
ਜੰਤਰ-ਮੰਤਰ ਜਾਂ ਰਾਮਲੀਲਾ ਗਰਾਊਡ ਵਿਚ ਪ੍ਰਦਰਸ਼ਨ ਲਈ ਅੜੇ ਕਿਸਾਨ
ਚੰਡੀਗੜ੍ਹ: ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿਚ ਪ੍ਰਦਰਸ਼ਨ ਕਰਨ ਲਈ ਸਨਿਚਰਵਾਰ ਨੂੰ ਦਿੱਲੀ ਦੀਆਂ ਸਰਹੱਦਾਂ ਉੱਤੇ ਹੁਣ ਵੀ ਵੱਡੀ ਗਿਣਤੀ ਵਿਚ ਕਿਸਾਨ ਮੌਜੂਦ ਹਨ ਅਤੇ ਅੰਦੋਲਨ ਲਈ ਪੁਲਿਸ ਵਲੋਂ ਨਿਰਧਾਰਤ ਸਥਾਨ ਬੁਰਾਡੀ ਮੈਦਾਨ ਉੱਤੇ ਉਨ੍ਹਾਂ ਦੇ ਜਾਣ ਸਬੰਧੀ ਅਜੇ ਉਨ੍ਹਾਂ ਦੇ ਨੇਤਾਵਾਂ ਨੇ ਫ਼ੈਸਲਾ ਨਹੀਂ ਕੀਤਾ। ਭਾਰੀ ਗਿਣਤੀ ਵਿਚ ਕਿਸਾਨ ਭਾਰੀ ਪੁਲਿਸ ਫ਼ੋਰਸ ਦੀ ਹਾਜ਼ਰੀ ਵਿਚ ਇਸ ਸਮੇਂ ਸਿੰਘੂ ਸਰਹੱਦ ਅਤੇ ਟੀਕਰੀ ਬਾਰਡਰ ’ਤੇ ਪ੍ਰਦਰਸ਼ਨ ਕਰ ਰਹੇ ਹਨ।
ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਫ਼ੋਨ ‘ਤੇ ਦਸਿਆ ਕਿ ਇਸ ਵੇਲੇ ਅਸੀਂ ਦਿੱਲੀ ਸਰਹੱਦ ‘ਤੇ ਹਾਂ। ਅਸੀਂ ਅਜੇ ਵੀ ਬੁਰਾਡੀ ਮੈਦਾਨ ਜਾਣ ਦਾ ਫ਼ੈਸਲਾ ਨਹੀਂ ਕੀਤਾ ਹੈ। ਭਵਿੱਖ ਦੀ ਕਾਰਵਾਈ ਦਾ ਫ਼ੈਸਲਾ ਕਰਨ ਲਈ ਅਸੀਂ ਸ਼ਾਮ ਨੂੰ ਇਕ ਮੀਟਿੰਗ ਕਰਾਂਗੇ।
farmer protest
ਹਾਲਾਂਕਿ, ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਨੇਤਾ ਸ਼ਿੰਗਾਰਾ ਸਿੰਘ ਨੇ ਸਨਿਚਰਵਾਰ ਨੂੰ ਕਿਹਾ ਕਿ ਉਹ ਦਿੱਲੀ ਦੇ ਬੁਰਾਡੀ ਮੈਦਾਨ ਵਿਚ ਨਹੀਂ ਜਾਵਾਂਗੇ। ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਸੀਨੀਅਰ ਮੀਤ ਪ੍ਰਧਾਨ ਜੇ ਸਿੰਘ ਜੇਠੂਕੇ ਨੇ ਕਿਹਾ ਕਿ ਅਸੀਂ ਕੇਂਦਰ ਸਰਕਾਰ ਨੂੰ ਅੰਦੋਲਨ ਲਈ ਜੰਤਰ-ਮੰਤਰ ਉੱਤੇ ਥਾਂ ਦੇਣ ਦੀ ਅਪੀਲ ਕਰਦੇ ਹਾਂ। ਅਸੀਂ ਕਿਸੇ ਵੀ ਕੀਮਤ ’ਤੇ ਬੁਰਾਡੀ ਮੈਦਾਨ ਨਹੀਂ ਜਾਵਾਂਗੇ।
Farmers Protest
ਇਸ ਦੌਰਾਨ ਪੰਜਾਬ ਦੇ ਕਿਸਾਨਾਂ ਨੇ ਰਾਤ ਦੇ ਅਰਾਮ ਤੋਂ ਬਾਅਦ ਸਨਿਚਰਵਾਰ ਨੂੰ ‘ਦਿੱਲੀ ਚਲੋ’ ਮਾਰਚ ਮੁੜ ਸ਼ੁਰੂ ਕੀਤਾ ਜਦਕਿ ਹਜ਼ਾਰਾਂ ਕਿਸਾਨ ਪਹਿਲਾਂ ਹੀ ਰਾਸ਼ਟਰੀ ਰਾਜਧਾਨੀ ਦੀਆਂ ਸਰਹੱਦਾਂ ’ਤੇ ਪਹੁੰਚ ਚੁੱਕੇ ਹਨ। ਜੇਠੂਕੇ ਨੇ ਕਿਹਾ ਕਿ ਅਸੀਂ ਦਿੱਲੀ ਸਰਹੱਦ ਨੇੜੇ ਆ ਚੁੱਕੇ ਹਾਂ ਪਰ ਅਸੀਂ ਟ੍ਰੈਫ਼ਿਕ ਜਾਮ ਕਾਰਨ ਫਸ ਗਏ ਹਾਂ। ਸਾਡੇ ਕਿਸਾਨ ਜੋ ਟਰੈਕਟਰ-ਟਰਾਲੇ ਵਿਚ ਹਨ ਅਜੇ ਵੀ ਸਾਡੇ ਪਿੱਛੇ ਹਨ।
Farmers Protest
ਬੀਕੇਯੂ (ਏਕਤਾ-ਉਗਰਾਹਾਂ) ਦੇ ਨੇਤਾਵਾਂ ਨੇ ਦਾਅਵਾ ਕੀਤਾ ਕਿ ਬਜ਼ੁਰਗ ਔਰਤਾਂ ਸਣੇ ਇੱਕ ਲੱਖ ਤੋਂ ਵੱਧ ਕਿਸਾਨ ਟਰੈਕਟਰ-ਟਰਾਲੇ, ਬਸਾਂ ਅਤੇ ਹੋਰ ਵਾਹਨਾਂ ਵਿਚ ਰਾਸ਼ਟਰੀ ਰਾਜਧਾਨੀ ਵੱਲ ਮਾਰਚ ਕਰ ਰਹੇ ਹਨ। ਇਕ ਪ੍ਰਦਰਸ਼ਨਕਾਰੀ ਕਿਸਾਨ ਨੇ ਕਿਹਾ ਕਿ ਸਾਡੇ ਕੋਲ ਪੰਜ ਤੋਂ ਛੇ ਮਹੀਨਿਆਂ ਦਾ ਰਾਸ਼ਨ ਹੈ। ਅਸੀਂ ਉਦੋਂ ਤਕ ਵਾਪਸ ਨਹੀਂ ਆਵਾਂਗੇ ਜਦੋਂ ਤਕ ਕੇਂਦਰ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਨਹੀਂ ਰੱਦ ਕਰਦਾ। ਕਿਸਾਨ ਅਪਣੀ ਮਾਰਚ ਲਈ ਰਾਸ਼ਨ, ਸਬਜ਼ੀਆਂ, ਬਰਤਨ, ਲੱਕੜ ਅਤੇ ਹੋਰ ਜ਼ਰੂਰੀ ਚੀਜ਼ਾਂ ਲੈ ਕੇ ਆਏ ਹਨ। ਠੰਢੇ ਮੌਸਮ ਦੇ ਮੱਦੇਨਜ਼ਰ, ਉਨ੍ਹਾਂ ਨੇ ਰਜਾਈਆਂ ਅਤੇ ਕੰਬਲ ਵੀ ਲਿਆਂਦੇ ਹਨ।