ਪਿਛਲੇ ਸਾਲ 5, 553 ਲੋਕਾਂ ਦੀ ਸੜਕ ਹਾਦਸਿਆਂ ’ਚ ਗਈ ਜਾਨ
ਚੰਡੀਗੜ੍ਹ : ਹਰਿਆਣਾ ਦੀਆਂ ਸੜਕਾਂ ’ਤੇ ਤੇਜ਼ ਰਫ਼ਤਾਰ ਘਾਤਕ ਹੁੰਦੀ ਜਾ ਰਹੀ ਹੈ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ 2023 ਦੀ ਰਿਪੋਰਟ ਅਨੁਸਾਰ ਪਿਛਲੇ ਸਾਲ ਸੜਕ ਹਾਦਸਿਆਂ ਵਿੱਚ 5,533 ਲੋਕਾਂ ਦੀ ਜਾਨ ਗਈ। ਇਨ੍ਹਾਂ ਵਿੱਚ 4,501 ਪੁਰਸ਼ ਅਤੇ 832 ਔਰਤਾਂ ਸ਼ਾਮਲ ਸਨ। ਇਸ ਦਾ ਮਤਲਬ ਹੈ ਕਿ ਹਰਿਆਣਾ ਵਿਚ ਰੋਜ਼ ਲਗਭਗ 15 ਲੋਕ ਆਪਣੇ ਘਰੋਂ ਸਫ਼ਰ ’ਤੇ ਨਿਕਲਦੇ ਹਨ ਪਰ ਉਹ ਆਪਣੇ ਸਫ਼ਰ ਨੂੰ ਪੂਰਾ ਕਰਨ ਤੋਂ ਬਾਅਦ ਘਰ ਨਹੀਂ ਪਰਤਦੇ।
ਦੇਸ਼ ਭਰ ਵਿੱਚ ਵਾਪਰਨ ਵਾਲੇ ਕੁੱਲ ਹਾਦਸਿਆਂ ਵਿੱਚ ਹਰਿਆਣਾ ਦਾ ਹਿੱਸਾ 3.4 ਪ੍ਰਤੀਸ਼ਤ ਸੀ। ਇਹ ਚਿੰਤਾਜਨਕ ਅੰਕੜਾ ਹਰਿਆਣਾ ਨੂੰ ਦੇਸ਼ ਵਿੱਚ ਸਭ ਤੋਂ ਵੱਧ ਸੜਕ ਹਾਦਸਿਆਂ ਵਾਲਾ ਰਾਜ ਬਣਾਉਂਦਾ ਹੈ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ 18 ਤੋਂ 30 ਸਾਲ ਦੀ ਉਮਰ ਦੇ ਨੌਜਵਾਨਾਂ ਵਿੱਚ 3,533 ਮੌਤਾਂ ਹੋਈਆਂ, ਭਾਵ ਹਰ ਤਿੰਨ ਦੁਰਘਟਨਾ ਪੀੜਤਾਂ ਵਿੱਚੋਂ ਇੱਕ ਨੌਜਵਾਨ ਸੀ। ਮਾਹਿਰਾਂ ਦਾ ਮੰਨਣਾ ਹੈ ਕਿ ਤੇਜ਼ ਰਫ਼ਤਾਰ, ਮੋਬਾਈਲ ਫੋਨ ’ਤੇ ਗੱਲ ਕਰਨਾ ਅਤੇ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਕਰਨਾ ਹਰਿਆਣਾ ਵਿੱਚ ਸੜਕ ਹਾਦਸਿਆਂ ਦੇ ਸਭ ਤੋਂ ਵੱਡੇ ਕਾਰਨ ਬਣ ਗਏ ਹਨ। ਹਰਿਆਣਾ ਦੇ ਮੁਕਾਬਲੇ ਮਹਾਰਾਸ਼ਟਰ (12,057 ਮੌਤਾਂ), ਮੱਧ ਪ੍ਰਦੇਸ਼ (8,645), ਤਾਮਿਲਨਾਡੂ (8,637), ਕਰਨਾਟਕ (7,546) ਅਤੇ ਗੁਜਰਾਤ (7,240) ਵਰਗੇ ਵੱਡੇ ਰਾਜ ਸੂਚੀ ਵਿੱਚ ਸਿਖਰ ’ਤੇ ਹਨ।
