
ਗੁਰਦੇ ਦਾ ਆਪਰੇਸ਼ਨ ਕਰਵਾਏ ਬਿਨਾਂ ਸਿੰਗਾਪੁਰ ਤੋਂ ਪਰਤੇ ਲਾਲੂ ਯਾਦਵ
ਪਟਨਾ, 27 ਅਕਤੂਬਰ : ਰਾਸ਼ਟਰੀ ਜਨਤਾ ਦਲ (ਰਾਜਦ) ਦੇ ਪ੍ਰਧਾਨ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਗੁਰਦੇ ਦਾ ਆਪਰੇਸ਼ਨ ਕਰਵਾਏ ਬਿਨਾਂ ਹੀ ਸਿੰਗਾਪੁਰ ਤੋਂ ਪਰਤ ਆਏ ਹਨ | ਹਾਲਾਂਕਿ ਕੁੱਝ ਜ਼ਰੂਰੀ ਜਾਂਚਾਂ ਕਰਨ ਤੋਂ ਬਾਅਦ ਉਹ ਇਕ ਵਾਰ ਫਿਰ ਅਦਾਲਤ ਤੋਂ ਸਿੰਗਾਪੁਰ ਜਾਣ ਦੀ ਇਜਾਜ਼ਤ ਮੰਗਣਗੇ | ਪਿਛਲੇ ਕੁੱਝ ਸਾਲਾਂ ਤੋਂ ਗੁਰਦੇ ਦੀ ਗੰਭੀਰ ਸਮੱਸਿਆ ਨਾਲ ਪੀੜਤ ਲਾਲੂ ਦੀਵਾਲੀ ਦੀ ਰਾਤ ਸਿੰਗਾਪੁਰ ਤੋਂ ਦਿੱਲੀ ਪਹੁੰਚੇ, ਜਿਥੇ ਉਹ ਅਪਣੀ ਵੱਡੀ ਬੇਟੀ ਅਤੇ ਰਾਜ ਸਭਾ ਮੈਂਬਰ ਮੀਸ਼ਾ ਭਾਰਤੀ ਦੇ ਘਰ ਠਹਿਰੇ ਹੋਏ ਹਨ |
ਮੀਸ਼ਾ ਨੇ ਦਿੱਲੀ ਤੋਂ ਫ਼ੋਨ 'ਤੇ ਦਸਿਆ ਕਿ ਰਾਜਦ ਸੁਪਰੀਮੋ (74), ਜੋ ਅਦਾਲਤ ਦੀ ਇਜਾਜ਼ਤ ਤੋਂ ਬਾਅਦ ਸਿੰਗਾਪੁਰ ਗਏ ਸਨ, ਨੂੰ ਲੈ ਕੇ ਉੱਥੇ ਡਾਕਟਰੀ ਸਲਾਹ ਲਈ ਅਤੇ ਕੁੱਝ ਜ਼ਰੂਰੀ ਟੈਸਟ ਕੀਤੇ ਗਏ | ਮੀਸ਼ਾ ਨੇ ਦਸਿਆ ਕਿ ਸਿੰਗਾਪੁਰ 'ਚ ਛੁੱਟੀਆਂ ਹੋਣ ਕਾਰਨ ਉਨ੍ਹਾਂ ਦੇ ਕੱੁਝ ਜ਼ਰੂਰੀ ਟੈਸਟ ਨਹੀਂ ਹੋ ਸਕੇ, ਜੋ ਇਥੇ ਹੀ ਕਰਵਾਏ ਜਾ ਸਕਦੇ ਹਨ | ਮੀਸ਼ਾ ਅਨੁਸਾਰ, ਇਹ ਜਾਂਚ ਕਰਵਾਉਣ ਤੋਂ ਬਾਅਦ ਲਾਲੂ ਮੁੜ ਸਿੰਗਾਪੁਰ ਜਾਣਗੇ | ਇਹ ਪੁੱਛੇ ਜਾਣ 'ਤੇ ਕਿ ਕੀ ਅਦਾਲਤ ਵਲੋਂ 25 ਅਕਤੂਬਰ ਤਕ ਹੀ ਦੇਸ਼ ਦੇ ਬਾਹਰ ਰਹਿਣ ਦੀ ਮਨਜ਼ੂਰੀ ਦਿਤੇ ਜਾਣ ਕਾਰਨ ਰਾਜਦ ਸੁਪਰੀਮੋ ਬਿਨਾਂ ਆਪਰੇਸ਼ਨ ਕਰਵਾਏ ਪਰਤ ਆਏ ਹਨ, ਮੀਸ਼ਾ ਨੇ ਕਿਹਾ,''ਹਾਂ ਇਹ ਵੀ ਇਕ ਕਾਰਨ ਸੀ |'' (ਏਜੰਸੀ)