ਨਸ਼ਾ, ਇਰਾਦਾ ਕਤਲ, ਨਾਜਾਇਜ਼ ਅਸਲਾ ਰੱਖਣ ਸਮੇਤ 2 ਦਰਜਨ ਤੋਂ ਵੱਧ ਅਪਰਾਧਿਕ ਮਾਮਲਿਆਂ 'ਚ ਹੈ ਨਾਮਜ਼ਦ
ਨਸ਼ਾ, ਇਰਾਦਾ ਕਤਲ, ਨਾਜਾਇਜ਼ ਅਸਲਾ ਰੱਖਣ ਸਮੇਤ 2 ਦਰਜਨ ਤੋਂ ਵੱਧ ਅਪਰਾਧਿਕ ਮਾਮਲਿਆਂ 'ਚ ਹੈ ਨਾਮਜ਼ਦ
ਨਵੀਂ ਦਿੱਲੀ : ਗੁਰਦਾਸਪੁਰ ਪੁਲਿਸ ਨੂੰ ਉਸ ਵੇਲੇ ਇੱਕ ਵੱਡੀ ਕਾਮਯਾਬੀ ਮਿਲੀ ਜਦੋਂ ਸੀਆਈਏ ਦੀ ਟੀਮ ਵੱਲੋਂ ਦਿੱਲੀ ਪੁਲਿਸ ਦੇ ਸਹਿਯੋਗ ਨਾਲ ਇੱਕ ਖਤਰਨਾਕ ਗੈਂਗਸਟਰ ਜੋਬਨ ਮਸੀਹ ਨੂੰ ਦਿੱਲੀ ਤੋਂ ਗ੍ਰਿਫਤਾਰ ਕਰ ਲਿਆ ਗਿਆ। ਜੋਬਨ ਮਸੀਹ ਤੇ ਕੁਲ 28 ਮਾਮਲੇ ਦਰਜ ਹਨ ਜਿਨ੍ਹਾਂ ਵਿੱਚ ਇਰਾਦਾ ਕਤਲ, ਮਾਰ ਕੁਟਾਈ, ਲੁੱਟ ਖੋਹ, ਚੋਰੀ, ਧਾਰਮਿਕ ਭਾਵਨਾਵਾਂ ਭੜਕਾਉਣ ਅਤੇ ਨਾਜਾਇਜ਼ ਅਸਲਾ ਰੱਖਣ ਦੇ ਮਾਮਲੇ ਵੀ ਸ਼ਾਮਲ ਹਨ।
ਇਨ੍ਹਾਂ ਵਿੱਚੋਂ ਕਈ ਵਾਰ ਕਈ ਕੇਸਾਂ ਵਿਚ ਜੋਬਨ ਦੀ ਗ੍ਰਿਫਤਾਰੀ ਵੀ ਹੋਈ ਅਤੇ ਜ਼ਮਾਨਤ ਵੀ ਹੋ ਚੁੱਕੀ ਹੈ ਪਰ ਲੰਬੇ ਸਮੇਂ ਤੋ ਉਹ ਪੁਲਿਸ ਨੂੰ ਚਕਮਾ ਦੇ ਕੇ ਦੌੜਣ ਵਿੱਚ ਕਾਮਯਾਬ ਹੋ ਰਿਹਾ ਸੀ। 3 ਸਤੰਬਰ ਨੂੰ ਜੋਬਨ ਮਸੀਹ ਵੱਲੋਂ ਤਿੱਬੜ ਥਾਣੇ ਦੇ ਇਕ ਏਐਸਆਈ ਤੇ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਵੀ ਦਰਜ ਹੋਇਆ। ਦੱਸਿਆ ਗਿਆ ਹੈ ਕਿ ਉਦੋਂ ਜੋਬਨ ਮਸੀਹ ਨੇ ਪੁਲਿਸ ਪਾਰਟੀ 'ਤੇ ਗੱਡੀ ਚੜ੍ਹਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਫਰਾਰ ਹੋ ਗਿਆ ਸੀ। ਸੂਤਰਾਂ ਅਨੁਸਾਰ ਮਈ 2007 ਵਿੱਚ ਉਸ ਦੇ ਖਿਲਾਫ ਲੁੱਟ ਖੋਹ ਦਾ ਪਹਿਲਾ ਮਾਮਲਾ ਥਾਣਾ ਸਿਟੀ ਗੁਰਦਾਸਪੁਰ ਵਿੱਚ ਦਰਜ ਕੀਤਾ ਗਿਆ ਸੀ ਹਾਲਾਂਕਿ ਇਸ ਵਿੱਚ ਉਹ ਬਰੀ ਹੋ ਗਿਆ ਸੀ ਪਰ ਇਥੋਂ ਹੀ ਉਸ ਦੇ ਅਪਰਾਧਿਕ ਜੀਵਨ ਦੀ ਸ਼ੁਰੂਆਤ ਹੋ ਗਈ ਸੀ।
ਉਸ ਤੋਂ ਬਾਅਦ ਇਸ ਦੇ ਖ਼ਿਲਾਫ਼ ਥਾਣਾ ਸਦਰ ਗੁਰਦਾਸਪੁਰ ਵਿੱਚ 1997 ਅਤੇ 1998 ਵਿੱਚ ਦੋ ਵੱਖ ਵੱਖ ਮਾਮਲੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਹੇਠ ਦਰਜ ਕੀਤੇ ਗਏ। 20 ਮਈ 1997 ਵਿਚ ਜੋਬਨ ਮਸੀਹ ਖ਼ਿਲਾਫ਼ ਲੁਟ ਖੋਹ (ਚੋਰੀ) ਅਤੇ ਇਰਾਦਾ ਕਤਲ ਦਾ ਪਹਿਲਾ ਮਾਮਲਾ ਦਰਜ ਹੋਇਆ ਸੀ। ਜਾਣਕਾਰੀ ਅਨੁਸਾਰ ਜੋਬਨ ਮਸੀਹ ਖ਼ਿਲਾਫ਼ ਗੁਰਦਾਸਪੁਰ ਸਦਰ ਥਾਣੇ ਵਿੱਚ 12, ਤਿੱਬੜ ਥਾਣੇ ਵਿੱਚ 6, ਸਿਟੀ ਥਾਣਾ ਗੁਰਦਾਸਪੁਰ ਵਿੱਚ 2, ਧਾਰੀਵਾਲ ਵਿਚ 2, ਬਟਾਲਾ ਵਿੱਚ 2, ਕਲਾਨੌਰ ਵਿੱਚ 2 ਜਦਕਿ ਕਾਹਨੂੰਵਾਨ ਅਤੇ ਹੁਸ਼ਿਆਰਪੁਰ ਵਿੱਚ ਇੱਕ-ਇੱਕ ਮਾਮਲੇ ਸਮੇਤ ਕੁੱਲ 28 ਮਾਮਲੇ ਦਰਜ ਹਨ।