਦੇ ਆਗਾਮੀ ਸੀਜ਼ਨ ਲਈ 37 ਹਜ਼ਾਰ ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਟ (ਸੀ.ਸੀ.ਐਲ.) ਪ੍ਰਾਪਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਖ਼ਰੀਦ ਲਈ ਸੂਬਾ ਸਰਕਾਰ ਨੇ ਕੇਂਦਰ ਸਰਕਾਰ ਤੋਂ 42 ਹਜ਼ਾਰ ਕਰੋੜ ਦੀ ਸੀ.ਸੀ.ਐਲ. ਦੀ ਮੰਗ ਕੀਤੀ ਸੀ। ਭਗਵੰਤ ਸਿੰਘ ਮਾਨ ਨੇ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਝੋਨੇ ਦੇ ਦਾਣੇ-ਦਾਣੇ ਦੀ ਖ਼ਰੀਦ ਯਕੀਨੀ ਬਣਾਏਗੀ।ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਸੂਬੇ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਉੱਤਰੀ ਜ਼ੋਨਲ ਕੌਂਸਲ ਦੀ ਹਾਲ ਹੀ ਵਿਚ ਹੋਈ ਮੀਟਿੰਗ ਦੌਰਾਨ ਐਸ.ਵਾਈ.ਐਲ., ਚੰਡੀਗੜ੍ਹ ਤੇ ਸੂਬੇ ਨਾਲ ਸਬੰਧਤ ਹੋਰ ਮਸਲੇ ਜ਼ੋਰਦਾਰ ਢੰਗ ਨਾਲ ਉਠਾਏ ਹਨ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਸੂਬੇ ਦੇ ਹਿੱਤਾਂ ਦੀ ਰਾਖੀ ਕੀਤੀ ਜਾਵੇਗੀ, ਜਿਸ ਲਈ ਸਰਕਾਰ ਪਹਿਲਾਂ ਹੀ ਸਮਰਪਿਤ ਭਾਵਨਾ ਨਾਲ ਕੰਮ ਕਰ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਪੰਜਾਬ ਦੇ ਆਗੂਆਂ ਨੇ ਸੂਬੇ ਦੇ ਹਿੱਤਾਂ ਨਾਲੋਂ ਆਪਣੇ ਹਿੱਤਾਂ ਨੂੰ ਵੱਧ ਤਰਜੀਹ ਦੇ ਕੇ ਕਈ ਮੁੱਦਿਆਂ ਉਤੇ ਲੋਕਾਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਸਤਲੁਜ-ਯਮੁਨ ਲਿੰਕ (ਐਸ.ਵਾਈ.ਐਲ.) ਨਹਿਰ ਦੀ ਯੋਜਨਾ ਲਈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਗੁੜਗਾਓਂ ਵਿਚ ਪਲਾਟ ਮਿਲਿਆ, ਜਿੱਥੇ ਅੱਜ ਉਨ੍ਹਾਂ ਦਾ ਹੋਟਲ ਹੈ। ਭਗਵੰਤ ਸਿੰਘ ਮਾਨ ਨੇ ਇਹ ਵੀ ਕਿਹਾ ਕਿ ਆਪਣੇ ਆਪ ਨੂੰ ਪੰਜਾਬ ਦੇ ਪਾਣੀਆਂ ਦਾ ਰਾਖਾ ਦੱਸਣ ਵਾਲੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਪੂਰੀ ਵਿਚ ਐਸ.ਵਾਈ.ਐਲ. ਨਹਿਰ ਲਈ ਟੱਕ ਲਾਉਣ ਵਾਸਤੇ ਤਤਕਾਲੀ ਪ੍ਰਧਾਨ ਮੰਤਰੀ ਨੂੰ ਚਾਂਦੀ ਦੀ ਕਹੀ ਭੇਟ ਕੀਤੀ ਸੀ।

ਮੁੱਖ ਮੰਤਰੀ ਨੇ ਗੜ੍ਹਸ਼ੰਕਰ ਨੇੜੇ ਸ਼ਹੀਦ ਭਗਤ ਸਿੰਘ ਦੇ ਨਾਨਕੇ ਘਰ ਵਿਚ ਮੈਮੋਰੀਅਲ, ਲਾਇਬ੍ਰੇਰੀ ਅਤੇ ਹੋਰ ਯਾਦਗਾਰਾਂ ਦੇ ਨਿਰਮਾਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਵਿਚ ਮਿਊਜ਼ੀਅਮ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ, ਜਿਸ ਦਾ ਕੰਮ ਚੱਲ ਰਿਹਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਮਹਾਨ ਸ਼ਹੀਦ ਦੀ ਵਿਰਾਸਤ ਤੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਣੂੰ ਕਰਵਾਉਣ ਲਈ ਇਹ ਸਮੇਂ ਦੀ ਲੋੜ ਹੈ।

ਇਸ ਤੋਂ ਪਹਿਲਾਂ ਸੱਭਿਆਚਾਰਕ ਮਾਮਲੇ ਅਤੇ ਸੈਰ-ਸਪਾਟਾ ਮੰਤਰੀ ਅਨਮੋਲ ਗਗਨ ਮਾਨ ਨੇ ਪਤਵੰਤਿਆਂ ਦਾ ਸਵਾਗਤ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ, ਚੇਤਨ ਸਿੰਘ ਜੌੜੇਮਾਜਰਾ, ਬਲਕਾਰ ਸਿੰਘ, ਬ੍ਰਮ ਸ਼ੰਕਰ ਜਿੰਪਾ, ਹਰਭਜਨ ਸਿੰਘ ਈ.ਟੀ.ਓ., ਡਾ. ਬਲਜੀਤ ਕੌਰ ਅਤੇ ਕੁਲਦੀਪ ਸਿੰਘ ਧਾਲੀਵਾਲ, ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀ, ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅਤੇ ਹੋਰ ਵੀ ਹਾਜ਼ਰ ਸਨ।

ਇਸ ਮੌਕੇ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਕੁਮਾਰ ਅਮਿਤ, ਡਾਇਰੈਕਟਰ ਸੈਰ-ਸਪਾਟਾ ਰਵਿੰਦਰ ਕੁਮਾਰ ਸ਼ਰਮਾ, ਐਸ.ਬੀ.ਐਸ. ਨਗਰ ਦੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।

Location: India, Punjab, Nawan Shahr

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM

Punjab Flood Rescue Operation : ਲੋਕਾਂ ਦੀ ਜਾਨ ਬਚਾਉਣ ਲਈ ਪਾਣੀ 'ਚ ਉਤਰਿਆ ਫੌਜ ਦਾ 'HULK'

28 Aug 2025 2:55 PM

Gurdwara Sri Kartarpur Sahib completely submerged in water after heavy rain Pakistan|Punjab Floods

27 Aug 2025 3:16 PM

400 ਬੱਚਿਆਂ ਦੇ ਮਾਂ-ਪਿਓ ਆਏ ਕੈਮਰੇ ਸਾਹਮਣੇ |Gurdaspur 400 students trapped as floodwaters |Punjab Floods

27 Aug 2025 3:13 PM

'ਅਕਾਲੀਆਂ ਦੇ ਝੂਠ ਦਾ ਪਰਦਾਫ਼ਾਸ਼, Video Edit ਕਰਕੇ Giani harpreet singh ਨੂੰ ਕੀਤਾ ਗਿਆ ਬਦਨਾਮ'| Sukhbir Badal

24 Aug 2025 3:07 PM
Advertisement