
ਧੁੱਪ ਨਿਕਲਦੇ ਹੀ ਵਧਿਆ ਦਿਨ ਦਾ ਤਾਪਮਾਨ,
ਦੋ ਫ਼ਰਵਰੀ ਤੋਂ ਮੁੜ ਹੋਵੇਗੀ ਬੱਦਲਵਾਈ
ਚੰਡੀਗੜ੍ਹ, 28 ਜਨਵਰੀ (ਸ.ਸ.ਸ.) : ਪਛਮੀ ਗੜਬੜੀ ਦਾ ਅਸਰ ਖ਼ਤਮ ਹੁੰਦੇ ਹੀ ਪੰਜਾਬ 'ਚ ਬੱਦਲ ਅਲਵਿਦਾ ਹੋ ਗਏ ਤੇ ਧੁੱਪ ਨਿਕਲਣ ਲੱਗੀ ਹੈ | ਪਿਛਲੇ ਕਈ ਦਿਨ ਸੂਰਜ ਦੇਵਤਾ ਨੇ ਦਰਸ਼ਨ ਵੀ ਨਹੀਂ ਦਿਤੇ ਸਨ ਇਸ ਲਈ ਲੋਕਾਂ ਦਾ ਬੁਰਾ ਹਾਲ ਹੋ ਗਿਆ ਸੀ | ਪੰਜਾਬ ਦੇ ਕਈ ਜ਼ਿਲਿ੍ਹਆਂ 'ਚ ਸ਼ੁਕਰਵਾਰ ਨੂੰ ਵੀ ਸਵੇਰੇ ਹੀ ਧੁੱਪ ਨਿਕਲ ਗਈ | ਧੁੱਪ ਦੇਖ ਕੇ ਪਿਛਲੇ ਕਈ ਦਿਨਾਂ ਤੋਂ ਕੜਾਕੇ ਦੀ ਠੰਢ ਝੱਲ ਰਹੇ ਲੋਕਾਂ ਦੇ ਚਿਹਰੇ ਵੀ ਖਿੜ ਗਏ | ਧੁੱਪ ਨਿਕਲਣ ਨਾਲ ਦਿਨ ਦਾ ਪਾਰਾ ਵੱਧ ਗਿਆ, ਜਦਕਿ ਬੱਦਲਾਂ ਦੀ ਰਵਾਨਗੀ ਨਾਲ ਰਾਤ ਦਾ ਤਾਪਮਾਨ ਡਿੱਗ ਗਿਆ |
ਮੌਸਮ ਵਿਭਾਗ ਚੰਡੀਗੜ੍ਹ ਮੁਤਾਬਕ ਪੰਜਾਬ 'ਚ ਇਕ ਫ਼ਰਵਰੀ ਤਕ ਮੌਸਮ ਸਾਫ਼ ਰਹੇਗਾ | ਦੋ ਫ਼ਰਵਰੀ ਤੋਂ ਬੱਦਲ ਛਾਏ ਰਹਿਣਗੇ | ਇਸ ਨਾਲ ਦਿਨ ਦੇ ਸਮੇਂ ਠੰਢ ਵੱਧ ਸਕਦੀ ਹੈ | ਪੰਜਾਬ 'ਚ ਬਠਿੰਡਾ 'ਚ ਰਾਤ ਦਾ ਤਾਪਮਾਨ ਸੱਭ ਤੋਂ ਘੱਟ 2.2 ਡਿਗਰੀ ਸੈਲਸੀਅਸ ਰਿਹਾ ਜੋ ਆਮ ਨਾਲੋਂ ਚਾਰ ਡਿਗਰੀ ਘੱਟ ਸੀ | ਉਧਰ, ਅੰਮਿ੍ਤਸਰ 'ਚ ਘਟੋ-ਘੱਟ ਤਾਪਮਾਨ 3.5 ਡਿਗਰੀ ਸੀ ਜੋ ਆਮ ਤੋਂ ਇਕ ਡਿਗਰੀ ਘੱਟ ਸੀ | ਇਥੇ ਵੱਧ ਤੋਂ ਵੱਧ ਤਾਪਮਾਨ 18.7 ਡਿਗਰੀ ਰਿਕਾਰਡ ਕੀਤਾ ਗਿਆ | ਦੂਜੇ ਪਾਸੇ, ਲੁਧਿਆਣਾ 'ਚ ਘਟੋ-ਘੱਟ ਤਾਪਮਾਨ 4.4 ਡਿਗਰੀ ਤੇ ਵੱਧ ਤੋਂ ਵੱਧ ਤਾਪਮਾਨ 17.4 ਡਿਗਰੀ ਰਿਕਾਰਡ ਕੀਤਾ ਗਿਆ | ਘਟੋ-ਘੱਟ ਤਾਪਮਾਨ ਆਮ ਤੋਂ ਇਕ ਡਿਗਰੀ ਘੱਟ ਤੇ ਵੱਧ ਤੋਂ ਵੱਧ ਤਾਪਮਾਨ ਆਮ ਤੋਂ ਦੋ ਡਿਗਰੀ ਘੱਟ ਸੀ |
ਭਾਵੇਂ ਦਿਨ ਵਿਚ ਧੁੱਪ ਨਿਕਲ ਆਈ ਹੈ ਪਰ ਇਹ ਰਾਤ ਨੂੰ ਯਾਤਰਾ ਕਰਨ ਵਾਲਿਆਂ ਲਈ ਮੁਸੀਬਤ ਵੀ ਲੈ ਕੇ ਆਵੇਗੀ ਕਿਉਂਕਿ ਦਿਨ ਵੇਲੇ ਪਾਰਾ ਵਧਣ ਨਾਲ ਰਾਤ ਸਮੇਂ ਧੁੰਦ ਦਾ ਪੈਣਾ ਨਿਸ਼ਚਿਤ ਹੁੰਦਾ ਹੈ | ਇਸ ਲਈ ਰਾਤ ਸਮੇਂ ਯਾਤਰਾ ਕਰਨ ਵਾਲੇ ਲੋਕਾਂ ਨੂੰ ਸੁਚੇਤ ਹੋ ਕੇ ਯਾਤਰਾ ਕਰਨੀ ਚਾਹੀਦੀ ਹੈ |