
ਪੀਡੀਪੀ ਦੇ ਵਹੀਦ 15 ਦਿਨ ਦੀ ਐਨਆਈਏ ਦੀ ਹਿਰਾਸਤ 'ਚ
ਜੰਮੂ, 27 ਨਵੰਬਰ: ਦੇਸ਼ ਵਿਚ 2019 ਵਿਚ ਹੋਏ ਸੰਸਦੀ ਚੋਣਾਂ ਵਿਚ ਸਮਰਥਨ ਹਾਸਲ ਕਰਨ ਲਈ ਅਤਿਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਨਾਲ ਕਥਿਤ ਸਬੰਧ ਰੱਖਣ ਦੇ ਮਾਮਲੇ ਵਿਚ ਇਸ ਹਫ਼ਤੇ ਦੀ ਸ਼ੁਰੂਆਤ ਵਿਚ ਗ੍ਰਿਫ਼ਤਾਰ ਪੀਡੀਪੀ ਨੇਤਾ ਵਹੀਦ ਪਰਾ ਨੂੰ ਸ਼ੁਕਰਵਾਰ ਨੂੰ 15 ਦਿਨਾਂ ਲਈ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਦੀ ਹਿਰਾਸਤ ਵਿਚ ਭੇਜ ਦਿਤਾ ਗਿਆ।
ਅਧਿਕਾਰੀਆਂ ਨੇ ਦਸਿਆ ਕਿ ਪਰਾ ਨੂੰ ਇਰਫ਼ਾਨ ਸ਼ਫੀ ਮੀਰ ਨਾਲ ਉਸ ਦੇ ਕਥਿਤ ''ਨੇੜਲੇ ਸੰਬੰਧ'' ਮਾਮਲੇ ਵਿਚ ਜੰਮੂ ਦੀ ਐਨਆਈਏ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਮੀਰ ਨੂੰ ਇਸ ਸਾਲ ਦੇ ਸ਼ੁਰੂ ਵਿਚ ਹਿਜ਼ਬੁਲ ਮੁਜਾਹਿਦੀਨ ਦੇ ਅਤਿਵਾਦੀ ਨਵੀਦ ਬਾਬੂ ਅਤੇ ਮੁਅੱਤਲ ਕੀਤੇ ਗਏ ਪੁਲਿਸ ਦੇ ਉਪ ਕਪਤਾਨ ਦਵਿੰਦਰ ਸਿੰਘ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ।
ਅਧਿਕਾਰੀਆਂ ਨੇ ਦਸਿਆ ਕਿ ਬੁਧਵਾਰ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਐਨਆਈਏ ਨੇ ਵੀਰਵਾਰ ਨੂੰ ਦਿੱਲੀ ਦੀ ਇਕ ਅਦਾਲਤ ਵਿਚ ਉਸ ਨੂੰ ਪੇਸ਼ ਕੀਤਾ ਅਤੇ ਉਸ ਨੂੰ ਜੰਮੂ ਦੀ ਇਕ ਅਦਾਲਤ ਦੇ ਸਾਹਮਣੇ ਪੇਸ਼ ਕਰਨ ਲਈ ਉਸ ਦੇ ਟਰਾਂਜਿਟ ਰੀਮਾਂਡ ਦੀ ਬੇਨਤੀ ਕੀਤੀ ਸੀ। (ਪੀਟੀਆਈ)
ਅਧਿਕਾਰੀਆਂ ਅਨੁਸਾਰ, ਹਿਜ਼ਬੁਲ ਮੁਜਾਹਿਦੀਨ ਦੇ ਅਤਿਵਾਦੀਆਂ ਨਾਲ ਸਿੰਘ ਦੇ ਰਿਸ਼ਤੇ ਦੀ ਜਾਂਚ ਦੌਰਾਨ ਐਨਆਈਏ ਨੂੰ ਮੀਰ ਦੇ ਫ਼ੋਨ ਰੀਕਾਰਡ ਮਿਲੇ ਜਿਨ੍ਹਾਂ ਤੋਂ ਪਤਾ ਚੱਲਦਾ ਸੀ ਕਿ ਉਹ ਪਰਾ ਨਾਲ ਨੇੜਲੇ ਸੰਪਰਕ ਵਿਚ ਸੀ। (ਪੀਟੀਆਈ)