
ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਉਪਰੰਤ ਸੂਬੇ 'ਚੋਂ 100 ਕਰੋੜ ਰੁਪਏ ਦੀਆਂ ਵਸਤਾਂ ਜ਼ਬਤ : ਡਾ. ਕਰੁਣਾ ਰਾਜੂ
ਚੰਡੀਗੜ੍ਹ, 29 ਜਨਵਰੀ (ਸਸਸ): ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਵਿਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਉਪਰੰਤ ਵੱਖ-ਵੱਖ ਇਨਫ਼ੋਰਸਮੈਂਟ ਟੀਮਾਂ ਵਲੋਂ ਸੂਬੇ ਵਿਚੋਂ 28 ਜਨਵਰੀ, 2022 ਤਕ ਜ਼ਾਬਤੇ ਦੀ ਉਲੰਘਣਾ ਦੇ ਸਬੰਧ ਵਿਚ 100 ਕਰੋੜ ਰੁਪਏ ਦੀ ਕੀਮਤ ਦੀਆਂ ਵਸਤਾਂ ਜ਼ਬਤ ਕੀਤੀਆਂ ਗਈਆਂ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਫ਼ਸਰ (ਸੀ.ਈ.ਓ.) ਡਾ. ਐਸ. ਕਰੁਣਾ ਰਾਜੂ ਨੇ ਅੱਜ ਦਸਿਆ ਕਿ ਨਿਗਰਾਨ ਟੀਮਾਂ ਨੇ 7.43 ਕਰੋੜ ਰੁਪਏ ਦੀ 17.61 ਲੱਖ ਲੀਟਰ ਸ਼ਰਾਬ ਜ਼ਬਤ ਕੀਤੀ ਹੈ | ਇਸੇ ਤਰ੍ਹਾਂ ਇਨਫ਼ੋਰਸਮੈਂਟ ਵਿੰਗਾਂ ਵਲੋਂ 74.64 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ ਕਰਨ ਤੋਂ ਇਲਾਵਾ 16.73 ਕਰੋੜ ਰੁਪਏ ਦੀ ਬੇਨਾਮੀ ਨਕਦੀ ਵੀ ਜ਼ਬਤ ਕੀਤੀ ਗਈ ਹੈ |
ਮੁੱਖ ਚੋਣ ਅਫ਼ਸਰ ਨੇ ਦਸਿਆ ਕਿ 1176 ਵੱਧ ਸੰਵੇਦਨਸ਼ੀਲ ਥਾਵਾਂ ਦੀ ਪਛਾਣ ਕੀਤੀ ਗਈ ਹੈ | ਇਸ ਤੋਂ ਇਲਾਵਾ ਗੜਬੜੀ ਕਰਨ ਦੀ ਸੰਭਾਵਨਾ ਵਾਲੇ 2727 ਵਿਅਕਤੀਆਂ ਦੀ ਸ਼ਨਾਖਤ ਵੀ ਕੀਤੀ ਗਈ ਹੈ, ਜਿਨ੍ਹਾਂ ਵਿਚੋਂ 1808 ਵਿਅਕਤੀਆਂ ਵਿਰੁਧ ਪਹਿਲਾਂ ਹੀ ਕਾਰਵਾਈ ਵਿੱਢੀ ਜਾ ਚੁੱਕੀ ਹੈ ਜਦਕਿ ਬਾਕੀਆਂ ਨੂੰ ਵੀ ਜਲਦ ਮਾਮਲਾ ਦਰਜ ਕਰ ਲਿਆ ਜਾਵੇਗਾ | ਉਨ੍ਹਾਂ ਇਹ ਵੀ ਦਸਿਆ ਕਿ ਸੁਰੱਖਿਆ ਦੇ ਨਜ਼ਰੀਏ ਤੋਂ ਸੀ.ਆਰ.ਪੀ.ਸੀ. ਐਕਟ ਦੀਆਂ ਰੋਕਥਾਮ ਸਬੰਧੀ ਧਾਰਾਵਾਂ ਤਹਿਤ 621 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ | ਉਨ੍ਹਾਂ ਦਸਿਆ ਕਿ ਗ਼ੈਰ ਜ਼ਮਾਨਤੀ ਵਾਰੰਟਾਂ ਦੇ 2564 ਕੇਸਾਂ 'ਤੇ ਕਾਰਵਾਈ ਕੀਤੀ ਜਾ ਚੁੱਕੀ ਹੈ ਜਦਕਿ 106 ਕੇਸਾਂ 'ਤੇ ਕਾਰਵਾਈ ਅਮਲ ਅਧੀਨ ਹੈ | ਉਨ੍ਹਾਂ ਅੱਗੇ ਕਿਹਾ ਕਿ ਸੂਬੇ ਭਰ ਵਿਚ 13549 ਨਾਕੇ ਲਾਏ ਗਏ ਹਨ |
ਚੋਣਾਂ ਦੌਰਾਨ ਨਕਦੀ ਦੀ ਢੋਆ-ਢੁਆਈ ਬਾਰੇ ਦਿਸ਼ਾ-ਨਿਰਦੇਸ਼ ਜਾਰੀ : ਭਾਰਤੀ ਚੋਣ ਕਮਿਸ਼ਨ ਨੇ ਆਦਰਸ਼ ਚੋਣ ਜ਼ਾਬਤਾ ਲਾਗੂ ਰਹਿਣ ਦੌਰਾਨ ਨਕਦੀ ਦੀ ਢੋਆ-ਢੁਆਈ ਬਾਰੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ |
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਦਸਿਆ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਨਕਦੀ ਢੋਆ- ਢੁਆਈ ਬਾਰੇ ਸਟੈਂਡਰਡ ਓਪਰੇਟਿੰਗ ਪ੍ਰੋਸੀਜ਼ਰ ਅਨੁਸਾਰ ਬੈਂਕਾਂ ਨੂੰ ਇਹ ਯਕੀਨੀ ਬਨਾਉਣਾ ਹੋਵੇਗਾ ਕਿ ਉਨ੍ਹਾਂ ਦੀਆਂ ਆਉਟ-ਸੋਰਸ ਏਜੰਸੀਆਂ/ਕੰਪਨੀਆਂ ਦੀਆਂ ਨਕਦੀ ਦੀ ਢੋਆ-ਢੁਆਈ ਕਰਨ ਵਾਲੀਆਂ ਗੱਡੀਆਂ ਕਿਸੇ ਵੀ ਹਾਲਾਤ ਵਿਚ ਕਿਸੇ ਤੀਜੀ ਧਿਰ ਜਾਂ ਵਿਅਕਤੀ ਦੇ ਪੈਸੇ ਦੀ ਢੋਆ-ਢੁਆਈ ਨਾ ਕਰ ਰਹੀਆਂ ਹੋਣ | ਆਊਟ-ਸੋਰਸ ਏਜੰਸੀਆਂ/ਕੰਪਨੀਆਂ ਦੀਆਂ ਨਕਦੀ ਦੀ ਢੋਆ-ਢੁਆਈ ਕਰਨ ਵਾਲੀਆਂ ਗੱਡੀਆਂ ਕੌਲ ਢੋਆ-ਢੁਆਈ ਕੀਤੀ ਜਾ ਰਹੀ ਨਕਦੀ ਸਬੰਧੀ ਬੈਂਕ ਵਲੋਂ ਜਾਰੀ ਪੱਤਰ/ਦਸਤਾਵੇਜ਼ ਜ਼ਰੂਰ ਹੋਣ ਕਿ ਉਹ ਜੋ ਨਕਦੀ ਲੈ ਜਾ ਰਹੇ ਹਨ ਉਸ ਨੂੰ ਕਿਸੇ ਏ.ਟੀ.ਐਮ. ਵਿਚ ਪਾਉਣਾ ਹੈ ਜਾਂ ਕਿਸੇ ਹੋਰ ਬਰਾਂਚ ਵਿਚ ਦੇਣਾ ਹੈ ਜਾਂ ਫਿਰ ਕਿਸੇ ਬੈਂਕ ਦੀ ਕਰੰਸੀ ਚੈਸਟ ਵਿਚ ਜਮਾ ਕਰਵਾਉਣਾ ਹੈ | ਉਨ੍ਹਾਂ ਕਿਹਾ ਕਿ ਆਊਟ-ਸੋਰਸ ਏਜੰਸੀਆਂ/ਕੰਪਨੀਆਂ ਦੀਆਂ ਨਕਦੀ ਦੀ ਢੋਆ-ਢੁਆਈ ਕਰਨ ਵਾਲੀਆਂ ਗੱਡੀਆਂ ਉੱਤੇ ਤਾਇਨਾਤ ਮੁਲਾਜ਼ਮਾਂ ਕੋਲ ਉਨ੍ਹਾਂ ਦੀ ਕੰਪਨੀ/ਏਜੰਸੀ ਵਲੋਂ ਜਾਰੀ ਪਹਿਚਾਣ ਪੱਤਰ ਜ਼ਰੂਰ ਹੋਵੇ | ਉਕਤ ਨਿਯਮਾਂ ਦੀ ਪਾਲਣਾ ਇਸ ਲਈ ਕਰਨਾ ਜ਼ਰੂਰੀ ਹੈ ਕਿਉਂਕਿ ਭਾਰਤੀ ਚੋਣ ਕਮਿਸ਼ਨ ਵਲੋਂ ਨਾਮਜ਼ਦ ਅਧਿਕਾਰੀ ਜੇਕਰ ਕਿਤੇ ਨਕਦੀ ਦੀ ਢੋਆ- ਢੁਆਈ ਕਰ ਰਹੀ ਕਿਸੇ ਗੱਡੀ ਨੂੰ ਰੋਕ ਕੇ ਜਾਂਚ ਕਰਦਾ ਹੈ ਤਾਂ ਏਜੰਸੀ/ਕੰਪਨੀ ਦੇ ਮੁਲਾਜ਼ਮ ਕੈਸ਼ ਸਬੰਧੀ ਪੂਰੇ ਦਸਤਾਵੇਜ਼ ਵਿਖਾ ਸਕਣ ਅਤੇ ਇਹ ਸਾਬਤ ਕਰ ਸਕਣ ਕਿ ਉਨ੍ਹਾਂ ਨੇ ਕਿਸ ਬੈਂਕ ਤੋਂ ਕਿਸ ਮਕਸਦ ਨਾਲ ਇਹ ਨਕਦੀ ਲਈ ਹੈ |
ਡਾ. ਰਾਜੂ ਨੇ ਦਸਿਆ ਕਿ ਉਪਰੋਕਤ ਨਿਯਮਾਵਲੀ ਨਕਦੀ ਦੀ ਢੋਆ- ਢੁਆਈ ਬੈਂਕਾਂ ਲਈ ਤੈਅ ਕੀਤਾ ਗਿਆ ਹੈ ਜੇਕਰ ਕਿਤੇ ਗ਼ੈਰ-ਕਾਨੂੰਨੀ ਨਕਦੀ, ਵਿਦੇਸ਼ੀ ਕਰੰਸੀ ਜਾਂ ਨਕਲੀ ਭਾਰਤੀ ਕਰੰਸੀ ਦੀ ਸੂਚਨਾ ਮਿਲਦੀ ਹੈ ਤਾਂ ਇਸ ਦੀ ਸੂਚਨਾ ਜ਼ਿਲ੍ਹੇ ਦੇ ਸਬੰਧਤ ਵਿਭਾਗ ਨੂੰ ਤੁਰਤ ਦਿਤੀ ਜਾਵੇ | ਉਨ੍ਹਾਂ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਜਾਰੀ ਉਪਰੋਕਤ ਨਿਯਮਾਵਲੀ ਦੀ ਚੋਣ ਪ੍ਰਕਿ੍ਆ ਦੌਰਾਨ ਜੇਕਰ ਪਾਲਣਾ ਨਹੀਂ ਕੀਤੀ ਗਈ ਤਾਂ ਆਦਰਸ਼ ਚੋਣ ਜ਼ਾਬਤੇ ਅਧੀਨ ਅਤੇ ਮੌਜੂਦਾ ਕਾਨੂੰਨ ਅਨੁਸਾਰ ਕਾਰਵਾਈ ਅਮਲ ਵਿਚ ਲਿਆਈ ਜਾਵੇਗੀ |