ਇਸ ਮਾਮਲੇ 'ਚ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਫ਼ਿਰੋਜ਼ਪੁਰ: ਨਸ਼ੇੜੀ ਪਿਓ ਵੱਲੋਂ ਆਪਣੀ ਧੀ ਨੂੰ ਵੇਚਣ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਜਦੋਂ ਉਸ ਦੇ ਭਰਾ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਤਾਂ ਉਸ ਨੇ ਬੇਸਬਾਲ ਨਾਲ ਵਾਰ ਕਰਕੇ ਉਸ ਦੀ ਬਾਂਹ ਤੋੜ ਦਿੱਤੀ। ਇਸ ਮਾਮਲੇ 'ਚ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਏਐਸਆਈ ਦਲੀਪ ਕੁਮਾਰ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨਾਂ ਅਤੇ ਲਿਖਤੀ ਸ਼ਿਕਾਇਤ ਵਿਚ ਸ਼ਿਕਾਇਤਕਰਤਾ ਵਿਕਰਮ ਪੁੱਤਰ ਹਸਨ ਵਸੀ ਅਲੀ ਕੇ ਰੋਡ ਨੇ ਦੱਸਿਆ ਹੈ ਕਿ ਇਸ ਮਾਮਲੇ ਵਿਚ ਨਾਮਜ਼ਦ ਮੁਲਜ਼ਮ ਮਨੋਜ ਉਸ ਦਾ ਭਰਾ ਹੈ, ਜੋ ਨਸ਼ੇ ਦਾ ਆਦੀ ਹੈ। ਉਸ ਦੀ ਪਤਨੀ ਉਸ ਨੂੰ ਕਾਫੀ ਸਮਾਂ ਪਹਿਲਾਂ ਛੱਡ ਕੇ ਚਲੀ ਗਈ ਸੀ।
ਸ਼ਿਕਾਇਤਕਰਤਾ ਅਨੁਸਾਰ ਮਨੋਜ ਦੀ 10 ਸਾਲ ਦੀ ਬੇਟੀ ਹੈ, ਜਿਸ ਦੀ ਦੇਖਭਾਲ ਸ਼ਿਕਾਇਤਕਰਤਾ, ਉਸ ਦੀ ਮਾਂ ਗੁਰਮੀਤ ਕੌਰ ਅਤੇ ਪਤਨੀ ਗੀਤਾ ਕਰਦੇ ਹਨ। ਉਹਨਾਂ ਦੱਸਿਆ ਕਿ ਮਨੋਜ ਆਪਣੀ ਹੀ ਧੀ ਨੂੰ ਵੇਚਣਾ ਚਾਹੁੰਦਾ ਹੈ ਪਰ ਸ਼ਿਕਾਇਤਕਰਤਾ ਦੀ ਮਾਂ ਅਤੇ ਪਤਨੀ ਲੜਕੀ ਨੂੰ ਆਪਣੇ ਕੋਲ ਰੱਖਣਾ ਚਾਹੁੰਦੀਆਂ ਹਨ ਅਤੇ ਲੜਕੀ ਵੀ ਉਹਨਾਂ ਕੋਲ ਹੀ ਰਹਿਣਾ ਚਾਹੁੰਦੀ ਹੈ।
ਸ਼ਿਕਾਇਤਕਰਤਾ ਨੇ ਦੱਸਿਆ ਕਿ 21 ਨਵੰਬਰ ਨੂੰ ਉਸ ਦਾ ਭਰਾ ਮਨੋਜ ਨਸ਼ੇ ਦੀ ਹਾਲਤ ਵਿਚ ਉਸ ਦੇ ਘਰ ਆਇਆ ਅਤੇ ਬੇਸਬਾਲ ਨਾਲ ਵਾਰ ਕਰਕੇ ਸ਼ਿਕਾਇਤਕਰਤਾ ਦੀ ਬਾਂਹ ਤੋੜ ਦਿੱਤੀ। ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਨਾਮਜ਼ਦ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।