
ਵਕਾਰ ਯੂਨਿਸ ਨੇ ‘ਹਿੰਦੂਆਂ ਅੱਗੇ ਨਮਾਜ਼’ ਵਾਲੀ ਟਿੱਪਣੀ ’ਤੇ ਮਾਫ਼ੀ ਮੰਗੀ
ਕਰਾਚੀ, 27 ਅਕਤੂਬਰ : ਸਾਬਕਾ ਪਾਕਸਤਾਨੀ ਕ੍ਰਿਕਟ ਖਿਡਾਰੀ ਵਕਾਰ ਯੂਨਸ ਨੇ ਟੀ-20 ਵਿਸ਼ਵ ਕੱਪ ਦੌਰਾਨ ਪਾਕਿਸਤਾਨ ਦੀ ਭਾਰਤ ’ਤੇ 9 ਵਿਕਟਾਂ ਨਾਲ ਜਿੱਤ ਤੋਂ ਬਾਅਦ ਇਕ ਟੈਲੀਵੀਜ਼ਨ ਪ੍ਰੋਗਰਾਮ ਦੌਰਾਨ ਕੀਤੀ ਗਈ ਅਪਣੀ ਫ਼ਿਰਕੂ ਟਿੱਪਣੀ ਲਈ ਬੁਧਵਾਰ ਨੂੰ ਮਾਫ਼ੀ ਮੰਗੀ, ਕਿਉਂਕਿ ਇਸ ਸਾਬਕਾ ਪਾਕਿਸਤਾਨੀ ਤੇਜ਼ ਗੇਂਦਬਾਜ਼ ਦੀ ‘ਜਿਹਾਦੀ ਮਾਨਸਿਕਤਾ’ ਲਈ ਸੋਸ਼ਲ ਮੀਡੀਆ ’ਤੇ ਸਖ਼ਤ ਆਲੋਚਨਾ ਕੀਤੀ ਗਈ ਸੀ। ਵਕਾਰ ਨੇ ਇਕ ਖੇਡ ਚੈਨਲ ’ਤੇ ਨਾ ਸਿਰਫ਼ ਇਸ ਮੈਚ ਸਬੰਧੀ ਗੱਲ ਕੀਤੀ ਬਲਕਿ ਸਲਾਮੀ ਬੱਲੇਬਾਜ਼ ਮੁਹੰਮਦ ਰਿਜ਼ਵਾਨ ਵਲੋਂ ਪਾਕਿਸਤਾਨੀ ਪਾਰੀ ਵਿਚ ਬਰੇਕ ਦੌਰਾਨ ਮੈਦਾਨ ’ਤੇ ਨਮਾਜ਼ ਪੜ੍ਹਨ ’ਤੇ ਵੀ ਚਰਚਾ ਕੀਤੀ। ਉਨ੍ਹਾਂ ਕਿਹਾ,‘‘ਰਿਜ਼ਵਾਨ ਨੇ ਜੋ ਕੀਤਾ ਉਹ ਮੈਨੂੰ ਸੱਭ ਤੋਂ ਚੰਗਾ ਲੱਗਾ। ਉਸ ਨੇ ਹਿੰਦੂਆਂ ਵਿਚਾਲੇ ਖੜੇ ਹੋ ਕੇ ਨਮਾਜ਼ ਪੜ੍ਹੀ। ਇਹ ਮੇਰੇ ਲਈ ਬਹੁਤ ਖ਼ਾਸ ਗੱਲ ਸੀ।’’ ਵਕਾਰ ਦੀ ਟਿੱਪਣੀ ’ਤੇ ਦੋਹਾਂ ਦੇਸ਼ਾਂ ਵਿਚ ਸਖ਼ਤ ਪ੍ਰਤੀਕਰਮ ਦੇਖਣ ਨੂੰ ਮਿਲਿਆ। ਵੈਂਕਟੇਸ਼ ਪ੍ਰਸਾਦ ਨੇ ਟਵੀਟ ਕੀਤਾ,‘‘ਖੇਡ ਵਿਚ ਅਜਿਹੀ ਗੱਲ ਕਰ ਕੇ ਜਿਹਾਦੀ ਮਾਨਸਿਕਤਾ ਇਕ ਵਖਰੇ ਪੱਧਰ ’ਤੇ ਪਹੁੰਚਦੀ ਹੈ। ਕਿਹੋ ਜਿਹਾ ਬੇਸ਼ਰਮ ਇਨਸਾਨ ਹੈ।’’
ਵਕਾਰ ਨੂੰ ਜਦੋਂ ਅਪਣੀ ਗ਼ਲਤੀ ਦਾ ਅਹਿਸਾਸ ਹੋਇਆ ਤਾਂ ਉਸ ਨੇ ਤੁਰਤ ਮਾਫ਼ੀ ਮੰਗੀ। ਵਕਾਰ ਨੇ ਟਵੀਟ ਕੀਤਾ,‘‘ਜ਼ਿਆਦਾ ਖ਼ੁਸ਼ੀ ਦੇ ਉਨ੍ਹਾਂ ਪਲਾਂ ਵਿਚ ਮੈਂ ਕੁੱਝ ਕਿਹਾ, ਜਿਸ ਦਾ ਮਤਲਬ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਮੈਂ ਇਸ ਦੇ ਲਈ ਮਾਫ਼ੀ ਮੰਗਦਾ ਹਾਂ। ਮੇਰਾ ਇਰਾਦਾ ਅਜਿਹਾ ਬਿਲਕੁਲ ਨਹੀਂ ਸੀ, ਇਹ ਅਸਲ ਵਿਚ ਗ਼ਲਤੀ ਹੈ। ਖੇਡ ਜਾਤ, ਰੰਗ ਜਾਂ ਧਰਮ ਦੀ ਪ੍ਰਵਾਹ ਕੀਤੇ ਬਿਨਾਂ ਲੋਕਾਂ ਨੂੰ ਇਕਜੁਟ ਕਰਦੀ ਹੈ।’’ (ਏਜੰਸੀ)