
ਤਿਉਹਾਰਾਂ ਦੇ ਮੌਸਮ ਦੇ ਮੱਦੇਨਜ਼ਰ ਲੋਕਾਂ ਨੂੰ ਵਧੇਰੇ ਜਾਗਰੂਕ ਕਰਨ ਲਈ "ਪੰਜਾਬ ਹੈਲਥ ਰਿਸਪਾਂਸ ਟੂ ਕੋਵਿਡ -19: ਐਪਰੋਪ੍ਰੀਏਟ ਬਿਹੇਵੀਅਰ" ਸਿਰਲੇਖ ਹੇਠ ਮੁਹਿੰਮ ਸ਼ੁਰੂ
ਚੰਡੀਗੜ੍ਹ: ਪੰਜਾਬ ਦੇ ਸਾਰੇ ਸ਼ੂਗਰ ਅਤੇ ਹਾਈਪਰਟੈਨਸ਼ਨ ਮਰੀਜ਼ਾਂ ਵਿੱਚ ਰੋਕਥਾਮ ਉਪਾਅ ਅਪਣਾਉਣ, ਖੁਰਾਕ ਅਤੇ ਕਸਰਤ ਸਬੰਧੀ ਜਾਗਰੂਕਤਾ ਫੈਲਾਉਣ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਇਹਨਾਂ ਮਰੀਜ਼ਾਂ ਨੂੰ ਪੱਤਰ ਲਿਖੇ ਹਨ। ਇਸ ਸਬੰਧੀ ਇੱਕ ਪ੍ਰੈਸ ਬਿਆਨ ਵਿੱਚ ਜਾਣਕਾਰੀ ਦਿੰਦਿਆਂ ਸ. ਸਿੱਧੂ ਨੇ ਕਿਹਾ ਕਿ ਇਸ ਗੱਲ ਨੂੰ ਵਿਚਾਰਦਿਆਂ ਕਿ ਸਿਰਫ਼ ਜਾਗਰੂਕਤਾ ਤੇ ਰੋਕਥਾਮ ਹੀ ਕੋਰੋਨਾ ਵਾਇਰਸ ਦਾ ਇਲਾਜ ਹੈ, ਜਿਸ ਲਈ ਉਨ੍ਹਾਂ ਨੇ ਪੱਤਰ ਭੇਜ ਕੇ ਮਰੀਜ਼ਾਂ ਨਾਲ ਨਿੱਜੀ ਤੌਰ ‘ਤੇ ਗੱਲਬਾਤ ਕਰਨ ਦਾ ਫੈਸਲਾ ਵੀ ਕੀਤਾ ਹੈ।
Balbir Singh Sidhu
ਇਸ ਪੱਤਰ ਵਿੱਚ ਰੋਕਥਾਮ ਉਪਾਵਾਂ ਸਮੇਤ ਸ਼ੂਗਰ ਅਤੇ ਹਾਈਪਰਟੈਨਸ਼ਨ ਦੇ ਲੱਛਣਾਂ ਤੋਂ ਇਲਾਵਾ, ਸਿਹਤਮੰਦ ਅਤੇ ਬਿਮਾਰੀ-ਰਹਿਤ ਜ਼ਿੰਦਗੀ ਜੀਉਣ ਲਈ ਸਾਰੀ ਜ਼ਰੂਰੀ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ, ਵਿਸ਼ੇਸ਼ ਤੌਰ 'ਤੇ ਸਹਿ-ਬਿਮਾਰੀ ਨਾਲ ਜੂਝ ਰਹੇ ਲੋਕਾਂ ਨੂੰ ਜਾਗਰੂਕ ਕਰਨ ਲਈ "ਪੰਜਾਬ ਹੈਲਥ ਰਿਸਪਾਂਸ ਟੂ ਕੋਵਿਡ -19: ਐਪਰੋਪ੍ਰੀਏਟ ਬਿਹੇਵੀਅਰ" ਸਿਰਲੇਖ ਹੇਠ ਮੁਹਿੰਮ ਵੀ ਸ਼ੁਰੂ ਕੀਤੀ ਹੈ।
Balbir Singh Sidhu
ਸਿਹਤ ਮੰਤਰੀ ਨੇ ਅੱਗੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਗੈਰ-ਸੰਚਾਰਿਤ ਰੋਗਾਂ ਦੀ ਜਾਂਚ ਲਈ ਸਕ੍ਰੀਨਿੰਗ ਪ੍ਰੋਗਰਾਮ ਵੀ ਚਲਾਏ ਜਾ ਰਹੇ ਹਨ ਜਿਸ ਤਹਿਤ 20 ਲੱਖ ਵਿਅਕਤੀਆਂ ਦੀ ਹਾਈਪਰਟੈਨਸ਼ਨ ਅਤੇ 11.5 ਲੱਖ ਦੀ ਸ਼ੂਗਰ ਰੋਗ ਲਈ ਜਾਂਚ ਕੀਤੀ ਗਈ ਹੈ। ਇਸ ਤੋਂ ਇਲਾਵਾ, 17 ਲੱਖ ਵਿਅਕਤੀਆਂ ਦੀ ਮੂੰਹ, ਛਾਤੀ ਅਤੇ ਬੱਚੇਦਾਨੀ ਦੇ ਕੈਂਸਰ ਸਬੰਧੀ ਜਾਂਚ ਕੀਤੀ ਗਈ ਹੈ।
Balbir Singh Sidhu
ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਕੋਰੋਨਾਵਾਇਰਸ ਦੇ ਐਕਟਿਵ ਕੇਸਾਂ ਦੀ ਗਿਣਤੀ ਵੀ ਤੇਜ਼ੀ ਨਾਲ ਘਟਣ ਦੇ ਬਾਵਜੂਦ ਵੀ ਸਿਵਲ ਸਰਜਨਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਮਾਸਕ ਪਹਿਨਣ, ਜਨਤਕ ਥਾਵਾਂ 'ਤੇ ਸਰੀਰਕ ਦੂਰੀ ਦੀ ਪਾਲਣਾ ਕਰਨ ਅਤੇ ਤਿਉਹਾਰਾਂ ਦੇ ਮੌਸਮ ਦੇ ਮੱਦੇਨਜ਼ਰ ਹੱਥਾਂ ਦੀ ਸਫਾਈ ਰੱਖਣ ਵਰਗੇ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ।
Mask
ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਵਿਭਾਗ ਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਇਹ ਪੱਤਰ ਏਐਨਐਮ ਅਤੇ ਆਸ਼ਾ ਵਰਕਰਾਂ ਦੇ ਸਹਿਯੋਗ ਨਾਲ 15 ਦਿਨਾਂ ਦੇ ਅੰਦਰ ਸਾਰੇ ਸ਼ੂਗਰ ਅਤੇ ਹਾਈਪਰਟੈਨਸ਼ਨ ਦੇ ਮਰੀਜ਼ਾਂ ਨੂੰ ਪਹੁੰਚਾਉਣਾ ਯਕੀਨੀ ਬਣਾਇਆ ਜਾਵੇ। ਕੋਵਿਡ -19 ਦੀ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਸ. ਸਿੱਧੂ ਨੇ ਕਿਹਾ ਕਿ ਮਰੀਜ਼ਾਂ ਦੇ ਸਿਹਤਯਾਬ ਹੋਣ ਦੀ 93.8 ਫ਼ੀਸਦੀ ਰਿਕਵਰੀ ਨਾਲ ਪੰਜਾਬ ਮੋਹਰੀ ਸੂਬਿਆਂ ਵਿੱਚੋਂ ਹੈ।
corona case
ਪਿਛਲੇ ਹਫ਼ਤੇ ਕੋਵਿਡ ਟੈਸਟ ਲਈ ਲਏ ਗਏ 161086 ਨਮੂਨਿਆਂ ਵਿਚੋਂ ਸਿਰਫ਼ 3186 ਕੇਸ ਹੀ ਪਾਜ਼ੇਟਿਵ ਆਏ ਕਿਉਂਜੋ ਪੰਜਾਬ 'ਚ ਪਾਜ਼ੇਟਿਵ ਪਾਏ ਜਾਣ ਦੀ ਦਰ ਸਿਰਫ਼ 2 ਫ਼ੀਸਦੀ ਹੈ। ਇਸ ਦੇ ਨਾਲ ਹੀ ਸਾਰੇ ਜ਼ਿਲ੍ਹਿਆਂ ਨੂੰ ਸੈਂਪਲਿੰਗ/ਟੈਸਟਿੰਗ ਵਿੱਚ ਤੇਜ਼ੀ ਲਿਆਉਣ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ।