
ਸਿੱਖਾਂ ਦੀ ਲਗਾਤਾਰ ਘੱਟ ਰਹੀ ਆਬਾਦੀ ਚਿੰਤਾ ਦਾ ਵਿਸ਼ਾ : ਲਾਲਪੁਰਾ
ਕਿਹਾ, ਸਿੱਖਾਂ ਦੀ ਗਿਣਤੀ ਪਹਿਲਾਂ 63 ਫ਼ੀ ਸਦੀ ਸੀ ਜੋ ਹੁਣ ਘੱਟ ਕੇ 57 ਫ਼ੀ ਸਦੀ ਰਹਿ ਗਈ ਹੈ
ਮੋਗਾ, 27 ਨਵੰਬਰ : ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਸਿੱਖਾਂ ਦੀ ਘੱਟ ਰਹੀ ਗਿਣਤੀ 'ਤੇ ਚਿੰਤਾ ਪ੍ਰਗਟ ਕੀਤੀ ਹੈ | ਉਨ੍ਹਾਂ ਦਸਿਆ ਕਿ ਪਹਿਲਾਂ ਸਿੱਖਾਂ ਦੀ ਗਿਣਤੀ 63 ਫ਼ੀ ਸਦੀ ਸੀ ਪਰ ਹੁਣ ਇਹ ਘੱਟ ਕੇ 57 ਫ਼ੀ ਸਦੀ ਹੋ ਗਿਆ ਹੈ | ਹਾਲੀਆ ਘਟਨਾਵਾਂ ਦਾ ਹਵਾਲਾ ਦਿੰਦੇ ਹੋਏ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਸਾਨੂੰ ਇਹ ਵੀ ਡਰ ਰਹਿੰਦਾ ਹੈ ਕਿ ਦੂਜੇ ਲੋਕ ਸਾਡਾ ਧਰਮ ਪਰਿਵਰਤਨ ਕਰਵਾ ਰਹੇ ਹਨ | ਇਸ ਤਰ੍ਹਾਂ ਸਿੱਖਾਂ ਦੀ ਗਿਣਤੀ ਵਿਚ ਹੋਣ ਵਾਲਾ ਘਾਟਾ ਚਿੰਤਾ ਦਾ ਵਿਸ਼ਾ ਹੈ |
ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸਹੀਦੀ ਦਿਹਾੜੇ ਨੂੰ ਸਮਰਪਿਤ ਮੋਗਾ ਦੇ ਇਕ ਨਿਜੀ ਸਕੂਲ ਵਿਚ ਵਿਰਸਾ ਸੰਭਾਲ ਮੁਹਿੰਮ ਤਹਿਤ ਕਰਵਾਏ ਸਮਾਗਮ ਦੌਰਾਨ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉਨ੍ਹਾਂ ਨੇ ਪੱਤਰਕਾਰਾਂ ਨਾਲ ਗਲਬਾਤ ਕਰਦੇ ਸਮੇਂ ਕੀਤਾ | ਦੱਸ ਦੇਈਏ ਕਿ ਵਿਰਸਾ ਸੰਭਾਲ ਮੁਹਿੰਮ ਤਹਿਤ ਭਾਸ਼ਣ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਅਕਾਲੀ ਦਲ, ਭਾਜਪਾ ਅਤੇ ਸਮੂਹ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ | ਘੱਟ ਗਿਣਤੀ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਕੀਤੀ ਸ਼ਿਰਕਤ | ਸੱਭ ਤੋਂ ਪਹਿਲਾਂ ਸ਼ਬਦ ਗਾਇਨ ਨਾਲ ਇਸ ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆ | ਇਸ ਮੌਕੇ ਪੰਜਾਬ ਦੇ ਸਭਿਆਚਾਰਕ 'ਤੇ ਭਾਸ਼ਣ ਕਰਵਾਏ ਗਏ ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਜੀਵਨੀ 'ਤੇ ਚਾਨਣਾ ਪਾਇਆ ਗਿਆ ਅਤੇ ਉਨ੍ਹਾਂ ਦੇ ਦਰਸ਼ਾਏ ਮਾਰਗ 'ਤੇ ਚੱਲਣ ਦੀ ਅਪੀਲ ਕੀਤੀ ਗਈ |
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਕਬਾਲ ਸਿੰਘ ਲਾਲਪੁਰਾ ਨੇ ਦਸਿਆ ਕਿ ਪੰਜਾਬ ਦੀ ਮੌਜੂਦਾ ਹਾਲਤ ਲਈ ਅਸੀਂ ਖੁਦ ਜ਼ਿੰਮੇਵਾਰ ਹਾਂ ਕਿਉਂਕਿ ਅਸੀਂ ਇਸ ਸਰਕਾਰ ਨੂੰ ਵੋਟਾਂ ਪਾ ਕੇ ਇਹ ਸਰਕਾਰ ਬਣਾਈ ਹੈ | ਸਵਾਲਾਂ ਦੇ ਜਵਾਬ ਦਿੰਦਿਆਂ ਲਾਲਪੁਰਾ ਨੇ ਦਸਿਆ ਕਿ ਘੱਟ ਗਿਣਤੀ ਸਿੱਖ ਕਦੇ ਅਪਣੀਆਂ ਮੰਗਾਂ ਜਾਂ ਸਮੱਸਿਆਵਾਂ ਲੈ ਕੇ ਉਨ੍ਹਾਂ ਕੋਲ ਨਹੀਂ ਆਏ ਅਤੇ ਜੇਕਰ ਉਹ ਕੋਈ ਮੰਗ ਲੈ ਕੇ ਆਉਂਦਾ ਵੀ ਤਾਂ ਉਹ ਅਜਿਹੀ ਹੁੰਦੀ ਹੈ ਜਿਸ ਬਾਰੇ ਉਹ ਖੁਦ ਵੀ ਤਿਆਰ ਨਹੀਂ ਹੁੰਦੇ |
ਉਨ੍ਹਾਂ ਕਿਹਾ ਕਿ ਸਿੱਖ ਪਹਿਲਾਂ 2 ਨੰਬਰ 'ਤੇ ਸਨ ਅਤੇ ਹੁਣ ਇਹ ਘੱਟ ਗਿਣਤੀ 3 ਨੰਬਰ 'ਤੇ ਪਹੁੰਚ ਗਈ ਹੈ ਅਤੇ ਇਹ ਅਬਾਦੀ ਲਗਾਤਾਰ ਘੱਟ ਹੁੰਦੀ ਜਾ ਰਹੀ ਹੈ | ਪਿਛਲੇ 70 ਸਾਲ ਤੋਂ ਪੰਜਾਬ ਦਾ ਮਾਹੌਲ ਠੀਕ ਨਹੀਂ ਹੈ ਅਤੇ ਹਰ ਚੰਗਾ ਆਦਮੀ ਚਾਹੁੰਦਾ ਹੈ ਕਿ ਵਿਦੇਸ਼ ਚਲੇ ਜਾਈਏ | ਉਨ੍ਹਾਂ ਕਿਹਾ ਕਿ ਅਪਣੀਆਂ ਮੰਗਾਂ ਲਈ ਕਈ ਤਰ੍ਹਾਂ ਦੇ ਧਰਨੇ ਪ੍ਰਦਰਸ਼ਨ ਕੀਤੇ ਜਾਂਦੇ ਹਨ ਪਰ ਇਨ੍ਹਾਂ ਦਾ ਕੋਈ ਵੀ ਸਾਰਥਕ ਨਤੀਜਾ ਨਹੀਂ ਨਿਕਲਦਾ ਸਗੋਂ ਪੰਜਾਬ ਦੀ ਬਰਬਾਦੀ ਹੋ ਰਹੀ ਹੈ | ਉਨ੍ਹਾਂ ਅੱਗੇ ਜਨਤਾ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਸਾਨੂੰ ਬਾਬੇ ਨਾਨਕ ਦੇ ਦੱਸੇ ਮਾਰਗ 'ਤੇ ਚਲਦਿਆਂ ਇਕੱਠੇ ਹੋਣ ਦੀ ਲੋੜ ਹੈ ਅਤੇ ਜੋ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰਦੇ ਹਨ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ |
ਉਨ੍ਹਾਂ ਕਿਹਾ ਕਿ ਸਾਨੂੰ ਸੱਭ ਨੂੰ ਇਕਜੁਟ ਹੋ ਕੇ ਵਿਕਾਸ ਅਤੇ ਤਰੱਕੀ ਦੇ ਰਾਹ 'ਤੇ ਤੁਰਨਾ ਚਾਹੀਦਾ ਹੈ | ਪੱਤਰਕਾਰਾਂ ਨੇ ਜਦੋਂ ਵਾਰਿਸ ਪੰਜਾਬ ਦੇ ਅੰਮਿ੍ਤਪਾਲ ਸਿੰਘ ਖਾਲਸਾ ਬਾਰੇ ਇਕਬਾਲ ਸਿੰਘ ਲਾਲਪੁਰਾ ਨੂੰ ਪੁਛਿਆ ਤਾਂ ਉਨ੍ਹਾਂ ਕਿਹਾ ਕਿ ਕੌਣ ਹੈ ਅੰਮਿ੍ਤਪਾਲ, 'ਵਾਰਿਸ ਪੰਜਾਬ ਦੇ' ਕੀ ਹੈ, ਮੈਂ ਨਹੀਂ ਜਾਣਦਾ | ਮੈਂ ਅਜਿਹੇ ਕਿਸੇ ਬੰਦੇ ਨੂੰ ਨਹੀਂ ਜਾਣਦਾ ਜਿਸ ਨੇ ਪੰਜਾਬ ਖ਼ਾਤਰ ਕੋਈ ਕੰਮ ਕੀਤਾ ਹੋਵੇ |