
ਥਾਣਾ ਮੁਖੀ ਤੇ ਮੁਨਸ਼ੀ ਤੋਂ ਤੰਗ ਆ ਕੇ ਹੈੱਡ ਕਾਂਸਟੇਬਲ ਨੇ ਕੀਤੀ ਖ਼ੁਦਕੁਸ਼ੀ
ਸਰਾਏ ਅਮਾਨਤ ਖ਼ਾਂ, 28 ਜਨਵਰੀ (ਗੁਰਸ਼ਰਨ ਸਿੰਘ ਔਲਖ): ਜ਼ਿਲ੍ਹਾ ਤਰਨਤਾਰਨ ਦੇ ਥਾਣਾ ਝਬਾਲ ਵਿਖੇ ਰਾਤ ਦੇ ਮੁਨਸ਼ੀ ਵਲੋਂ ਥਾਣਾ ਮੁਖੀ ਤੇ ਮੁੱਖ ਮੁਨਸ਼ੀ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਉਸ ਨੇ ਇਕ ਖ਼ੁਦਕੁਸ਼ੀ ਨੋਟ ਵੱਟਸਐਪ ਤੇ ਸੋਸ਼ਲ ਮੀਡੀਆ 'ਤੇ ਪਾਇਆ ਜਿਸ ਵਿਚ ਉਸ ਨੇ ਥਾਣਾ ਮੁਖੀ ਤੇ ਮੁੱਖ ਮੁਨਸ਼ੀ ਤੇ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਉਾਦੇ ਹੋਏ ਖ਼ੁਦਕੁਸ਼ੀ ਦਾ ਜ਼ਿੰਮੇਵਾਰ ਦੋਵਾਂ ਨੂੰ ਠਹਿਰਾਇਆ | ਖ਼ੁਦਕੁਸ਼ੀ ਨੋਟ ਮੁਤਾਬਕ ਹੈੱਡ ਕਾਂਸਟੇਬਲ ਹਰਪਾਲ ਸਿੰਘ ਥਾਣਾ ਝਬਾਲ ਵਿਖੇ ਰਾਤ ਦੇ ਮੁਨਸ਼ੀ ਵਜੋਂ ਡਿਊਟੀ ਕਰਦਾ ਸੀ ਤੇ 26 ਜਨਵਰੀ ਨੂੰ ਵੀ ਅਪਣੀ ਡਿਊਟੀ 'ਤੇ ਆਇਆ ਸੀ | ਉਸ ਨੇ ਥਾਣਾ ਮੁਖੀ ਤੇ ਮੁੱਖ ਮੁਨਸ਼ੀ ਤੇ ਦੋਸ਼ ਲਗਾਏ ਕਿ ਰਾਤ ਦੇ ਸਮੇਂ ਥਾਣਾ ਮੁਖੀ ਨੇ ਉਸ ਨੂੰ ਬਿਨਾਂ ਵਜ੍ਹਾ ਹੀ ਗਾਲੀ ਗਲੋਚ ਕੀਤਾ ਤੇ ਹਵਾਲਾਤ ਵਿਚ ਬੰਦ ਕਰਨ ਦੀ ਧਮਕੀ ਵੀ ਦਿਤੀ ਗਈ ਬਾਰੇ ਲਿਖਿਆ ਜਿਸ ਤੋਂ ਤੰਗ ਆ ਕੇ ਉਸ ਨੇ ਕੋਈ ਜ਼ਹਿਰੀਲੀ ਦਵਾਈ ਖਾ ਕੇ ਖ਼ੁਦਕੁਸ਼ੀ ਕਰ ਲਈ | ਇਸ ਸਬੰਧ ਵਿਚ ਜਦ ਥਾਣਾ ਝਬਾਲ ਦੇ ਥਾਣਾ ਮੁਖੀ ਜਸਵੰਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਹਰਪਾਲ ਸਿੰਘ ਵਲੋਂ ਡਿਊਟੀ ਵਿਚ ਕੁਤਾਹੀ ਕੀਤੀ ਗਈ ਜਿਸ 'ਤੇ ਉਸ ਨੂੰ ਤਾੜਨਾ ਕੀਤੀ ਕਿ ਉਹ ਕੁਤਾਹੀ ਨਾ ਕਰੇ | ਜਦ ਮੁੱਖ ਮੁਨਸ਼ੀ ਲਖਵਿੰਦਰ ਸਿੰਘ ਨਾਲ ਸੰਪਰਕ ਕਰਨਾ ਚਾਹਿਆ ਤਾਂ ਮੋਬਾਈਲ ਦਾ ਸਵਿੱਚ ਬੰਦ ਆ ਰਿਹਾ ਸੀ ਅਤੇ ਜਦ ਡੀ.ਐਸ. ਪੀ ਸਿਟੀ ਸੁੱਚਾ ਸਿੰਘ ਬੱਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਸ ਦੇ ਪ੍ਰਵਾਰਕ ਮੈਂਬਰਾਂ ਮੁਤਾਬਕ ਹੈੱਡ ਕਾਂਸਟੇਬਲ ਹਰਪਾਲ ਸਿੰਘ ਠੀਕ ਨਹੀਂ ਰਹਿੰਦਾ ਸੀ ਤੇ ਬੀਤੇ ਦਿਨ ਉਸ ਨੇ ਗ਼ਲਤੀ ਨਾਲ ਕੋਈ ਦਵਾਈ ਖਾ ਲਈ ਹੈ ਜਿਸ 'ਤੇ ਥਾਣਾ ਕੱਚਾ ਪੱਕਾ ਵਿਖੇ ਪ੍ਰਵਾਰਕ ਮੈਂਬਰਾਂ ਦੇ ਬਿਆਨਾਂ ਤੇ 174 ਦੀ ਕਾਰਵਾਈ ਕਰ ਕੇ ਲਾਸ਼ ਪੋਸਟਮਾਰਟਮ ਕਰ ਕੇ ਵਾਰਸਾਂ ਦੇ ਹਵਾਲੇ ਕਰ ਦਿਤੀ ਹੈ |
image