
ਰਾਜੇਵਾਲ ਵਲੋਂ ਦੀਪ ਸਿੱਧੂ ਨੂੰ ਆਰ.ਐਸ.ਐਸ. ਦਾ ਏਜੰਟ ਕਹਿਣ ਤੋਂ ਬਾਅਦ ਛਿੜੀ ਅਜੀਬ ਚਰਚਾ
ਕੋਟਕਪੂਰਾ, 28 ਜਨਵਰੀ (ਗੁਰਿੰਦਰ ਸਿੰਘ) : ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਅਗਵਾਈ ਕਰ ਰਹੇ ਆਗੂਆਂ ਵਲੋਂ 26 ਜਨਵਰੀ ਦੇ ਦਿੱਲੀ ਵਿਵਾਦ ਲਈ ਫ਼ਿਲਮੀ ਅਦਾਕਾਰ ਦੀਪ ਸਿੱਧੂ ਸਮੇਤ ਤਿੰਨ ਵਿਅਕਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ, ਜਦਕਿ ਬਲਬੀਰ ਸਿੰਘ ਰਾਜੇਵਾਲ ਨੇ ਤਾਂ ਦੀਪ ਸਿੱਧੂ ਨੂੰ ਆਰਐਸਐਸ ਦਾ ਏਜੰਟ ਆਖ ਕੇ ਉਸ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਉਸ ਦੇ ਸਮਾਜਕ ਬਾਈਕਾਟ ਦਾ ਸੱਦਾ ਵੀ ਦੇ ਦਿਤਾ ਹੈ।
ਅੱਜ ਤੀਜੇ ਦਿਨ ਵੀ ਸੋਸ਼ਲ ਮੀਡੀਏ ਰਾਹੀਂ ਲਾਲ ਕਿਲ੍ਹੇ ’ਤੇ ਝੰਡਾ ਲਹਿਰਾਉਣ ਦੀ ਘਟਨਾ ਨੂੰ ਕਿਸਾਨ ਅੰਦੋਲਨ ਨਾਲ ਜੋੜ ਕੇ ਅੰਦੋਲਨ ਨੂੰ ਤਾਰਪੀਡੋ ਜਾਂ ਬਦਨਾਮ ਕਰਨ ਦੇ ਦੋਸ਼ ਲਾਉਣ ਵਾਲੀਆਂ ਪੋਸਟਾਂ ਧੜਾਧੜ ਵਾਇਰਲ ਹੁੰਦੀਆਂ ਰਹੀਆਂ। ਨਿਰਪੱਖ ਰਾਇ ਰੱਖਣ ਵਾਲੇ ਵਿਦਵਾਨਾਂ ਦਾ ਦਾਅਵਾ ਹੈ ਕਿ ਇਹ ਸੱਭ ਸਰਕਾਰੀ ਏਜੰਸੀਆਂ ਦਾ ਕਾਰਾ ਹੈ ਕਿਉਂਕਿ ਉਨ੍ਹਾਂ ਨੂੰ ਲਗਾਤਾਰ ਦੋ ਮਹੀਨੇ ਸ਼ਾਂਤਮਈ ਚਲ ਰਹੇ ਧਰਨਿਆਂ ’ਚੋਂ ਇਕ ਵੀ ਦੋਸ਼ ਲਾਉਣ ਵਾਲੀ ਗੱਲ ਨਾ ਲੱਭੀ ਪਰ ਹੁਣ ਕਿਸਾਨ ਅੰਦੋਲਨ ਨੂੰ ਅਤਿਵਾਦੀ, ਵੱਖਵਾਦੀ, ਖ਼ਾਲਿਸਤਾਨੀ, ਪਾਕਿਸਤਾਨੀ, ਮਾਊਵਾਦੀਆਂ ਦੀ ਹਮਾਇਤ ਦਾ ਦੋਸ਼ ਲਾਉਣ ਦਾ ਮੌਕਾ ਮਿਲ ਗਿਆ ਹੈ। ਉਨ੍ਹਾਂ ਸਵਾਲ ਕੀਤਾ ਕਿ 10 ਲੱਖ ਦੇ ਇਕੱਠ ਵਿਚੋਂ ਪੁਆਇੰਟ ਇਕ ਅਰਥਾਤ 1000 ਤੋਂ ਵੀ ਘੱਟ ਲੋਕਾਂ ਦੇ ਹੁੜਦੰਗ ਨੂੰ ਸਰਕਾਰ ਪੱਖੀ ਮੀਡੀਏ ਨੇ ਗ਼ਲਤ ਢੰਗ ਨਾਲ ਪੇਸ਼ ਕਰ ਕੇ ਆਖ਼ਰ ਕਿਹੜੇ ਸਬੂਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ? ਉਨ੍ਹਾਂ ਦਾਅਵਾ ਕੀਤਾ ਕਿ ਸ਼ਾਂਤਮਈ ਟਰੈਕਟਰ ਪਰੇਡ ਉਪਰ ਅਨੇਕਾਂ ਥਾਵਾਂ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ, ਸ਼ਾਨਦਾਰ ਸਵਾਗਤ ਹੋਇਆ, ਹਰ ਤਰ੍ਹਾਂ ਦੇ ਸਮਰਥਨ ਦਾ ਵਿਸ਼ਵਾਸ ਦਿਵਾਇਆ ਗਿਆ ਪਰ ਉਕਤ ਮੀਡੀਏ ਨੇ ਉਸ ਦਾ ਜ਼ਿਕਰ ਕਰਨ ਦੀ ਜ਼ਰੂਰਤ ਹੀ ਨਾ ਸਮਝੀ।
ਬਲਬੀਰ ਸਿੰਘ ਰਾਜੇਵਾਲ, ਯੋਗਿੰਦਰ ਯਾਦਵ, ਰਾਕੇਸ਼ ਟਿਕੈਤ, ਜੋਗਿੰਦਰ ਸਿੰਘ ਉਗਰਾਹਾਂ ਸਮੇਤ ਵੱਖ ਵੱਖ ਕਿਸਾਨ ਆਗੂਆਂ ਨੇ ਪੁੱਛਿਆ ਕਿ ਜਦੋਂ ਦੀਪ ਸਿੱਧੂ ਦੀ ਅਗਵਾਈ ਵਾਲੀ ਭੀੜ ਨੇ ਲਾਲ ਕਿਲੇ੍ਹ ’ਤੇ ਹੁੜਦੰਗ ਮਚਾਇਆ, ਦੀਪ ਸਿੱਧੂ ਵਲੋਂ ਅਗਵਾਈ ਕਰਨ ਦੇ ਵੀਡੀਉ ਕਲਿਪ ਵਾਇਰਲ ਹੋਏ ਤਾਂ ਸ਼ਾਂਤਮਈ ਟਰੈਕਟਰ ਪਰੇਡ ਵਿਚ ਸ਼ਾਮਲ ਅਤੇ ਹੁੜਦੰਗ ਦਾ ਵਿਰੋਧ ਕਰ ਰਹੀ ਕਿਸਾਨ ਲੀਡਰਸ਼ਿਪ ’ਤੇ ਹੀ ਮਾਮਲੇ ਦਰਜ ਕਿਉਂ ਹੋਏ? ਦੀਪ ਸਿੱਧੂ ਵਿਰੁਧ ਮਾਮਲਾ ਦਰਜ ਕਰਨ ਦੀ ਜ਼ਰੂਰਤ ਹੀ ਕਿਉਂ ਨਾ ਸਮਝੀ ਗਈ? ਪਹਿਲੇ ਦਿਨ ਤੋਂ ਹੀ ਕਿਸਾਨ ਅੰਦੋਲਨ ’ਚ ਚਰਚਾ ਦਾ ਵਿਸ਼ਾ ਬਣਦੇ ਰਹੇ ਦੀਪ ਸਿੱਧੂ ਉਪਰ ਸਮੇਂ ਸਮੇਂ ਭਾਜਪਾ ਦੀ ਸ਼ਹਿ ’ਤੇ ਕਿਸਾਨ ਅੰਦੋਲਨ ਨੂੰ ਸਾਬੋਤਾਜ਼ ਜਾਂ ਬਦਨਾਮ ਕਰਨ ਦੇ ਦੋਸ਼ ਵੀ ਲੱਗੇ।
ਇਸ ਤੋਂ ਪਹਿਲਾਂ ਦੀਪ ਸਿੱਧੂ ਨੇ 14 ਅਕਤੂਬਰ 2020 ਵਾਲੇ ਦਿਨ ਬਹਿਬਲ ਕਲਾਂ ਗੋਲੀਕਾਂਡ ਦੇ ਪੀੜਤ ਪ੍ਰਵਾਰਾਂ ਵਲੋਂ ਸ਼ਹੀਦਾਂ ਦੀ ਯਾਦ ਵਿਚ ਗੁਰਦਵਾਰਾ ਸਾਹਿਬ ਵਿਖੇ ਕਰਵਾਏ ਜਾ ਰਹੇ ਸ਼ਰਧਾਂਜਲੀ ਸਮਾਗਮ ਵਿਚ ਸ਼ਾਮਲ ਹੁੰਦਿਆਂ ਦਾਅਵਾ ਕੀਤਾ ਸੀ ਕਿ ਉਹ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਦੋ ਸਿੱਖ ਨੌਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਆਇਆ ਹੈ ਪਰ ਰੋਜ਼ਾਨਾ ਸਪੋਕਸਮੈਨ ਦੇ ਇਸ ਪੱਤਰਕਾਰ ਸਮੇਤ ਹੋਰ ਲੋਕਾਂ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਦੇ ਕਰਦੇ ਆਖ਼ਰ ਉਹ ਉੱਥੋਂ ਖਿਸਕ ਗਿਆ। ਉਥੇ ਹਾਜ਼ਰ ਲੋਕਾਂ ਨੇ ਉਸ ਨੂੰ ਭਾਜਪਾ ਦਾ ਏਜੰਟ ਆਖਦਿਆਂ ਵਿਰੋਧ ਕੀਤਾ ਤੇ ਕੁੱਝ ਨਿਰਪੱਖ ਰਾਇ ਰੱਖਣ ਵਾਲੇ ਲੋਕਾਂ ਨੇ ਉਸ ਸਮੇਂ ਵੀ ਦਾਅਵਾ ਕੀਤਾ ਸੀ ਕਿ ਦੀਪ ਸਿੱਧੂ ਬਹਿਬਲ ਗੋਲੀਕਾਂਡ ਵਿਚ ਬਾਦਲਾਂ ਵਿਰੁਧ ਬੋਲ ਕੇ ਭਾਜਪਾ ਆਗੂਆਂ ਨੂੰ ਖ਼ੁਸ਼ ਕਰਨਾ ਚਾਹੁੰਦਾ ਸੀ ਪਰ ਉੱਥੇ ਉਸਦੀ ਦਾਲ ਨਾ ਗਲੀ ਤਾਂ ਉਹ ਉਸ ਤੋਂ ਮਗਰੋਂ ਕਿਸਾਨ ਅੰਦੋਲਨ ਵਿਚ ਸਰਗਰਮ ਹੋ ਗਿਆ।
ਫੋਟੋ :- ਕੇ.ਕੇ.ਪੀ.-ਗੁਰਿੰਦਰ-28-4ਡੀ