
ਕਿਹਾ, ਪੰਜਾਬੀ ਕਿਸਾਨਾਂ ਨੂੰ ਗੁਜਰਾਤ ਤੇ ਰਾਜਸਥਾਨ ਵਿਚ ਮਲਕੀਅਤ ਦੇ ਹੱਕਾਂ ਤੋਂ ਵਾਂਝਾ ਕੀਤਾ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਕੇਂਦਰ ਸਰਕਾਰ ਵਲੋਂ ਵੱਖ ਵੱਖ ਰਾਜਾਂ ਦੇ ਨਾਗਰਿਕਾਂ ਵਾਸਤੇ ਜ਼ਮੀਨ ਦੀ ਮਲਕੀਅਤ ਦੇ ਹੱਕ ਵੱਖ-ਵੱਖ ਰੱਖਣ ਦੇ ਫੈਸਲੇ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਇਸ ਨੂੰ ਦੋਗਲਾਪਣ ਕਰਾਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਜਾਰੀ ਬਿਆਨ ‘ਚ ਕਿਹਾ ਕਿ ਇਹ ਫਿਰੂਕ ਭਾਵਨਾ ਨੂੰ ਧਿਆਨ ਵਿਚ ਰੱਖਦਿਆਂ ਭਾਜਪਾ ਵੱਲੋਂ ਦੋਗਲਾਪਨ ਅਪਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੀ ਇਹ ਹੈਰਾਨੀਜਨਕ ਨਹੀਂ ਕਿ ਕੋਈ ਵੀ ਪੰਜਾਬ ਤੇ ਹੁਣ ਜੰਮੂ ਅਤੇ ਕਸ਼ਮੀਰ ਵਿਚ ਜ਼ਮੀਨ ਤੇ ਹੋਰ ਜਾਇਦਾਦ ਖਰੀਦ ਅਤੇ ਵੇਚ ਸਕਦਾ ਹੈ ਜਿਥੇ ਕਿ ਦੇਸ਼ ਦੀਆਂ ਦੋ ਘੱਟ ਗਿਣਤੀਆਂ ਬਹੁ ਗਿਣਤੀ ਵਿਚ ਹਨ ਜਦਕਿ ਪੰਜਾਬੀਆਂ ਨੂੰ ਹੋਰਨਾਂ ਰਾਜਾਂ ਖਾਸ ਤੌਰ 'ਤੇ ਗੁਜਰਾਤ ਅਤੇ ਰਾਜਸਥਾਨ ਵਿਚ ਇਹ ਹੱਕ ਦੇਣ ਤੋਂ ਵਾਂਝਾ ਕੀਤਾ ਜਾ ਰਿਹਾ ਹੈ।
Daljit Singh Cheema
ਉਹਨਾਂ ਹੈਰਾਨੀ ਪ੍ਰਗਟ ਕੀਤੀ ਕਿ ਹਿਮਾਚਲ ਪ੍ਰਦੇਸ ਵਿਚ ਕੋਈ ਵੀ ਭਾਰਤੀ ਖੇਤੀਬਾੜੀ ਜ਼ਮੀਨ ਕਿਉਂ ਨਹੀਂ ਖਰੀਦ ਸਕਦਾ ? ਉਹਨਾਂ ਸਵਾਲ ਕੀਤਾ ਕਿ ਕੀ ਹਿਮਾਚਲ ਪ੍ਰਦੇਸ਼ ਦੇਸ਼ ਦਾ ਹਿੱਸਾ ਨਹੀਂ ਹੈ ? ਡਾ. ਚੀਮਾ ਨੇ ਕਿਹਾ ਕਿ ਪੰਜਾਬੀਆਂ ਵਾਸਤੇ ਗੁਜਰਾਤ ਅਤੇ ਰਾਜਸਥਾਨ ਵਿਚ ਤਾਂ ਮੁਸ਼ਕਿਲਾਂ ਹੋਰ ਜ਼ਿਆਦਾ ਹੈ ਭਾਵੇਂ ਸਾਡੇ ਕਿਸਾਨਾਂ ਨੂੰ ਦੇਸ਼ ਦੇ ਹੋਰ ਭਾਗਾਂ ਵਿਚ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਕਿਹਾ ਕਿ ਗੁਜਰਾਤ ਵਿਚ ਭਾਜਪਾ ਦੇ ਰਾਜ ਵਿਚ ਪੰਜਾਬੀ ਕਿਸਾਨਾਂ ਜਿਹਨਾਂ ਨੇ ਦਹਾਕਿਆਂ ਦੀ ਮਿਹਨਤ ਸਦਕਾ ਬੰਜ਼ਰ ਜ਼ਮੀਨਾਂ ਆਬਾਦ ਕੀਤੀਆਂ ਤੇ ਇਹਨਾਂ ਨੂੰ ਉਪਜਾਊ ਜ਼ਮੀਨ ਬਣਾਇਆ, ਨੂੰ ਵੀ ਮੁਸ਼ਕਿਲਾਂ ਦਰਪੇਸ਼ ਹਨ। ਉਹਨਾਂ ਕਿਹਾ ਕਿ ਇਹ ਲੋਕ 60ਵਿਆਂ ਦੇ ਦਹਾਕੇ ਵਿਚ ਕੱਛ ਖੇਤਰ ਵਿਚ ਗਏ ਸਨ ਜਿਥੇ ਇਹਨਾਂ ਨੂੰ ਸੂਬਾ ਸਰਕਾਰ ਨੇ ਸੱਦਿਆ ਸੀ ਜਦੋਂ ਕੋਈ ਵੀ ਉਥੇ ਜਾਣ ਨੂੰ ਤਿਆਰ ਨਹੀਂ ਸੀ।
Daljit Singh Cheema
ਉਹਨਾਂ ਕਿਹਾ ਕਿ ਜਦੋਂ ਪੰਜਾਬੀ ਕਿਸਾਨਾਂ ਨੇ ਬੰਜ਼ਰ ਜ਼ਮੀਨਾਂ ਨੂੰ ਉਪਜਾਊ ਜ਼ਮੀਨਾਂ ਵਿਚ ਤਬਦੀਲ ਕਰ ਦਿੱਤਾ ਤਾਂ ਉਹਨਾਂ ਨੂੰ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਜ਼ਮੀਨਾਂ ਵਿਚੋਂ ਬਾਹਰ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਹਾਈ ਕੋਰਟ ਦੇ ਹੁਕਮ ਦਾ ਸਨਮਾਨ ਕਰਨ ਦੀ ਥਾਂ ਗੁਜਰਾਤ ਦੀ ਭਾਜਪਾ ਸਰਕਾਰ ਨੇ ਮਾਮਲਾ ਸੁਪਰੀਮ ਕੋਰਟ ਵਿਚ ਲਿਜਾ ਕੇ ਪੰਜਾਬੀ ਕਿਸਾਨਾਂ ਨੂੰ ਉਹਨਾਂ ਦੇ ਹਾਲਾਤਾਂ 'ਤੇ ਛੱਡ ਦਿੱਤਾ।
Daljit Singh Cheema
ਅਕਾਲੀ ਆਗੂ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਮਾਮਲੇ ਵਿਚ ਵੀ ਪੰਜਾਬੀਆਂ ਨਾਲ ਵਿਤਕਰਾ ਜਾਰੀ ਹੈ ਕਿਉਂਕਿ ਉਹਨਾਂ ਦੀ ਮਾਂ ਬੋਲੀ ਨਾਲ ਵਿਤਕਰਾ ਕੀਤਾ ਗਿਆ ਤੇ ਇਸਨੂੰ ਸਰਕਾਰੀ ਭਾਸ਼ਾ ਦਾ ਦਰਜਾ ਨਹੀਂ ਦਿੱਤਾ ਗਿਆ ਜਦਕਿ ਵੱਡੀ ਗਿਣਤੀ ਵਿਚ ਕਸ਼ਮੀਰੀ ਪੰਜਾਬੀ ਨੂੰ ਆਪਣੀ ਮਾਂ ਬੋਲੀ ਵਜੋਂ ਬੋਲਦੇ ਹਨ ਅਤੇ ਇਸਨੂੰ ਵਾਦੀ ਵਿਚ ਸਮਝਿਆ ਜਾਂਦਾ ਹੈ। ਇਸ ਤੋਂ ਇਲਾਵਾ ਵਾਦੀ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਦੌਰਾਨ ਖਾਲਸਾ ਰਾਜ ਦਾ ਹਿੱਸਾ ਸੀ।
Daljit Cheema
ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਨੇ ਕਿਹਾ ਕਿ ਪੰਜਾਬ ਅਤੇ ਕਸ਼ਮੀਰ ਵਿਚਾਲੇ ਸਭਿਆਚਾਰਕ ਸਾਂਝ ਹੈ, ਭਾਸ਼ਾਈ ਇਕਸਾਰਤਾ ਹੈ ਅਤੇ ਭੁਗੌਲਿਕ ਇਕਸੁਰਤਾ ਹੈ। ਇਹਨਾਂ ਮਜ਼ਬੂਤ ਕਾਰਨਾਂ ਕਰ ਕੇ ਹੀ ਗੈਰ ਕਸ਼ਮੀਰੀ ਨਾਗਰਿਕ ਜੇਕਰ ਕਸ਼ਮੀਰ ਵਿਚ ਜਾਇਦਾਦ 'ਤੇ ਹੱਕ ਜਤਾਉਂਦੇ ਸਨ। ਪਰ ਭਾਜਪਾ ਸਰਕਾਰ ਨੇ ਪਹਿਲਾ ਪੰਜਾਬੀ ਵਿਰੋਧੀ ਸੰਦੇਸ਼ ਬਹੁਤ ਸਪਸ਼ਟ ਦਿੱਤਾ ਹੈ ਜਿਸ ਵਿਚ ਪੰਜਾਬੀ ਨੂੰ ਵਾਦੀ ਵਿਚ ਵਿਦੇਸ਼ੀ ਭਾਸ਼ਾ ਬਣਾ ਦਿੱਤਾ ਹੈ। ਅਜਿਹੀ ਫਿਰਕੂ ਵਿਤਕਰਾ ਕੌਮੀ ਹਿੱਤ ਦੇ ਵਿਚ ਨਹੀਂ ਹੈ।