
- ਘੜੂੰਆਂ ਗੋਲੀ ਕਾਂਡ ਵਿੱਚ ਪੁੱਛਗਿੱਛ ਲਈ ਕੁਰੂਕਸ਼ੇਤਰ ਤੋਂ ਟਰਾਂਜ਼ਿਟ ਰਿਮਾਂਡ ’ਤੇ ਲਿਆਂਦਾ
ਡੇਰਾਬੱਸੀ - ਮਸ਼ਹੂਰ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਸੀਆਈਏ ਸਟਾਫ਼ ਖਰੜ ਵੱਲੋਂ ਸਖ਼ਤ ਸੁਰੱਖਿਆ ਹੇਠ ਬੁੱਧਵਾਰ ਸ਼ਾਮ ਡੇਰਾਬੱਸੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਉਸ ਨੂੰ ਡੇਰਾਬੱਸੀ ਅਦਾਲਤ ਤੋਂ ਛੇ ਦਿਨ ਦੇ ਰਿਮਾਂਡ ’ਤੇ ਪੁਲਿਸ ਹਵਾਲੇ ਕਰ ਦਿੱਤਾ ਗਿਆ। ਭਗਵਾਨਪੁਰੀਆ 'ਤੇ ਦੋਸ਼ ਹੈ ਕਿ ਪਿਛਲੇ ਮਹੀਨੇ ਜ਼ੀਰਕਪੁਰ 'ਚ ਪੁਲਿਸ ਮੁਕਾਬਲੇ 'ਚ ਫੜੇ ਗਏ ਅਨਿਲ ਕੁਮਾਰ ਨੂੰ ਉਸ ਦੇ ਬੰੰਦਿਆਂ ਨੇ ਹਥਿਆਰ ਮੁਹੱਈਆ ਕਰਵਾਏ ਸਨ।
ਜਾਣਕਾਰੀ 29 ਅਗਸਤ ਨੂੰ ਜ਼ੀਰਕਪੁਰ ਦੇ 200 ਫੁੱਟ ਰੋਡ ਤੇ ਅਨਿਲ ਕੁਮਾਰ ਨੂੰ ਪੁਲਿਸ ਨੇ ਮੁਕਾਬਲੇ ਦੌਰਾਨ ਗ੍ਰਿਫ਼ਤਾਰ ਕੀਤਾ ਸੀ। ਜਿਸ ਵਿਚ ਅਨਿਲ ਕੁਮਾਰ ਦੀ ਲੱਤ ਵਿਚ ਗੋਲੀ ਵੀ ਲੱਗੀ ਸੀ। ਇਸ ਸਬੰਧੀ ਪੁਲਿਸ ਨੇ ਜ਼ੀਰਕਪੁਰ ਥਾਣੇ ਵਿਚ ਆਈਪੀਸੀ 307, 353 ਅਤੇ 186 ਅਤੇ ਅਸਲਾ ਐਕਟ ਤਹਿਤ ਐਫਆਈਆਰ ਨੰਬਰ 250 ਦਰਜ ਕੀਤੀ ਗਈ ਸੀ।
ਸੀਆਈਏ ਇੰਚਾਰਜ ਸ਼ਿਵ ਕੁਮਾਰ ਨੇ ਦੱਸਿਆ ਕਿ ਜੱਗੂ ਭਗਵਾਨਪੁਰੀਆ ਨੂੰ ਘੜੂੰਆਂ ਗੋਲੀ ਕਾਂਡ ਵਿਚ ਪੁੱਛਗਿੱਛ ਲਈ ਕੁਰੂਕਸ਼ੇਤਰ ਤੋਂ ਟਰਾਂਜ਼ਿਟ ਰਿਮਾਂਡ ’ਤੇ ਲਿਆਂਦਾ ਗਿਆ ਸੀ। ਉਸ ਨੇ ਅਮਰੀਕਾ ਬੈਠੇ ਅੰਮ੍ਰਿਤਪਾਲ ਤੋਂ ਹਥਿਆਰਾਂ ਦੀ ਖੇਪ ਗੋਲੀਬਾਰੀ ਦੇ ਦੋਸ਼ੀਆਂ ਤੱਕ ਪਹੁੰਚਾਈ ਸੀ। ਇਸੇ ਦੌਰਾਨ ਜ਼ੀਰਕਪੁਰ ਵਿੱਚ ਅਨਿਲ ਕੁਮਾਰ ਨਾਲ ਹੋਏ ਐਨਕਾਊਂਟਰ ਦੇ ਮਾਮਲੇ ਵਿਚ ਖੁਲਾਸਾ ਹੋਇਆ ਸੀ ਕਿ ਅਨਿਲ ਨੂੰ ਹਥਿਆਰ ਭਗਵਾਨਪੁਰੀਆ ਦੇ ਬੰਦਿਆਂ ਵੱਲੋਂ ਸਪਲਾਈ ਕੀਤੇ ਗਏ ਸਨ। ਇਸ ਸਬੰਧ ਵਿਚ ਜਦੋਂ ਉਸ ਨੂੰ ਡੇਰਾਬੱਸੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਤਾਂ ਉਸ ਦਾ 3 ਅਕਤੂਬਰ ਤੱਕ ਰਿਮਾਂਡ ਹਾਸਲ ਕੀਤਾ ਗਿਆ।