
ਹਰਸਿਮਰਤ ਕੌਰ ਬਾਦਲ ਨੇ ਬੋਲਿਆ ਮੋਦੀ ਸਰਕਾਰ 'ਤੇ ਹਮਲਾ
ਬਠਿੰਡਾ (ਸੁਖਜਿੰਦਰ ਮਾਨ): ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅਪਣੀ ਸਾਬਕਾ ਭਾਈਵਾਲ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ 'ਤੇ ਸਿਆਸੀ ਹਮਲਾ ਬੋਲਦਿਆਂ ਕੇਂਦਰ ਉਪਰ ਸੂਬਿਆਂ ਦਾ ਵਿੱਤੀ ਤੌਰ 'ਤੇ ਗਲਾ ਘੁਟਣ ਦਾ ਦੋਸ਼ ਲਗਾਇਆ ਹੈ। ਅੱਜ ਅਪਣੇ ਫੇਸਬੁੱਕ ਅਕਾਊਂਟ ਉਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਪਰ ਸਿੱਧੇ ਨਿਸ਼ਾਨੇ ਲਗਾਉਂਦਿਆਂ ਬੀਬੀ ਬਾਦਲ ਨੇ ਦਾਅਵਾ ਕੀਤਾ ਕਿ ''ਸੂਬਿਆਂ 'ਤੇ ਭਾਰ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਉਨ੍ਹਾਂ ਦਾ ਮਾਲੀਆ ਘਟਦਾ ਜਾ ਰਿਹਾ ਹੈ।''
Harsimrat Kaur Badal
ਉਨ੍ਹਾਂ ਕਿਹਾ ਕਿ ਜੀਐਸਟੀ ਦਾ ਪਹਿਲਾਂ ਹੀ ਮਤਲਬ ਇਹ ਹੈ ਕਿ ਉਹ ਪੂਰੀ ਤਰ੍ਹਾਂ ਕੇਂਦਰ 'ਤੇ ਨਿਰਭਰ ਹਨ ਅਤੇ ਰਾਜਾਂ ਨੂੰ ਰਾਖਵੇਂ ਫ਼ੰਡਾਂ ਲਈ ਵੀ ਉਡੀਕ ਕਰਨੀ ਪੈਂਦੀ ਹੈ। ਬੀਬੀ ਬਾਦਲ ਨੇ ਕਿਹਾ ਕਿ ਹਿੱਸੇਦਾਰੀ ਵਿਚ ਕਟੌਤੀ ਨਾਲ ਸੂਬਿਆਂ ਅੰਦਰ ਆਰਥਕ ਗਤੀਵਿਧੀਆਂ ਵਿਚ ਖੜੋਤ ਆਵੇਗੀ।
PM Modi
ਉਨ੍ਹਾਂ ਦੋਸ਼ ਲਗਾਉਂਦਿਆਂ ਕਿਹਾ,“ਲਗਦਾ ਹੈ ਕਿ ਕੇਂਦਰ ਪੰਜਾਬ ਨੂੰ ਨਿਚੋੜਨ 'ਤੇ ਤੁਲਿਆ ਹੋਇਆ ਹੈ, ਪਹਿਲਾਂ ਕਿਸਾਨ ਮਾਰੂ ਬਿਲਾਂ ਨਾਲ, ਫ਼ਿਰ ਮਾਲ ਦੀਆਂ ਗੱਡੀਆਂ ਰੋਕ ਕੇ ਤੇ ਹੁਣ ਕੁੱਲ ਟੈਕਸਾਂ 'ਚ ਸੂਬੇ ਦਾ ਹਿੱਸਾ ਘਟਾ ਕੇ। “ ਇਨ੍ਹਾਂ ਹਰਕਤਾਂ ਨਾਲ ਪੰਜਾਬ ਆਰਥਿਕ ਤੌਰ 'ਤੇ ਅਪੰਗ ਹੋ ਰਿਹਾ ਹੈ ਅਤੇ ਖਤਰਨਾਕ ਢੰਗ ਨਾਲ ਕੇਂਦਰ ਇਸ ਨੂੰ ਉਜਾੜੇ ਦੀ ਕਗਾਰ ਵੱਲ੍ਹ ਧੱਕ ਰਿਹਾ ਹੈ।
Shiromani Akali Dal
ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਚੰਗਾ ਹੋਵੇਗਾ ਕੇਂਦਰ ਰਾਜਾਂ ਦੇ ਮਾਲੀਏ 'ਚ ਹੋਰ ਕਮੀ ਦਾ ਵਿਚਾਰ ਛੱਡ ਦੇਵੇ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਲਈ ਸੂਬਿਆਂ ਨੂੰ 50% ਤੋਂ ਵੱਧ ਹਿੱਸੇਦਾਰੀ ਦੀ ਲੋੜ ਹੁੰਦੀ ਹੈ। ਬੀਬੀ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਪਰ ਸੂਬਿਆ ਦੀ ਖੁਦਮੁਖਤਾਰੀ ਨੂੰ ਖੋਰਾ ਲਗਾਉਣ ਦਾ ਦੋਸ ਲਗਾਉਦਿਆ ਕਿਹਾ ਕਿ “ਗੁਜਰਾਤ ਦੇ ਮੁੱਖ ਮੰਤਰੀ ਵਜੋਂ ਪ੍ਰਧਾਨ ਮੰਤਰੀ ਮੋਦੀ ਜੀ ਨੇ ਸਦਾ ਵਿੱਤੀ ਖ਼ੁਦਮੁਖਤਿਆਰੀ ਅਤੇ ਸੂਬਿਆਂ ਲਈ ਵਧੇਰੇ ਹਿੱਸੇਦਾਰੀ ਦੀ ਮੰਗ ਕੀਤੀ। ਪਰ ਹੁਣ ਦਫ਼ਤਰ ਬਦਲਣ ਨਾਲ ਦਿਲ ਕਿਉਂ ਬਦਲ ਗਿਆ ?““