
50 ਲੱਖ ਰੁਪਏ ਫ਼ਿਰੌਤੀ ਮੰਗਣ ਦੇ ਮਾਮਲੇ ’ਚ ਕੀਤਾ ਬਰੀ
Gangster Lawrence Bishnoi acquitted by Faridkot court: ਜ਼ਿਲ੍ਹੇ ਦੇ ਜੇਐੱਮਆਈਸੀ ਐੱਸ ਸੋਹੀ ਦੀ ਅਦਾਲਤ ਨੇ ਕੋਟਕਪੂਰਾ ਦੇ ਇੱਕ ਟੈਕਸਟਾਈਲ ਕਾਰੋਬਾਰੀ ਤੋਂ ਵਟਸਐਪ ਕਾਲ ਰਾਹੀਂ 50 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ। ਜਦੋਂਕਿ ਇਸ ਮਾਮਲੇ ਵਿੱਚ ਉਸ ਦਾ ਕਰੀਬੀ ਸਾਥੀ ਗੋਲਡੀ ਬਰਾੜ ਭਗੌੜਾ ਹੈ।
ਲਾਰੈਂਸ ਬਿਸ਼ਨੋਈ ਦੇ ਵਕੀਲ ਅਮਿਤ ਮਿੱਤਲ ਨੇ ਦੱਸਿਆ ਕਿ ਲਾਰੈਂਸ ਬਿਸ਼ਨੋਈ ਉੱਤੇ 50 ਲੱਖ ਰੁਪਏ ਫਿਰੌਤੀ ਮੰਗਣ ਦਾ ਇਲਜ਼ਾਮ ਲਗਾਇਆ ਗਿਆ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਲਾਰੈਂਸ ਬਿਸ਼ਨੋਈ ਨੇ ਆਪਣੇ ਸਾਥੀ ਗੋਲਡੀ ਬਰਾੜ ਰਾਹੀਂ ਇੱਕ ਵਪਾਰੀ ਤੋਂ ਰਿਸ਼ਵਤ ਦੀ ਮੰਗ ਕੀਤੀ ਹੈ। ਮਾਮਲਾ ਇਹ ਸੀ ਕਿ ਵਟਸਐਪ ਕਾਲ ਜ਼ਰੀਏ ਇੱਕ ਵਪਾਰੀ ਤੋਂ ਫਿਰੌਤੀ ਦੀ ਮੰਗ ਕੀਤੀ ਗਈ ਸੀ, ਜਿਸ ਵਿੱਚ ਸ਼ਿਕਾਇਤਕਰਤਾ ਕੋਈ ਸਬੂਤ ਨਹੀਂ ਦੇ ਸਕਿਆ, ਜਿਸ ਕਾਰਨ ਅਦਾਲਤ ਨੇ ਸਾਡੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਲਾਰੈਂਸ ਨੂੰ ਬਰੀ ਕਰਨ ਦਾ ਹੁਕਮ ਦਿੱਤਾ ਹੈ।
ਕੋਟਕਪੂਰਾ ਦੇ ਇੱਕ ਕੱਪੜਾ ਵਪਾਰੀ ਦੀ ਸ਼ਿਕਾਇਤ 'ਤੇ 19 ਜੁਲਾਈ 2021 ਨੂੰ ਕੋਟਕਪੂਰਾ ਥਾਣੇ ਵਿੱਚ ਦੋਵਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਸ਼ਿਕਾਇਤ ਅਨੁਸਾਰ ਗੋਲਡੀ ਬਰਾੜ ਵੱਲੋਂ ਕਾਰੋਬਾਰੀ ਤੋਂ ਵਟਸਐਪ ਕਾਲ ਜ਼ਰੀਏ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਂ 'ਤੇ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ। ਇਹ ਮੰਗ ਨਾ ਮੰਨਣ 'ਤੇ ਵਪਾਰੀ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਸੀ। ਕੇਸ ਦਰਜ ਹੋਣ ਤੋਂ ਬਾਅਦ ਸਾਲ 2022 ਵਿੱਚ ਜਦੋਂ ਲਾਰੈਂਸ ਬਿਸ਼ਨੋਈ ਨੂੰ ਇੱਕ ਕੇਸ ਦੇ ਸਿਲਸਿਲੇ ਵਿੱਚ ਪੰਜਾਬ ਲਿਆਂਦਾ ਗਿਆ ਸੀ ਤਾਂ ਫ਼ਰੀਦਕੋਟ ਪੁਲਿਸ ਨੇ ਵੀ ਇਸ ਮਾਮਲੇ ਵਿੱਚ ਲਾਰੈਂਸ ਨੂੰ ਗ੍ਰਿਫ਼ਤਾਰ ਕਰਕੇ ਫ਼ਰੀਦਕੋਟ ਦੀ ਅਦਾਲਤ ਵਿੱਚ ਪੇਸ਼ ਕੀਤਾ ਸੀ। ਬਾਅਦ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਉਸ ਦੀ ਪੇਸ਼ੀ ਜਾਰੀ ਰਹੀ।