
ਸੁਖਬੀਰ ਵਲੋਂ ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਅਧਿਕਾਰੀਆਂ 'ਤੇ ਕਰਾਸ ਪਰਚੇ ਦਰਜ ਕਰਨ ਦੀ ਨਿਖੇਧੀ
ਅੰਮ੍ਰਿਤਸਰ, 27 ਅਕਤੂਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੇ ਅਧਿਕਾਰੀਆਂ 'ਤੇ 24 ਅਕਤੂਬਰ ਨੂੰ ਹੋਏ ਹਿੰਸਕ ਹਮਲੇ ਦੇ ਸਬੰਧ ਵਿਚ ਕਰਾਸ ਕੇਸ ਦਰਜ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਕਿਹਾ ਕਿ ਇਸ ਨੇ ਸਾਬਤ ਕੀਤਾ ਕਿ ਮੁਲਜ਼ਮਾਂ ਨੂੰ ਕਾਂਗਰਸ ਸਰਕਾਰ ਦੀ ਪੁਸ਼ਤ ਪਨਾਹੀ ਹਾਸਲ ਹੈ। ਹੁਣ ਇਹ ਸਪਸ਼ਟ ਹੋ ਗਿਆ ਹੈ ਕਿ ਸ਼ਰਾਰਤੀ ਅਨਸਰ, ਜਿਨ੍ਹਾਂ ਨੇ ਇਕ ਮਹੀਨੇ ਤੋਂ ਸ਼੍ਰੋਮਣੀ ਕਮੇਟੀ ਦਫ਼ਤਰ ਅੱਗੇ ਰੌਲਾ ਪਾਇਆ ਹੋਇਆ ਸੀ ਤੇ ਜਿਨ੍ਹਾਂ ਨੇ ਇਕ ਹਫ਼ਤਾ ਪਹਿਲਾਂ ਹਿੰਸਕ ਹਮਲਾ ਕੀਤਾ, ਨੂੰ ਕਾਂਗਰਸ ਸਰਕਾਰ ਨੇ ਸਪਾਂਸਰ ਕੀਤਾ ਸੀ।