
ਚੋਣਾਂ ਲੜਨ ਦਾ ਐਲਾਨ ਕਰਨ ਵਾਲੇ ਪੰਜਾਬ ਦੇ ਕਿਸਾਨਾਂ ਲਈ ਪ੍ਰਚਾਰ ਨਹੀਂ ਕਰਾਂਗਾ : ਟਿਕੈਤ
ਮੇਰਠ (ਉਤਰ ਪ੍ਰਦੇਸ਼), 27 ਦਸੰਬਰ : ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਅਤੇ ਹਰਮੀਤ ਸਿੰਘ ਕਾਦੀਆਂ ਦੇ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਦੇ ਐਲਾਨ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ (ਭਾਕਿਯੂ) ਦੇ ਰਾਸ਼ਟਰੀ ਪ੍ਰਧਾਨ ਰਾਕੇਸ਼ ਟਿਕੈਤ ਨੇ ਕਿਹਾ ਕਿ ਇਹ ਪੰਜਾਬ ਦੇ ਕਿਸਾਨਾਂ ਦਾ ਨਿਜੀ ਫ਼ੈਸਲਾ ਹੈ, ਜਿਸ ਨਾਲ ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਦਾ ਕੋਈ ਲੈਣਾ-ਦੇਣਾ ਨਹੀਂ ਅਤੇ ਉਹ ਪੰਜਾਬ ਵਿਚ ਚੋਣਾਂ ਲੜਨ ਵਾਲੇ ਕਿਸਾਨ ਆਗੂਆਂ ਲਈ ਪ੍ਰਚਾਰ ਨਹੀਂ ਕਰਨਗੇ |
ਪੰਜਾਬ ਦੀਆਂ 22 ਕਿਸਾਨ ਜਥੇਬੰਦੀਆਂ ਨੇ ਸਨਿਚਰਵਾਰ ਨੂੰ ਇਕ ਸਿਆਸੀ ਮੋਰਚਾ ਬਣਾਇਆ ਅਤੇ ਐਲਾਨ ਕੀਤਾ ਕਿ ਉਹ ਸਿਆਸਤ ਵਿਚ ਬਦਲਾਅ ਲਈ ਆਗਾਮੀ ਸੂਬਾ ਵਿਧਾਨ ਸਭਾ ਚੋਣਾਂ ਲੜਨਗੇ | ਇਹ 22 ਕਿਸਾਨ ਜਥੇਬੰਦੀਆਂ ਪੰਜਾਬ ਦੀਆਂ ਉਨ੍ਹਾਂ 32 ਜਥੇਬੰਦੀਆਂ ਵਿਚੋਂ ਹਨ, ਜਿਨ੍ਹਾਂ ਨੇ ਤਿੰਨ ਖੇਤੀ ਕਾਨੂੰਨਾਂ ਵਿਰੁਧ ਇਕ ਸਾਲ ਤੋਂ ਜ਼ਿਆਦਾ ਸਮੇਂ ਤਕ ਚਲੇ ਅੰਦੋਲਨ ਵਿਚ ਹਿੱਸਾ ਲਿਆ ਸੀ | ਹਾਲਾਂਕਿ, ਕਾਨੂੰਨਾਂ ਵਿਰੁਧ ਕਿਸਾਨਾਂ ਦੇ ਅੰਦੋਲਨ ਦੀ ਅਗਵਾਈ ਕਰਨ ਵਾਲੇ ਐਸਕੇਐਮ ਨੇ ਸਪੱਸ਼ਟ ਕੀਤਾ ਹੈ ਕਿ ਉਹ ਵਿਧਾਨ ਸਭਾ ਚੋਣਾਂ ਨਹੀਂ ਲੜੇਗਾ |
ਰਾਕੇਸ਼ ਟਿਕੈਤ ਨੇ ਗੱਲਬਾਤ ਦੌਰਾਨ ਭਾਕਿਯੂ ਦੇ ਚੋਣਾਂ ਲੜਨ ਦੀ ਸੰਭਾਵਨਾ ਉਤੇ ਤਾਂ ਕੁੱਝ ਸਪੱਸ਼ਟ ਨਹੀਂ ਕਿਹਾ ਪਰ ਇਹ ਜ਼ਰੂਰ ਕਿਹਾ ਕਿ ਉਹ ਨਾ ਤਾਂ ਕੋਈ ਚੋਣ ਲੜਨਗੇ ਅਤੇ ਨਾ ਹੀ ਪਾਰਟੀ ਬਣਾਉਣਗੇ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪ੍ਰਵਾਰ ਵਿਚੋਂ ਵੀ ਕੋਈ ਚੋਣ ਨਹੀਂ ਲੜੇਗਾ | ਟਿਕੈਤ ਨੇ ਆਗਾਮੀ ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਭਾਕਿਯੂ ਦੇ ਰੁਖ਼ ਬਾਰੇ ਪੁੱਛਣ 'ਤੇ ਕਿਹਾ ਕਿ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਹੀ ਅੱਗੇ ਦੀ ਰਣਨੀਤੀ ਦਾ ਪ੍ਰਗਟਾਵਾ ਕਰਾਂਗੇ |
ਜ਼ਿਕਰਯੋਗ ਹੈ ਕਿ ਮੇਰਠ ਵਿਚ ਅਖਿਲੇਸ਼ ਯਾਦਵ ਅਤੇ ਰਾਸ਼ਟਰੀ ਲੋਕ ਦਲ ਦੇ ਪ੍ਰਧਾਨ ਜਯੰਤ ਚੌਧਰੀ ਨਾਲ ਰਾਕੇਸ਼ ਟਿਕੈਤ ਦਾ ਪੋਸਟਰ ਲਗਾਇਆ ਗਿਆ ਸੀ, ਜਿਸ ਨੂੰ ਭਾਕਿਯੂ ਦੇ ਵਿਰੋਧ ਕਰਨ ਤੋਂ ਬਾਅਦ ਹਟਾ ਦਿਤਾ ਗਿਆ | ਰਾਕੇਸ਼ ਟਿਕੈਤ ਨੇ 2007 ਵਿਚ ਭਾਰਤੀ ਕਿਸਾਨ ਦਲ ਵਲੋਂ ਖਤੌਲੀ ਵਿਧਾਨ ਸਭਾ ਸੀਟ ਤੋਂ ਚੋਣ ਲੜੀ ਸੀ, ਪਰ ਉਹ ਅਪਣੀ ਜ਼ਮਾਨਤ ਵੀ ਨਹੀਂ ਬਚਾ ਸਕੇ ਸਨ | ਉਨ੍ਹਾਂ ਨੇ 2014 ਵਿਚ ਰਾਸ਼ਟਰੀਪ ਲੋਕ ਦਲ (ਰਾਲੋਦ) ਦੀ ਟਿਕਟ ਉਤੇ ਅਮਰੋਹਾ ਸੰਸਦੀ ਸੀਟ ਤੋਂ ਚੋਣ ਲੜੀ ਸੀ ਪਰ ਇਥੇ ਵੀ ਉਹ ਹਾਰ ਗਏ ਸਨ |
(ਪੀਟੀਆਈ)