
ਅੱਧੀ ਦਰਜਨ ਦੇ ਕਰੀਬ ਸੰਸਦ ਮੈਂਬਰਾਂ ਨੇ ਰਾਹੁਲ ਗਾਂਧੀ ਦੇ ਸ੍ਰੀ ਦਰਬਾਰ ਸਾਹਿਬ ਪੁੱਜਣ ਤੋਂ ਪਾਸਾ ਵਟਿਆ
ਟਿਕਟਾਂ ਦੀ ਵੰਡ ਤੋਂ ਨਰਾਜ਼ ਹਨ ਕਾਂਗਰਸ ਨੇਤਾ?
ਅੰਮਿ੍ਤਸਰ, 28 ਜਨਵਰੀ (ਸੁਖਵਿੰਦਰਜੀਤ ਸਿੰਘ ਬਹੋੜੂ): ਕਾਂਗਰਸ ਹਾਈਕਮਾਂਡ ਵਲੋਂ ਵੰਡੀਆਂ ਗਈਆਂ ਟਿਕਟਾਂ ਤੋਂ ਪਾਰਟੀ ਨੇਤਾ ਨਰਾਜ਼ ਦਸੇ ਜਾ ਰਹੇ ਹਨ | ਪਾਰਟੀ ਦੇ ਕੌਮੀ ਨੇਤਾ ਰਾਹੁਲ ਗਾਂਧੀ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਦੌਰਾਨ ਅਤੇ ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ 'ਤੇ ਉਨ੍ਹਾਂ ਦੇ ਸਵਾਗਤ ਲਈ ਸੰਸਦ ਮੈਂਬਰ ਤੇ ਕੁੱਝ ਮੰਤਰੀ ਦੂਰ ਰਹੇ | ਕਾਂਗਰਸ ਦੇ ਨੇਤਾਵਾਂ ਮੁਤਾਬਕ ਅੱਧੀ ਦਰਜਨ ਲੋਕ ਸਭਾ ਮੈਂਬਰਾਂ 'ਚ ਮੁਨੀਸ਼ ਤਿਵਾੜੀ, ਰਵਨੀਤ ਸਿੰਘ ਬਿੱਟੂ, ਪ੍ਰਨੀਤ ਕੌਰ, ਮੁਹੰਮਦ ਸਦੀਕ, ਤਿ੍ਪਤ ਰਾਜਿੰਦਰ ਸਿੰਘ ਬਾਜਵਾ, ਰਾਣਾ ਗੁਰਜੀਤ ਸਿੰਘ ਅਤੇ ਇਕ ਮਾਝੇ ਨਾਲ ਸਬੰਧਤ ਨੇਤਾ ਦਸਿਆ ਗਿਆ ਹੈ | ਇਹ ਨੇਤਾ ਉਹ ਹਨ, ਜੋ ਅਪਣੇ ਨਜ਼ਦੀਕੀਆਂ, ਖ਼ੁਦ ਅਪਣੇ ਲਈ ਅਤੇ ਬੇਟਿਆਂ ਨੂੰ ਟਿਕਟਾਂ ਦਿਵਾਉਣ ਵਾਸਤੇ ਹਰ ਸੰਭਵ ਯਤਨ ਕਰ ਰਹੇ ਸਨ |
ਅੰਮਿ੍ਤਸਰ ਫੇਰੀ ਦੌਰਾਨ ਰਾਹੁਲ ਗਾਂਧੀ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਰਾਜਸੀ ਮਸਲਿਆਂ ਅਤੇ ਵਿਧਾਨ ਸਭਾ ਦੀਆਂ ਚੋਣਾਂ ਸਬੰਧੀ ਮਸ਼ਵਰੇ ਕੀਤੇ | ਸ੍ਰੀ ਦਰਬਾਰ ਸਾਹਿਬ ਪੁੱਜੇ ਸਿਰਕੱਢ ਨੇਤਾਵਾਂ ਅਤੇ ਕਾਂਗਰਸੀਆਂ ਮੀਡੀਆਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਦੇ ਪੱਖ ਵਿਚ ਅਪਣੀ ਆਵਾਜ਼ ਬੁਲੰਦ ਕੀਤੀ | ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਰਾਜਸੀ ਚਮਕ ਕੁੱਝ ਮੱਧਮ ਵੇਖੀ ਗਈ, ਜੋ ਮਨਮਰਜ਼ੀ ਨਾਲ ਬਿਆਨ ਤੇ ਟਵੀਟ ਕਰਦੇ ਰਹਿੰਦੇ ਹਨ | ਨਵਜੋਤ ਸਿੰਘ ਸਿੱਧੂ ਦੇ ਮੁਕਾਬਲੇ ਬਿਕਰਮ ਸਿੰਘ ਮਜੀਠੀਆ ਵਲੋਂ ਚੋਣ ਲੜਨ ਦੇ ਐਲਾਨ ਤੋਂ ਸਿਆਸੀ ਸਰਗਰਮੀਆਂ ਤੇਜ਼ ਹੋਣ ਨਾਲ ਹਲਕਾ ਪੂਰਬੀ ਅੰਮਿ੍ਤਸਰ ਦੀ ਸੀਟ ਬੇਹੱਦ ਗਰਮ ਹੋ ਗਈ ਹੈ, ਜਿਥੋਂ ਸਿੱਧੂ ਪ੍ਰਵਾਰ ਚੋਣ ਲੜਦਾ ਆ ਰਿਹਾ ਹੈ |