
ਹਿੰਸਾ ਕਾਰਨ ਸਿੰਘੂ ਸਰਹੱਦ 'ਤੇ ਕਿਸਾਨਾਂ ਵਿਰੁਧ ਪਿੰਡ ਵਾਸੀਆਂ ਨੇ ਕੀਤਾ ਪ੍ਰਦਰਸ਼ਨ
ਨਵੀਂ ਦਿੱਲੀ, 28 ਜਨਵਰੀ: ਗਣਤੰਤਰ ਦਿਵਸ ਮੌਕੇ ਦਿੱਲੀ ਵਿਖੇ ਹੋਈ ਕਿਸਾਨ ਟਰੈਕਟਰ ਰੈਲੀ ਦੌਰਾਨ ਬਹੁਤ ਹਿੰਸਾ ਹੋਈ ਸੀ | ਹੁਣ ਇਸ ਦਾ ਪ੍ਰਭਾਵ ਕਿਸਾਨ ਅੰਦੋਲਨ 'ਤੇ ਪੈਂਦਾ ਦਿਖਾਈ ਦੇ ਰਿਹਾ ਹੈ | ਦਿੱਲੀ ਦੀ ਸਿੰਘੂ ਸਰਹੱਦ (ਦਿੱਲੀ-ਹਰਿਆਣਾ) ਉੱਤੇ ਲਗਭਗ ਪਿਛਲੇ ਦੋ ਮਹੀਨਿਆਂ ਤੋਂ ਅੰਦਲੋਨ ਕਰ ਰਹੇ ਕਿਸਾਨ ਜਥੇਬੰਦੀਆਂ ਵਿਰੁਧ ਸਥਾਨਕ ਲੋਕ ਸੜਕਾਂ 'ਤੇ ਉਤਰ ਆਏ | ਉਨ੍ਹਾਂ ਮੰਗ ਕੀਤੀ ਕਿ ਹਾਈਵੇ ਨੂੰ ਤੁਰਤ ਖ਼ਾਲੀ ਕੀਤਾ ਜਾਵੇ |
ਪ੍ਰਦਰਸ਼ਨਕਾਰੀ ਬੈਰੀਅਰ ਨੇੜੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਟੇਜ ਨੇੜੇ ਇਕੱਠੇ ਹੋਏ ਹਨ | ਵੱਡੀ ਗਿਣਤੀ 'ਚ ਦਿੱਲੀ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ ਹੈ ਜੋ ਕਿ ਬੈਰੀਕੇਡਿੰਗ ਕਰ ਰਹੀ ਹੈ ਅਤੇ ਪ੍ਰਦਰਸ਼ਨਕਾਰੀਆਂ ਨੂੰ ਸੜਕ ਦੇ ਦੂਸਰੇ ਪਾਸੇ ਆਉਣ ਤੋਂ ਰੋਕ ਰਹੀ ਹੈ | ਕਿਸਾਨ ਪੁਲਿਸ ਵਲੋਂ ਲਾਏ ਬੈਰੀਕੇਡਿੰਗ ਵਿਰੁਧ ਪ੍ਰਦਰਸ਼ਨ ਕਰ ਰਹੇ ਹਨ | ਲਾਲ ਕਿਲ੍ਹੇ 'ਤੇ ਹੋਈ ਹਿੰਸਾ ਕਾਰਨ ਪਿੰਡ ਵਾਸੀੇ ਵੀ ਨਾਰਾਜ਼ ਸਨ | ਕਿਸਾਨ ਅੰਦੋਲਨ ਦੇ ਵਿਰੋਧ ਪ੍ਰਦਰਸ਼ਨ ਕਰਨ ਵਾਲਿਆਂ ਵਿਚ ਹਿੰਦੂ ਸੈਨਾ ਸੰਗਠਨ ਦੇ ਮੈਂਬਰ ਅਤੇ ਸਥਾਨਕ ਨਾਗਰਿਕ ਸ਼ਾਮਲ ਸਨ ਜੋ ਅਪਣੇ ਨਾਲ ਤਿਰੰਗਾ ਲੈ ਕੇ ਆਏ ਸਨ | ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਅਸੀਂ ਲਾਲ ਕਿਲ੍ਹੇ ਵਿਚ ਤਿਰੰਗੇ ਦਾ ਅਪਮਾਨ ਬਰਦਾਸ਼ਤ ਨਹੀਂ ਕਰਾਂਗੇ | ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਹੁਣ ਤਕ ਇਥੇ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ ਦੀ ਮਦਦ ਕਰ ਰਹੇ ਸਨ ਪਰ ਉਹ ਗਣਤੰਤਰ ਦਿਵਸ ਦੇ ਮੌਕੇ ਜੋ ਹੋਇਆ ਉਸ ਤੋਂ ਬਹੁਤ ਪਰੇਸ਼ਾਨ ਹਨ |
ਜ਼ਿਕਰਯੋਗ ਹੈ ਕਿ ਗਣਤੰਤਰ ਦਿਵਸ ਦੌਰਾਨ ਹੋਈ ਹਿੰਸਾ ਤੋਂ ਬਾਅਦ ਵੱਖ-ਵੱਖ ਪ੍ਰਦਰਸ਼ਨ ਵਾਲੀਆਂ ਥਾਵਾਂ ਉੱਤੇ ਸੁਰੱਖਿਆ ਵਧਾ ਦਿਤੀ ਗਈ ਹੈ | ਇਸ ਲਈ ਪ੍ਰਦਰਸ਼ਨ ਕਰਨ ਆਏ ਲੋਕ ਵੀ ਕੁੱਝ ਦੂਰੀimage 'ਤੇ ਪ੍ਰਦਰਸ਼ਨ ਕਰ ਰਹੇ ਸਨ | ਪ੍ਰਦਰਸ਼ਨਕਾਰੀ ਕੁੱਝ ਸਮੇਂ ਬਾਅਦ ਵਾਪਸ ਪਰਤ ਗਏ | (ਏਜੰਸੀ)