
ਤੇਜਿੰਦਰ ਸਿੰਘ ਨੇ ਸਜਾਈਆਂ ਦਿੱਲੀ ਜਾ ਕੇ ਕਿਸਾਨਾਂ ਨੂੰ ਦਸਤਾਰਾਂ, ਦਿਤਾ ਸਿੱਖ ਧਰਮ ਦਾ ਸੁਨੇਹਾ
ਮੌੜ , 27 ਦਸੰਬਰ ( ਨਾਨਕ ਸਿੰਘ ਖੁਰਮੀ) : ਸਿੱਖੀ ਨੂੰ ਸਮਰਪਿਤ ਤੇਜਿੰਦਰ ਸਿੰਘ ਖ਼ਾਲਸਾ ਨੇ ਦਿੱਲੀ ਦੇ ਟਿਕਰੀ ਬਾਰਡਰ ਤੇ ਪਹੁੰਚ ਕੇ ਅਪਣੀ ਹਾਜ਼ਰੀ ਲਗਵਾਈ ਅਤੇ ਪੰਜਾਬ ਦੇ ਕਿਸਾਨਾਂ ਦੇ ਨਾਲ ਨਾਲ ਹੋਰ ਰਾਜਾਂ ਤੋਂ ਆਏ ਕਿਸਾਨਾਂ ਨੂੰ ਦਸਤਾਰਾਂ ਸਜਾ ਕੇ ਸਿੱਖ ਧਰਮ ਦਾ ਸੁਨੇਹਾ ਦਿਤਾ | ਇਸ ਮੌਕੇ ਉਨ੍ਹਾਂ ਦਸਿਆ ਕਿ ਉਹ (ਪੱਗੜੀ ਬੈਂਕ) ਦੀਆਂ ਅਪਣੀਆਂ ਰੰਗ-ਬਿਰੰਗੀਆਂ ਦਸਤਾਰਾਂ ਲੈ ਕੇ ਟਿਕਰੀ ਬਾਰਡਰ ਤੇ ਪਹੁੰਚੇ ਅਤੇ ਉੱਥੇ ਪਹੁੰਚ ਕੇ ਉਨ੍ਹਾਂ ਨੇ ਮੋਦੀ ਸਰਕਾਰ ਵਿਰੁਧ ਵੱਖ-ਵੱਖ ਥਾਵਾਂ ਤੋਂ ਆਏ ਸੈਂਕੜੇ ਕਿਸਾਨਾਂ ਨੂੰ ਨਿਸ਼ਕਾਮ ਦਸਤਾਰਾਂ ਸਜਾਈਆਂ | ਉਨ੍ਹਾਂ ਇਹ ਸੇਵਾ ਬਿਨਾਂ ਕਿਸੀ ਸਵਾਰਥ ਦੇ ਨਿਸ਼ਕਾਮ ਭਾਵ ਦੇ ਤੌਰ 'ਤੇ ਕੀਤੀ ਹੈ ਜਿਸ ਕਰ ਕੇ ਲੋਕ ਅਕਸਰ ਹੀ ਹੁਣ ਤੇਜਿੰਦਰ ਸਿੰਘ ਖ਼ਾਲਸਾ ਨੂੰ
ਦਸਤਾਰ ਵਾਲਾ ਵੀਰ ਕਹਿ ਕੇ ਸੰਬੋਧਨ ਕਰਦੇ ਹਨ | ਜ਼ਿਕਰਯੋਗ ਹੈ ਕਿ ਮਾਨਸਾ ਨਿਵਾਸੀ ਤੇਜਿੰਦਰ ਸਿੰਘ ਖ਼ਾਲਸਾ ਜੋ ਕਿ ਸਿੱਖੀ ਧਰਮ ਪ੍ਰਚਾਰ ਲਈ ਹਮੇਸ਼ਾ ਹੀ ਤੱਤਪਰ ਰਹਿੰਦੇ ਹਨ ਅਤੇ ਉਨ੍ਹਾਂ ਵਲੋਂ ਹਰ ਸਾਲ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਮੌਕੇ ਦਸੰਬਰ ਮਹੀਨੇ ਵਿਚ ਮਾਨਸਾ ਅਤੇ ਹੋਰਨਾਂ ਜ਼ਿਲਿ੍ਹਆਂ ਅਤੇ ਵੱਖ-ਵੱਖ ਰਾਜਾਂ ਵਿਚ ਜਾ ਕੇ ਦਸਤਾਰਾਂ ਦਾ ਲੰਗਰ ਲਗਾਉਣ ਦੀ ਪ੍ਰਥਾ ਦੀ ਸ਼ੁਰੂਆਤ ਕੀਤੀ ਅਤੇ ਹੁਣ ਤਕ ਸੱਤ ਹਜ਼ਾਰ ਲੋਕਾਂ ਦੇ ਦਸਤਾਰ ਸਜਾਈ ਜਾ ਚੁੱਕੀ ਹੈ | ਉਨ੍ਹਾਂ ਨੂੰ ਪਿਛਲੇ ਕਾਫ਼ੀ ਸਮੇਂ ਤੋਂ ਸਿੱਖ ਧਰਮ ਦੇ ਪ੍ਰਸਾਰ ਦੇ ਨਾਲ ਦਸਤਾਰ ਸਜਾਉਣ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਸਨਮਾਨਤ ਵੀ ਕੀਤਾ ਜਾ ਚੁੱਕਾ ਹੈ |
ਫੋਟੋ ਨੰ -1
ਫੋਟੋ ਕੈਪਸ਼ਨ - ਤੇਜਿੰਦਰ ਸਿੰਘ ਖ਼ਾਲਸਾ ਦਿੱਲੀ ਦੇ ਟਿਕਰੀ ਬਾਰਡਰ ਤੇ ਪਹੁੰਚੇ ਕਿਸਾਨਾਂ ਨੂੰ ਦਸਤਾਰ ਸਜਾਉਾਦੇ ਹੋਏ |