
ਮੁਲਾਕਾਤ ਮਗਰੋਂ ਸਿੱਧੂ, ਬੈਂਸ, ਖਹਿਰਾ ਤੇ ਢੀਂਡਸਾ ਵਲੋਂ ਤੀਸਰਾ ਮੋਰਚਾ ਬਣਾਉਣ ਦੀਆਂ ਕਿਆਸ ਆਰਾਈਆਂ ਸ਼ੁਰੂ
ਬਰਨਾਲਾ, 27 ਅਕਤੂਬਰ (ਹਰਜਿੰਦਰ ਸਿੰਘ ਪੱਪੂ) : ਪਿਛਲੇ ਦਿਨੀਂ ਦੋ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਦਿੱਗਜ਼ ਨੌਜਵਾਨ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਅਤੇ ਸੁਖਪਾਲ ਸਿੰਘ ਖਹਿਰਾ 'ਚ ਹੋਈ ਮੁਲਾਕਾਤ ਤੋਂ ਬਾਅਦ ਕਈ ਤਰ੍ਹਾਂ ਦੇ ਰਾਜਨੀਤਕ ਚਰਚੇ ਸ਼ੁਰੂ ਹੋ ਚੁੱਕੇ ਹਨ। ਲੰਮਾ ਸਮਾਂ ਸ਼੍ਰੋਮਣੀ ਅਕਾਲੀ ਦਲ ਵਿਚ ਰਹਿ ਕੇ ਪਿਛਲੇ ਸਮੇਂ ਦੌਰਾਨ ਅਕਾਲੀ ਦਲ ਤੋਂ ਵੱਖ ਹੋ ਕੇ ਅਪਣਾ ਵੱਖਰਾ ਡੈਮੋਕ੍ਰੈਟਿਕ ਅਕਾਲੀ ਦਲ ਬਣਾਉਣ ਵਾਲੇ ਢੀਂਡਸਾ ਪਰਵਾਰ ਵਲੋਂ 2022 ਦੀਆਂ ਚੋਣਾਂ ਨੂੰ ਮੁੱਖ ਰਖਦਿਆਂ ਅਕਾਲੀ ਦਲ ਤੇ ਕਾਂਗਰਸ ਵਿਰੋਧੀ ਪਾਰਟੀਆਂ ਨਾਲ ਰਾਬਤਾ ਸ਼ੁਰੂ ਕੀਤਾ ਹੈ ਤਾਂ ਕਿ ਤੀਸਰੀ ਰਾਜਨੀਤੀ ਧਿਰ ਬਣਾ ਕੇ ਇਨ੍ਹਾਂ ਪਾਰਟੀਆਂ ਨੂੰ ਮਾਤ ਦਿਤੀ ਜਾ ਸਕੇ।
ਪਰਮਿੰਦਰ ਸਿੰਘ ਢੀਂਡਸਾ ਤੇ ਖਹਿਰਾ ਦੀ ਮੁਲਾਕਾਤ ਤੋਂ ਬਾਅਦ ਤੀਸਰੇ ਮੋਰਚੇ ਦੇ ਹੋਂਦ ਵਿਚ ਆਉਣ ਦੇ ਅਨੁਮਾਨ ਲੱਗਣੇ ਸ਼ੁਰੂ ਹੋ ਚੁੱਕੇ ਹਨ। ਰਾਜਸੀ ਜਾਣਕਾਰਾਂ ਦਾ ਮੰਨਣਾ ਹੈ ਕਿ ਅਗਰ ਪੰਜਾਬ ਦੇ ਚਾਰ ਕਦਾਵਾਰ ਤੇ ਲੋਕਾਂ ਦੇ ਹਰਮਨ ਪਿਆਰੇ ਆਗੂ ਨਵਜੋਤ ਸਿੰਘ ਸਿੱਧੂ, ਸਿਮਰਨਜੀਤ ਸਿੰਘ ਬੈਂਸ, ਸੁਖਪਾਲ ਸਿੰਘ ਖਹਿਰਾ ਤੇ ਪਰਮਿੰਦਰ ਸਿੰਘ ਢੀਂਡਸਾ ਇੱਕਠੇ ਹੋ ਕੇ ਤੀਸਰਾ ਬਦਲ ਦੇਣ ਲਈ ਰਾਜਸੀ ਮੈਦਾਨ 'ਚ ਉਤਰ ਸਕਦੇ ਹਨ।
ਬਾਦਲਾਂ ਦੀ ਅਗਵਾਈ ਵਾਲਾ ਅਕਾਲੀ ਦਲ ਅਜੇ ਤਕ ਬੇਅਦਬੀ ਤੋਂ ਉਭਰ ਨਹੀਂ ਸਕਿਆ ਜਦਕਿ ਵੱਡੇ-ਵੱਡੇ ਨਾ ਪੂਰੇ ਹੋਣ ਵਾਲੇ ਵਾਅਦਿਆਂ ਦੇ ਤਹਿਤ ਸੱਤਾ ਹਾਸਲ ਕਰਨ ਵਾਲੀ ਕਾਂਗਰਸ ਦੇ ਕਾਰਜਕਾਲ ਤੋਂ ਪੰਜਾਬ ਦੇ ਲੋਕ ਸੰਤੁਸ਼ਟ ਨਹੀਂ। 2017 'ਚ 20 ਸੀਟਾਂ ਜਿੱਤਣ ਵਾਲੀ ਆਮ ਆਦਮੀ ਪਾਰਟੀ ਦੇ ਹੱਕ ਵਿਚ ਪਿਛਲੀ ਵਾਰ ਦੀ ਤਰ੍ਹਾਂ ਚੱਲੀ ਹਨ੍ਹੇਰੀ ਇਸ ਵਾਰ ਉਹ ਹਵਾ ਕਿਤੇ ਦਿਖਾਈ ਨਹੀਂ ਦੇ ਰਹੀ ਜਦਕਿ ਕਰੋੜਾਂ ਰੁਪਏ ਭੇਜਣ ਵਾਲੇ ਵਿਦੇਸ਼ਾਂ ਵਿਚ ਬੈਠੇ ਪੰਜਾਬੀਆਂ ਨੇ ਵੀ ਇਸ ਪਾਰਟੀ ਤੋਂ ਹੱਥ ਪਿਛੇ ਖਿੱਚ ਲਏ ਹਨ।
ਨਵਜੋਤ ਸਿੰਘ ਸਿੱਧੂ ਰਾਜਨੀਤੀ ਵਿਚ ਡੱਕ-ਡੋਲੇ ਖਾ ਰਹੇ ਹਨ ਅਗਰ
ਸਿੱਧੂ ਉਕਤ ਤਿੰਨੇ ਤੇਜ਼ ਤਰਾਰ ਆਗੂਆਂ ਨਾਲ ਹੱਥ ਮਿਲਾਉਂਦੇ ਹਨ ਤਾਂ ਕਾਂਗਰਸ ਪਾਰਟੀ ਲਈ ਤਕੜਾ ਝਟਕਾ ਹੋਵੇਗਾ ਕਿਉਂਕਿ ਕਈ ਕਾਂਗਰਸੀ ਵਿਧਾਇਕ ਤੇ ਆਗੂ ਸਿੱਧੂ ਦੇ ਪਾਲੇ ਵਿਚ ਆ ਸਕਦੇ ਹਨ। ਹਰ ਮੁੱਦੇ 'ਤੇ ਖੁਲ੍ਹ ਕੇ ਬੋਲਣ ਵਾਲੇ ਤੇ ਹਰ ਪੀੜਤ ਨਾਲ ਖੜ੍ਹਣ ਵਾਲੇ ਸੁਖਪਾਲ ਸਿੰਘ ਖਹਿਰਾ ਦਾ ਰਾਜਸੀ ਭਵਿੱਖ ਫਿਲਹਾਲ ਡਿੱਕ-ਡੋਲੇ ਖਾ ਰਿਹਾ ਹੈ।
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਤਕਰੀਬਨ 4 ਦਹਾਕੇ ਨਾਲ ਰਹਿਣ ਵਾਲੇ ਸੁਖਦੇਵ ਸਿੰਘ ਢੀਂਡਸਾ ਦੇ ਹੋਣਹਾਰ ਸਪੁੱਤਰ ਪਰਮਿੰਦਰ ਸਿੰਘ ਢੀਂਡਸਾ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਚਾਰ ਵਾਰ ਵਿਧਾਇਕ ਬਣ ਕੇ ਅਕਾਲੀ ਸਰਕਾਰ 'ਚ ਲੰਮਾ ਸਮਾਂ ਕੈਬਨਿਟ ਵਜ਼ੀਰ ਰਹਿਣ ਵਾਲੇ ਇਸ ਨੌਜਵਾਨ ਆਗੂ ਦਾ ਹਰ ਵਰਗ 'ਚ ਚੰਗਾ ਪ੍ਰਭਾਵ ਹੈ ਪਰ ਅਗਰ ਇਕੱਲੇ ਚੋਣ ਮੈਦਾਨ 'ਚ ਉਤਰਦੇ ਹਨ ਤਾਂ ਸਫ਼ਲਤਾ ਮਿਲਣੀ ਅਸੰਭਵ ਹੈ।
ਹਮੇਸ਼ਾ ਸੁਰਖ਼ੀਆਂ 'ਚ ਰਹਿਣ ਵਾਲੇ ਬੈਂਸ ਭਰਾਵਾਂ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਦੂਜੀ ਵਾਰ ਵਿਧਾਇਕ ਬਨਣ ਵਾਲੇ ਸਿਮਰਨਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਦੀ ਲੋਕ ਇਨਸਾਫ਼ ਪਾਰਟੀ ਨੂੰ ਵੀ ਇੱਕਲਿਆ ਸਫ਼ਲਤਾ ਮਿਲਦੀ ਦਿਖਾਈ ਨਹੀਂ ਦੇ ਰਹੀ। ਉਕਤ ਚਾਰੇ ਆਗੂ ਪੰਜਾਬ ਦੇ ਲੋਕਾਂ ਦੀ ਨਬਜ਼ ਨੂੰ ਪਛਾਣਦੇ ਹੋਏ ਅਪਣੀ ਵੱਖਰੀ-ਵੱਖਰੀ ਡਫ਼ਲੀ ਵਜਾਉਣ ਦੀ ਬਜਾਏ ਇੱਕਠੇ ਹੋ ਕੇ 2022 ਦੀਆਂ ਚੋਣਾਂ 'ਚ ਉਤਰਦੇ ਹਨ ਤਾਂ ਰਾਜਨੀਤੀ 'ਚ ਨਵਾਂ ਕ੍ਰਿਸ਼ਮਾ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਹੁਣ ਦੇਖimageਣਾ ਹੋਵੇਗਾ ਕਿ ਚਾਰੇ ਆਗੂ ਆਉਣ ਵਾਲੇ ਦਿਨਾਂ ਵਿਚ ਇੱਕਠੇ ਦਿਖਾਈ ਦੇਣਗੇ ਜਾਂ ਫਿਰ ਅਕਾਲੀ ਤੇ ਕਾਂਗਰਸ ਵਾਲੀ ਡਫ਼ਲੀ ਹੀ ਵੱਜਦੀ ਦਿਖਾਈ ਦੇਵੇਗੀ ਇਸ ਉਪਰ ਲੋਕਾਂ ਦੀਆਂ ਨਜ਼ਰਾਂ ਰਹਿਣਗੀਆਂ।
27---1ਏ