
ਪਾਕਿ ਵਲੋਂ ਕੀਤੀ ਗੋਲੀਬਾਰੀ ਵਿਚ ਇਕ ਹੋਰ ਜਾਂਬਾਜ਼ ਦੇਸ਼ ਲਈ ਕੁਰਬਾਨ
ਤਰਨਤਾਰਨ, ਫ਼ਤਿਆਬਾਦ, ਖਡੂਰ ਸਾਹਿਬ, 27 ਨਵੰਬਰ (ਅਜੀਤ ਘਰਿਆਲਾ, ਅੰਤਰਪ੍ਰੀਤ, ਕੁਲਦੀਪ ਸਿੰਘ ਮਾਨ: ਪੰਜਾਬ ਦੇ ਇਕ ਹੋਰ ਜਾਂਬਾਜ਼ ਨੇ ਸਰਹੱਦ ਉਤੇ ਦੇਸ਼ ਦੀ ਰਖਿਆ ਕਰਦੇ ਹੋਏ ਅਪਣਾ ਬਲੀਦਾਨ ਦੇ ਦਿਤਾ ਹੈ। ਖਡੂਰ ਸਾਹਿਬ ਹਲਕੇ ਦੇ ਪਿੰਡ ਖਵਾਸਪੁਰਾ ਦਾ ਨਾਇਕ ਸੁਖਬੀਰ ਸਿੰਘ ਜੰਮੂ-ਕਸ਼ਮੀਰ ਦੇ ਰਾਜੌਰੀ ਵਿਚ ਪਾਕਿ ਫ਼ੌਜੀਆਂ ਵਲੋਂ ਕੀਤੀ ਗਈ ਗੋਲੀਬਾਰੀ ਵਿਚ ਸ਼ਹੀਦ ਹੋ ਗਿਆ। ਇਸ ਦੀ ਜਾਣਕਾਰੀ ਮਿਲਦਿਆਂ ਹੀ ਪਿੰਡ ਵਿਚ ਮਾਤਮ ਛਾ ਗਿਆ ਤੇ ਘਰ ਵਿਚ ਲੋਕਾਂ ਦੀ ਭੀੜ ਲੱਗੀ ਹੋਈ ਹੈ।
ਦੋ ਸਾਲ ਪਹਿਲਾਂ ਫ਼ੌਜ ਵਿਚ ਭਰਤੀ ਹੋਏ ਸੁਖਬੀਰ ਸਿੰਘ ਚਾਰ ਭੈਣਾਂ ਤੇ ਭਰਾਵਾਂ ਵਿਚੋਂ ਸੱਭ ਤੋਂ ਛੋਟੇ ਸਨ।
ਸੁਖਬੀਰ ਸਿੰਘ ਦੇ ਸ਼ਹੀਦ ਹੋਣ ਦੀ ਜਾਣਕਾਰੀ ਮਿਲਦਿਆਂ ਹੀ ਪਿਤਾ ਕੁਲਵੰਤ ਸਿੰਘ ਨੇ ਭਾਰਤ ਦੀ ਜੈ, ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਜੈਕਾਰੇ ਲਾਏ। ਉਹ ਬੇਟੇ ਦੀ ਤਸਵੀਰ ਗਲੇ ਨਾਲ ਲਗਾ ਕੇ ਰੋਣ ਲੱਗੇ। ਮਾਂ ਜਸਬੀਰ ਕੌਰ ਨੂੰ ਜਦੋਂ ਬੇਟੇ ਦੇ ਸ਼ਹੀਦ ਹੋਣ ਬਾਰੇ ਜਾਣਕਾਰੀ ਦਿਤੀ ਤਾਂ ਉਹ ਅਪਣੀ ਸੁਧ-ਬੁਧ ਖੋ ਬੈਠੀ। ਪਿੰਡ ਖਵਾਸਪੁਰ ਦੇ ਇਕ ਦਰਜਨ ਤੋਂ ਜ਼ਿਆਦਾ ਨੌਜਵਾਨ ਫ਼ੌਜ ਵਿਚ ਤਾਇਨਾਤ ਦਸੇ ਜਾਂਦੇ ਹਨ।
ਵੀਰਵਾਰ ਸ਼ਾਮ ਨੂੰ ਜੰਮੂ-ਕਸ਼ਮੀਰ ਦੇ ਰਾਜੌਰੀ ਸੈਕਟਰ ਵਿਚ ਤਾਇਨਾਤ ਫ਼ੌਜ ਦੇ ਜਵਾਨਾਂ ਉਤੇ ਪਾਕਿ ਵਲੋਂ ਗੋਲੀਬਾਰੀ ਕੀਤੀ ਗਈ ਸੀ। ਇਸ ਦੇ ਜਵਾਬ ਵਿਚ ਭਾਰਤੀ ਫ਼ੌਜ ਨੇ ਵੀ ਪਾਕਿ ਫ਼ੌਜ ਉਤੇ ਗੋਲੀਆਂ ਦਾਗ਼ੀਆਂ। ਇਸ ਦੌਰਾਨ ਸੁਖਬੀਰ ਸਿੰਘ ਸ਼ਹੀਦ ਹੋ ਗਿਆ। ਇਸ ਦੀ ਜਾਣਕਾਰੀ ਅੱਜ ਫ਼ੌਜ ਵਲੋਂ ਉਸ ਦੇ ਪਰਵਾਰ ਨੂੰ ਦਿਤੀ ਗਈ, ਸੁਖਬੀਰ ਸਿੰਘ ਦੀ ਸ਼ਹਾਦਤ ਦੀ ਜਾਣਕਾਰੀ ਮਿਲਦਿਆਂ ਹੀ ਜ਼ਿਲ੍ਹੇ ਦੇ ਡੀਸੀ ਕੁਲਵਿੰਤ ਸਿੰਘ ਨੇ ਪਰਵਾਰ ਨੂੰ ਫ਼ੋਨ ਉਤੇ ਗੱਲਬਾਤ ਕਰ ਕੇ ਸ਼ਹੀਦ ਦੇ ਪਿਤਾ ਨੂੰ ਹੌਸਲਾ ਦਿਤਾ।
ਫ਼ੋਟੋ : ਤਰਨਤਾਰਨ--ਜਵਾਨ
ਡੱਬੀ