
ਪੁਲਿਸ ਨੇ ਇਹ ਐਫਆਈਆਰ ਮਾਮਲੇ ਦੀ ਜਾਂਚ ਲਈ ਗਠਿਤ ਐਸਆਈਟੀ ਦੀ ਜਾਂਚ ਰਿਪੋਰਟ ਦੇ ਆਧਾਰ 'ਤੇ ਕੀਤੀ ਹੈ।
ਬਠਿੰਡਾ: ਥਾਣਾ ਦਿਆਲਪੁਰਾ ਦੇ ਮਲਖਾਨੇ ’ਚੋਂ 12 ਲਾਇਸੈਂਸੀ ਹਥਿਆਰ, 7 ਲੱਖ ਰੁਪਏ ਦੀ ਡਰੱਗ ਮਨੀ ਅਤੇ ਸੈਂਕੜੇ ਕਾਰਤੂਸ ਗਾਇਬ ਹੋਣ ਦੇ ਮਾਮਲੇ ਦੀ ਜਾਂਚ ਤੋਂ ਬਾਅਦ ਆਖਿਰਕਾਰ ਪੁਲਿਸ ਨੇ ਥਾਣਾ ਦਿਆਲਪੁਰਾ ਦੇ ਤਤਕਾਲੀ ਮੁਨਸ਼ੀ ਅਤੇ ਹੈੱਡ ਕਾਂਸਟੇਬਲ ਸੰਦੀਪ ਸਿੰਘ ਖ਼ਿਲਾਫ਼ ਸਰਕਾਰੀ ਜਾਇਦਾਦ ਨੂੰ ਖੁਰਦ-ਬੁਰਦ ਕਰਨ ਲਈ ਆਈਪੀਸੀ ਦੀ ਧਾਰਾ 409 ਤਹਿਤ ਕੇਸ ਦਰਜ ਕੀਤਾ ਹੈ।
ਪੁਲਿਸ ਨੇ ਇਹ ਐਫਆਈਆਰ ਮਾਮਲੇ ਦੀ ਜਾਂਚ ਲਈ ਗਠਿਤ ਐਸਆਈਟੀ ਦੀ ਜਾਂਚ ਰਿਪੋਰਟ ਦੇ ਆਧਾਰ 'ਤੇ ਕੀਤੀ ਹੈ। ਇਸ ਗੱਲ ਦੀ ਪੁਸ਼ਟੀ ਐਸਐਸਪੀ ਜੇ ਇਲਨਚੇਲੀਅਨ ਨੇ ਕੀਤੀ ਹੈ। ਹਾਲਾਂਕਿ ਮੁਲਜ਼ਮ ਮੁਨਸ਼ੀ ਸੰਦੀਪ ਸਿੰਘ ਫ਼ਰਾਰ ਹੈ, ਜਿਸ ਨੂੰ ਵਿਭਾਗ ਵੱਲੋਂ ਪਹਿਲਾਂ ਹੀ ਮੁਅੱਤਲ ਕੀਤਾ ਜਾ ਚੁੱਕਾ ਹੈ। ਐਫਆਈਆਰ ਦਰਜ ਕਰਕੇ ਪੁਲਿਸ ਨੇ ਉਸ ਦੀ ਗ੍ਰਿਫ਼ਤਾਰੀ ਲਈ ਯਤਨ ਸ਼ੁਰੂ ਕਰ ਦਿੱਤੇ ਹਨ।
ਦੱਸ ਦੇਈਏ ਕਿ ਜਦੋਂ ਤੋਂ ਥਾਣੇ 'ਚੋਂ ਹਥਿਆਰ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਉਦੋਂ ਤੋਂ ਉਕਤ ਮੁਨਸ਼ੀ ਡਿਊਟੀ ਤੋਂ ਗੈਰਹਾਜ਼ਰ ਚੱਲ ਰਿਹਾ ਹੈ। ਮਾਮਲੇ ਦੀ ਜਾਂਚ ਲਈ ਬਣਾਈ ਗਈ ਐਸਆਈਟੀ ਨੇ ਸ਼ਨੀਵਾਰ ਨੂੰ ਆਪਣੀ ਜਾਂਚ ਰਿਪੋਰਟ ਐਸਐਸਪੀ ਜੇ ਇਲਨਚੇਲੀਅਨ ਨੂੰ ਸੌਂਪ ਦਿੱਤੀ ਸੀ। ਐਸਆਈਟੀ ਦੀ ਰਿਪੋਰਟ ਦੇ ਆਧਾਰ ’ਤੇ ਐਸਐਸਪੀ ਦੇ ਹੁਕਮਾਂ ’ਤੇ ਉਸ ਖ਼ਿਲਾਫ਼ ਦਿਆਲਪੁਰਾ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਸੀ।
ਦਰਅਸਲ ਥਾਣਾ ਦਿਆਲਪੁਰਾ ਦੇ ਮਲਖਾਨੇ ਤੋਂ ਹਥਿਆਰਾਂ ਦੇ ਗਾਇਬ ਹੋਣ ਦਾ ਖੁਲਾਸਾ ਉਦੋਂ ਹੋਇਆ ਜਦੋਂ ਸੀਆਈਏ 1 ਵੱਲੋਂ 27 ਮਈ 2022 ਨੂੰ ਫੜੇ ਗਏ ਇਕ ਨਸ਼ਾ ਤਸਕਰ ਕੋਲੋਂ ਥਾਣਾ ਦਿਆਲਪੁਰਾ ਦੇ ਕੇਸ ਪ੍ਰਾਪਰਟੀ ਵਿਚ ਜਮ੍ਹਾਂ ਪਿਸਤੌਲ ਬਰਾਮਦ ਕੀਤਾ ਗਿਆ ਸੀ। ਜਿਸ ਤੋਂ ਬਾਅਦ ਜਦੋਂ ਇਸ ਸਬੰਧੀ ਅਸਲੇ ਦੇ ਮਾਲਕ ਪ੍ਰੀਤਮ ਸਿੰਘ ਨੂੰ ਪਤਾ ਲੱਗਿਆ ਤਾਂ ਉਸ ਨੇ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਕੀਤੀ। ਇਸ ਦੌਰਾਨ ਮਾਲਖਾਨੇ ਦੀ ਜਾਂਚ ਕਰਨ 'ਤੇ 12 ਦੇ ਕਰੀਬ ਹਥਿਆਰ, 7 ਲੱਖ 20 ਹਜ਼ਾਰ ਰੁਪਏ ਦੀ ਡਰੱਗ ਮਨੀ ਅਤੇ 360 ਕਾਰਤੂਸ ਗਾਇਬ ਪਾਏ ਗਏ।