ਹਸਪਤਾਲ 'ਚ ਦੋ ਦੀ ਹਾਲਤ ਨਾਜ਼ੁਕ
ਚੰਡੀਗੜ੍ਹ: ਚੰਡੀਗੜ੍ਹ ਦੇ ਨਾਲ ਲੱਗਦੇ ਮੁਹਾਲੀ ਜ਼ਿਲ੍ਹੇ ਦੇ ਕੁਰਾਲੀ 'ਚ ਇਕ ਕੈਮੀਕਲ ਫੈਕਟਰੀ 'ਚ ਕੱਲ੍ਹ ਅੱਗ ਲੱਗਣ ਕਾਰਨ ਪੰਜ ਔਰਤਾਂ ਨੂੰ ਮੁਹਾਲੀ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚੋਂ 2 ਔਰਤਾਂ ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਫਿਲਹਾਲ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਤਿੰਨ ਔਰਤਾਂ ਮੁਹਾਲੀ ਦੇ ਫੇਜ਼ 6 ਸਥਿਤ ਹਸਪਤਾਲ ਵਿਚ ਜ਼ੇਰੇ ਇਲਾਜ ਹਨ, ਜਿਨ੍ਹਾਂ ਦੀ ਹਾਲਤ ਹੁਣ ਠੀਕ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਮੰਡੀ ਜਾ ਰਹੇ ਫਲ ਵਿਕਰੇਤਾ ਤੋਂ ਲੁੱਟ-ਖੋਹ, ਪਤਾ ਪੁੱਛਣ ਦੇ ਬਹਾਨੇ ਲੁੱਟੀ ਨਕਦੀ
ਫੈਕਟਰੀ ਵਿਚ ਕੰਮ ਕਰਨ ਵਾਲੀਆਂ ਤਿੰਨ ਮਹਿਲਾ ਮਜ਼ਦੂਰ ਅਜੇ ਵੀ ਲਾਪਤਾ ਹਨ। ਪ੍ਰਸ਼ਾਸਨ ਉਨ੍ਹਾਂ ਦੀ ਭਾਲ ਕਰ ਰਿਹਾ ਹੈ। ਇਹ ਹਾਦਸਾ ਕੈਮੀਕਲ ਫੈਕਟਰੀ ਵਿਚ ਕੱਲ ਸਾਢੇ ਗਿਆਰਾਂ ਵਜੇ ਵਾਪਰਿਆ। ਫੈਕਟਰੀ ਅੰਦਰ ਕੈਮੀਕਲ ਹੋਣ ਕਾਰਨ ਅੱਗ ਕਾਫੀ ਫੈਲ ਗਈ ਸੀ। ਪ੍ਰਸ਼ਾਸਨ ਵੱਲੋਂ ਰਾਤ 8 ਵਜੇ ਦੇ ਕਰੀਬ ਇਸ ’ਤੇ ਕਾਬੂ ਪਾ ਲਿਆ ਗਿਆ ਸੀ ਪਰ ਫੈਕਟਰੀ ਅੰਦਰ ਅਤੇ ਆਲੇ-ਦੁਆਲੇ ਦਾ ਤਾਪਮਾਨ ਬਹੁਤ ਜ਼ਿਆਦਾ ਹੋਣ ਕਾਰਨ ਕੱਲ੍ਹ ਬਚਾਅ ਕਾਰਜ ਨਹੀਂ ਹੋ ਸਕਿਆ। ਫਿਲਹਾਲ ਫਾਇਰ ਬ੍ਰਿਗੇਡ ਦੀ ਟੀਮ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਫੈਕਟਰੀ ਦਾ ਨਿਰੀਖਣ ਕੀਤਾ ਜਾ ਰਿਹਾ ਹੈ। ਉਸ ਤੋਂ ਬਾਅਦ ਇੱਥੇ ਸਰਚ ਅਭਿਆਨ ਚਲਾਇਆ ਜਾਵੇਗਾ।
ਇਹ ਵੀ ਪੜ੍ਹੋ: ਪਾਕਿਸਤਾਨ 'ਚ ਹਿੰਦੂ ਨਬਾਲਗਾਂ 'ਤੇ ਅੱਤਿਆਚਾਰੀ ਜਾਰੀ, ਇਕ ਹਫ਼ਤੇ ਵਿਚ 3 ਲੜਕੀਆਂ ਅਗਵਾ
ਇਸ ਫੈਕਟਰੀ ਵਿਚ ਕਈ ਮਜ਼ਦੂਰਾਂ ਦੇ ਫਸੇ ਹੋਣ ਦੀ ਸੰਭਾਵਨਾ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਇਸ ਫੈਕਟਰੀ ਵਿਚ ਕੰਮ ਕਰਨ ਵਾਲੇ ਜ਼ਿਆਦਾਤਰ ਮਜ਼ਦੂਰ ਪਰਵਾਸੀ ਹਨ। ਘਟਨਾ ਦੇ ਸਮੇਂ ਇਸ ਫੈਕਟਰੀ ਵਿੱਚ ਕਰੀਬ 25 ਮਜ਼ਦੂਰ ਕੰਮ ਕਰ ਰਹੇ ਸਨ। ਇਨ੍ਹਾਂ ਵਿੱਚੋਂ 12 ਦੇ ਕਰੀਬ ਮਹਿਲਾ ਮਜ਼ਦੂਰ ਸਨ। ਕਈ ਮਜ਼ਦੂਰ ਅਜਿਹੇ ਹਨ ਜੋ ਆਪਣੇ ਪੂਰੇ ਪਰਿਵਾਰ ਸਮੇਤ ਇਸ ਫੈਕਟਰੀ ਵਿੱਚ ਕੰਮ ਕਰਦੇ ਸਨ। ਜੇਕਰ ਪੂਰਾ ਪਰਿਵਾਰ ਲਾਪਤਾ ਹੈ ਤਾਂ ਉਨ੍ਹਾਂ ਨੂੰ ਲੱਭਣ ਲਈ ਕੋਈ ਨਹੀਂ ਆਇਆ ਹੋਵੇਗਾ। ਅਜਿਹੇ 'ਚ ਫੈਕਟਰੀ ਦੇ ਅੰਦਰ ਕਈ ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ।