
ਭਾਜਪਾ ਨੇ 2019-20 'ਚ 4,847 ਕਰੋੜ ਰੁਪਏ ਦੀ ਜਾਇਦਾਦ ਐਲਾਨੀ : ਏਡੀਆਰ
ਨਵੀਂ ਦਿੱਲੀ, 28 ਜਨਵਰੀ : ਸਿਆਸੀ ਪਾਰਟੀਆਂ ਦੇ ਅੰਕੜੇ ਰਖਣ ਵਾਲੀ ਐਸੋਸੀਏਸ਼ਨ ਫ਼ਾਰ ਡੈਮੋਕ੍ਰੇਟਿਕ ਰਿਫਾਰਮਜ਼ (ਏਡੀਆਰ) ਨੇ 2019-20 ਵਿਚ ਰਾਸ਼ਟਰੀ ਅਤੇ ਖੇਤਰੀ ਪਾਰਟੀਆਂ ਦੀਆਂ ਜਾਇਦਾਦਾਂ ਅਤੇ ਦੇਣਦਾਰੀਆਂ ਦੇ ਵਿਸ਼ਲੇਸ਼ਣ ਦੇ ਆਧਾਰ 'ਤੇ ਇਕ ਰਿਪੋਰਟ ਤਿਆਰ ਕੀਤੀ ਹੈ |
ਇਸ ਰਿਪੋਰਟ ਅਨੁਸਾਰ, ਭਾਜਪਾ ਨੇ ਵਿੱਤੀ ਸਾਲ 2019-20 ਵਿਚ 4,847.78 ਕਰੋੜ ਰੁਪਏ ਦੀ ਜਾਇਦਾਦ ਐਲਾਨ ਕੀਤੀ, ਜੋ ਸਾਰੀਆਂ ਸਿਆਸੀ ਪਾਰਟੀਆਂ ਵਿਚੋਂ ਸੱਭ ਤੋਂ ਵੱਧ ਹੈ | ਇਸ ਤੋਂ ਬਾਅਦ ਬਸਪਾ ਨੇ 698.33 ਕਰੋੜ ਰੁਪਏ ਅਤੇ ਕਾਂਗਰਸ ਨੇ 588.16 ਕਰੋੜ ਰੁਪਏ ਦੀ ਜਾਇਦਾਦ ਐਲਾਨੀ |
ਏਡੀਆਰ ਦੇ ਵਿਸ਼ਲੇਸ਼ਣ ਅਨੁਸਾਰ, ਵਿੱਤੀ ਸਾਲ ਦੌਰਾਨ ਸੱਤ ਰਾਸ਼ਟਰੀ ਅਤੇ 44 ਖੇਤਰੀ ਪਾਰਟੀਆਂ ਦੁਆਰਾ ਘੋਸ਼ਿਤ ਕੀਤੀ ਗਈ ਕੁਲ ਜਾਇਦਾਦ ਕ੍ਰਮਵਾਰ 6,988.57 ਕਰੋੜ ਰੁਪਏ ਅਤੇ 2,129.38 ਕਰੋੜ ਰੁਪਏ ਰਹੀ |
ਏਡੀਆਰ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸੱਤ ਰਾਸ਼ਟਰੀ ਪਾਰਟੀਆਂ 'ਚੋਂ ਭਾਜਪਾ ਨੇ 4847.78 ਕਰੋੜ ਰੁਪਏ ਜਾਂ 69.37 ਪ੍ਰਤੀਸ਼ਤ ਦੀ ਸੱਭ ਤੋਂ ਵੱਧ ਜਾਇਦਾਦ ਐਲਾਨ ਕੀਤੀ ਹੈ | ਬਸਪਾ ਨੇ 698.33 ਕਰੋੜ ਰੁਪਏ ਜਾਂ 9.99 ਫ਼ੀ ਸਦੀ ਐਲਾਨੇ ਹਨ | ਕਾਂਗਰਸ ਨੇ 588.16 ਕਰੋੜ ਜਾਂ 8.42 ਫ਼ੀ ਸਦੀ ਦਾ ਐਲਾਨ ਕੀਤਾ ਸੀ | ਏਡੀਆਰ ਦੀ ਰਿਪੋਰਟ ਮੁਤਾਬਕ 44 ਖੇਤਰੀ ਪਾਰਟੀਆਂ ਵਿਚੋਂ, ਚੋਟੀ ਦੀਆਂ 10 ਪਾਰਟੀਆਂ ਕੋਲ 2028.715 ਕਰੋੜ ਰੁਪਏ ਦੀ ਜਾਇਦਾਦ ਸੀ ਜਾਂ ਉਨ੍ਹਾਂ ਸਾਰਿਆਂ ਦੁਆਰਾ ਐਲਾਨੀ ਕੁਲ ਦਾ 95.27 ਪ੍ਰਤੀਸ਼ਤ ਸੀ | (ਏਜੰਸੀ)