
Punjab News: ਪਿੰਡ ਨਮਾਦਾ ਵਿਖੇ ਧਾਰਮਿਕ ਸਥਾਨ ’ਤੇ ਮੱਥਾ ਟੇਕ ਕੇ ਪਰਤ ਰਹੇ ਸੀ ਦੋਵੇਂ
Punjab News: ਪਟਿਆਲਾ ਦੇ ਪਿੰਡ ਨਮਾਦਾ ਵਿਖੇ ਮੱਥਾ ਟੇਕ ਕੇ ਪਰਤ ਰਹੇ ਦੋ ਵਿਅਕਤੀਆਂ ਦੀ ਮੌਤ ਹੋ ਗਈ। ਇਸ ਸਬੰਧੀ ਪੁਲਸ ਨੇ ਦੋ ਵਾਹਨ ਚਾਲਕਾਂ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ।
ਵੱਖ-ਵੱਖ ਸੜਕ ਹਾਦਸਿਆਂ ਵਿਚ ਲੁਹਾਰ ਮਾਜਰਾ ਦੇ ਗੁਰਪ੍ਰਤਾਪ ਸਿੰਘ ਤੇ ਭੱਟੀਵਾਲ ਕਲਾਂ ਦੇ ਕਰਨੈਲ ਸਿੰਘ ਦੀ ਮੌਤ ਹੋ ਗਈ।
ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਦੇ ਸਹਾਇਕ ਸਬ ਇੰਸਪੈਕਟਰ ਚਮਕੌਰ ਸਿੰਘ ਨੇ ਦੱਸਿਆ ਕਿ ਬਲਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਲੁਹਾਰ ਮਾਜਰਾ ਨਾਭਾ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦਾ ਭਰਾ ਗੁਰਪ੍ਰਤਾਪ ਸਿੰਘ ਲੰਘੇ 25 ਸਤੰਬਰ ਨੂੰ ਪਿੰਡ ਨਮਾਦਾ ਵਿਖੇ ਮੱਥਾ ਟੇਕ ਕੇ ਆਪਣੇ ਮੋਟਰਸਾਈਕਲ ਰਾਹੀਂ ਵਾਪਸ ਆਪਣੇ ਪਿੰਡ ਲੁਹਾਰ ਮਾਜਰਾ ਨੂੰ ਪਰਤ ਰਿਹਾ ਸੀ।
ਪੜ੍ਹੋ ਇਹ ਖ਼ਬਰ: Cultivating: ਕਿਸਾਨ ਕਰਨ ਚਿੱਟੇ ਬੈਂਗਣਾਂ ਦੀ ਖੇਤੀ, ਵਿਦੇਸ਼ਾਂ ਤਕ ਹੈ ਚਿੱਟੇ ਬੈਂਗਣਾਂ ਦੀ ਮੰਗ
ਇਸ ਦੌਰਾਨ ਰਸਤੇ ’ਚ ਪਿੰਡ ਮਾਝਾ ਵਿਖੇ ਪੁਲੀ ਤੋਂ ਥੋੜਾ ਅੱਗੇ ਇਕ ਤੇਜ਼ ਰਫਤਾਰ ਸਵਿਫਟ ਕਾਰ ਦੇ ਚਾਲਕ ਨੇ ਉਸ ਦੇ ਭਰਾ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਅਤੇ ਉਸ ਦਾ ਭਰਾ ਸੜਕ ’ਤੇ ਡਿੱਗ ਪਿਆ।
ਇਸ ਦੌਰਾਨ ਪਿੱਛੋਂ ਆ ਰਹੀ ਇਕ ਫਾਰਚੂਨਰ ਕਾਰ ਉਸ ਦੇ ਭਰਾ ਦੇ ਉਪਰ ਚੜ੍ਹ ਗਈ ਤੇ ਸਵਿਫਟ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ, ਜਿਸ ਕਾਰਨ ਇਸ ਹਾਦਸੇ ’ਚ ਉਸ ਦਾ ਭਰਾ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ ਅਤੇ ਮੋਟਰਸਾਈਕਲ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ।
ਜ਼ਖ਼ਮੀ ਹੋਏ ਗੁਰਪ੍ਰਤਾਪ ਸਿੰਘ ਨੂੰ ਇਲਾਜ ਲਈ ਪਟਿਆਲਾ ਦੇ ਇਕ ਨਿੱਜੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਬਲਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਸਵਿਫਟ ਕਾਰ ਦੇ ਅਣਪਛਾਤੇ ਚਾਲਕ ਵਿਰੁਧ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਕ ਹੋਰ ਮਾਮਲੇ ’ਚ ਜਗਸੀਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਭੱਟੀਵਾਲ ਕਲਾਂ ਨੇ ਸਥਾਨਕ ਪੁਲਿਸ ਨੂੰ ਕੀਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦਾ ਪਿਤਾ ਕਰਨੈਲ ਸਿੰਘ ਜਦੋਂ ਪਿੰਡ ਨਮਾਦਾ ਵਿਖੇ ਮੱਥਾ ਟੇਕ ਕੇ ਆਪਣੇ ਮੋਟਰਸਾਈਕਲ ਰਾਹੀਂ ਪਿੰਡ ਕਾਲਾਝਾੜ ਨੂੰ ਜਾ ਰਹੇ ਸਨ। ਇਸ ਦੌਰਾਨ ਕਾਲਾਝਾੜ ਕੱਟ ਨਜ਼ਦੀਕ ਇਕ ਤੇਜ਼ ਰਫ਼ਤਾਰ ਬੁਲੇਟ ਮੋਟਰਸਾਈਕਲ ਨੇ ਆਪਣਾ ਮੋਟਰਸਾਈਕਲ ਪਿੱਛੋਂ ਲਿਆ ਕੇ ਉਸ ਦੇ ਪਿਤਾ ਦੇ ਮੋਟਰਸਾਈਕਲ ’ਚ ਮਾਰਿਆ।
ਇਸ ਕਾਰਨ ਉਸ ਦੇ ਪਿਤਾ ਅਤੇ ਭੈਣ ਦੋਵੇਂ ਸੜਕ ’ਤੇ ਡਿੱਗ ਪਏ ਅਤੇ ਉਨ੍ਹਾਂ ਦੇ ਕਾਫ਼ੀ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਇਲਾਜ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਭਰਤੀ ਕਰਵਾਇਆ ਗਿਆ ਜਿਥੇ ਇਲਾਜ ਦੌਰਾਨ ਉਸ ਦੇ ਪਿਤਾ ਕਰਨੈਲ ਸਿੰਘ ਦੀ ਮੌਤ ਹੋ ਗਈ। ਪੁਲਿਸ ਨੇ ਜਗਸੀਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਬੁਲੇਟ ਮੋਟਰਸਾਈਕਲ ਚਾਲਕ ਰੋਹਿਤ ਜਿੰਦਲ ਵਾਸੀ ਰੇਲਵੇ ਰੋਡ ਸੁਨਾਮ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।