
ਕਿਹਾ, ਜਦੋਂ ਇਸ ਨੂੰ ਪੈਰੋਲ ਮਿਲਦੀ ਤਾਂ ਮਨ ਬਹੁਤ ਦੁਖਦੈ
ਜਬਰ ਜਨਾਹ ਦੇ ਦੋਸ਼ੀ ਸੌਦਾ ਸਾਧ ਨੂੰ 7 ਸਾਲਾਂ ਵਿਚ 13ਵੀਂ ਵਾਰ ਪੈਰੋਲ ਮਿਲੀ ਹੈ ਇਹ ਪੈਰੋਲ ਇਸ ਲਈ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਇਸ ਵਾਰ ਸੌਦਾ ਸਾਧ ਡੇਰਾ ਸਿਰਸਾ ਵਿਚ ਪਹੁੰਚ ਗਿਆ ਹੈ। ਰੋਜ਼ਾਨਾ ਸਪੋਕਸਮੈਨ ਦੀ ਟੀਮ ਖੱਟਾ ਸਿੰਘ ਦੀ ਇੰਟਰਵਿਊ ਕਰਨ ਪਹੁੰਚੀ। ਖੱਟਾ ਸਿੰਘ ਜੋ ਡੇਰਾ ਸਿਰਸੇ ਨਾਲ ਕਾਫ਼ੀ ਟਾਈਮ ਜੁੜੇ ਰਹੇ ਹਨ ਤੇ ਪਹਿਲਾਂ ਵੀ ਉਨ੍ਹਾਂ ਵਲੋਂ ਡੇਰੇ ਦੇ ਵੱਡੇ ਖ਼ੁਲਾਸੇ ਕੀਤੇ ਹਨ ਤੇ ਸੌਦਾ ਸਾਧ ਵਿਰੁਧ ਉਨ੍ਹਾਂ ਨੇ ਗਵਾਹੀ ਵੀ ਦਿਤੀ ਸੀ ਜਿਸ ਤੋਂ ਬਾਅਦ ਸਾਧ ਨੂੰ ਪੱਤਰਕਾਰ ਕਤਲ ਮਾਮਲੇ ਵਿਚ ਸਜ਼ਾ ਵੀ ਹੋਈ ਸੀ।
ਖੱਟਾ ਸਿੰਘ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਜਦੋਂ ਵੀ ਸੌਦਾ ਸਾਧ ਨੂੰ ਪੈਰੋਲ ਮਿਲਦੀ ਹੈ ਤਾਂ ਉਨ੍ਹਾਂ ਦਾ ਬਹੁਤ ਦਿਲ ਦੁਖਦਾ ਹੈ। ਉਨ੍ਹਾਂ ਕਿਹਾ ਕਿ ਬੰਦੀ ਸਿੰਘ ਜਿਨ੍ਹਾਂ ਦੀ ਸਜ਼ਾ ਕਦੋਂ ਦੀ ਪੂਰੀ ਹੋ ਚੁੱਕੀ ਹੈ ਜਾਂ ਫਿਰ ਹੋਰ ਵੀ ਬਹੁਤ ਸਾਰੇ ਵਿਅਕਤੀ ਹਨ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਪਰ ਹਾਲੇ ਵੀ ਜੇਲਾਂ ਵਿਚ ਬੈਠੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਸਰਕਾਰਾਂ ਉਨ੍ਹਾਂ ਨੂੰ ਛੱਡਣ ਦੀ ਬਜਾਏ ਸੌਦਾ ਸਾਧ ਨੂੰ ਪੈਰੋਲ ’ਤੇ ਪੈਰੋਲ ਦਿੰਦੀਆਂ ਜਾ ਰਹੀਆਂ ਹਨ, ਜਿਸ ਨੇ ਲੋਕਾਂ ਦੀਆਂ ਧੀਆਂ ਨਾਲ ਜਬਰ ਜਨਾਹ ਤੇ ਕਤਲ ਕੀਤੇ ਹਨ।
ਉਨ੍ਹਾਂ ਕਿਹਾ ਕਿ ਸੌਦਾ ਸਾਧ ਨੇ ਆਪਣੇ ਗੁਨਾਹ ਲੁਕਾਉਣ ਲਈ ਲੋਕਾਂ ਦੇ ਕਤਲ ਕੀਤੇ, ਪਰ ਬੰਦੀ ਸਿੰਘਾਂ ਨੇ ਆਪਣੇ ਧਰਮ ਤੇ ਗੁਰੂਆਂ ਤੇ ਜੁਲਮ ਦੇ ਖ਼ਾਤਮੇ ਲਈ ਅਜਿਹੇ ਕਦਮ ਚੁੱਕੇ ਸਨ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਨੇ ਆਪਣੇ ਲਈ ਜਾਂ ਸ਼ੁਹਰਤ ਲਈ ਅਜਿਹੇ ਕਦਮ ਨਹੀਂ ਚੁੱਕੇ ਸਨ ਜਿਨ੍ਹਾਂ ਦੀ ਕੋਈ ਪੁੱਛ ਪੜਤਾਲ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਜੇ ਅਦਾਲਤਾਂ ਜਾਂ ਫਿਰ ਹਾਈ ਕੋਰਟ ਦਾ ਡਰ ਨਾ ਹੋਵੇ ਤਾਂ ਇਹ ਸੌਦਾ ਸਾਧ ਲਈ ਡੇਰੇ ਵਿਚ ਹੀ ਜੇਲ ਬਣਵਾ ਦੇਣ ਕਿ ਤੁਸੀਂ ਇਥੇ ਰਹਿ ਕੇ ਹੀ ਆਪਣੀ ਸਜ਼ਾ ਪੂਰੀ ਕਰੀ ਚਲੋ।
ਉਨ੍ਹਾਂ ਕਿਹਾ ਕਿ ਜਿਹੜੇ ਮੁੰਡੇ ਨਾਮਰਦ ਕੀਤੇ ਹਨ, ਜਿਨ੍ਹਾਂ ਦੀ ਉਮਰ 17-18 ਸਾਲ ਸੀ ਉਨ੍ਹਾਂ ਦਾ ਮੁੱਖ ਕੇਸ ਹੈ, ਜਿਨ੍ਹਾਂ ਦਾ ਤਿੰਨ ਸਾਲ ਹਾਈ ਕੋਰਟ ਵਿਚ ਕੇਸ ਹੀ ਨਹੀਂ ਚੱਲਿਆ। ਪਰ ਹੁਣ ਪੰਚਕੂਲੇ ਦੀ ਅਦਾਲਤ ਵਿਚ ਇਸ ਕੇਸ ਲੱਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਮੈਂਨੂੰ ਇਹ ਪਤਾ ਲੱਗਾ ਕਿ ਸਾਧ ਨੂੰ ਪੈਰੋਲ ਮਿਲ ਗਈ ਹੈ ਤਾਂ ਮੈਂ ਬੇਚੈਨ ਹੋ ਗਿਆ ਕਿਉਂ ਕਿ ਮੈਨੂੰ ਲਗਦਾ ਹੈ ਜਿਨ੍ਹਾਂ ਮੁੰਡਿਆਂ ਨੇ ਸੌਦਾ ਸਾਧ ਵਿਰੁਧ ਗਵਾਹੀ ਦਿਤੀ ਹੈ ਉਹ ਮੁੰਡੇ ਸਾਰੇ ਸਿਰਸਾ ਇਲਾਕੇ ਦੇ ਹੀ ਹਨ, ਕਿਤੇ ਸੌਦਾ ਸਾਧ ਉਨ੍ਹਾਂ ਦਾ ਐਕਸੀਡੈਂਟ ਜਾਂ ਕਿਸੇ ਹੋਰ ਤਰੀਕੇ ਨਾਲ ਕਤਲ ਨਾ ਕਰਵਾ ਦੇਵੇ।
ਉਨ੍ਹਾਂ ਕਿਹਾ ਕਿ ਮੈਨੂੰ ਡਰ ਹੈ ਕਿ ਕਿਤੇ ਸੌਦਾ ਸਾਧ ਆਪਣੇ ਗੁੰਡੇ ਭੇਜ ਕੇ ਉਨ੍ਹਾਂ ਮੁੰਡਿਆਂ ਨੂੰ ਇੰਨਾ ਡਰਾ ਧਮਕਾ ਨਾ ਦੇਵੇ ਕਿ ਉਹ ਮੁੰਡੇ ਦੁਬਾਰਾ ਗਵਾਹੀ ਨਾ ਦੇਣ ਜਾਣ। ਉਨ੍ਹਾਂ ਕਿਹਾ ਕਿ ਮੈਂ ਮੀਡੀਆ ਅਤੇ ਹੋਰ ਸੰਸਥਾਵਾਂ ਨੂੰ ਬੇਨਤੀ ਕਰਦਾ ਹੈ ਕਿ ਉਹ ਸਾਡੇ ਨਾਲ ਆ ਕੇ ਖੜ੍ਹੇ ਹੋ ਜਾਣ ਸਾਨੂੰ ਇਨ੍ਹਾਂ ਤੋਂ ਬਚਾਅ ਲੈਣ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਮੁੰਡਿਆਂ ਨੂੰ ਕੁੱਝ ਹੋ ਗਿਆ ਤਾਂ ਇਹ ਕੇਸ ਖ਼ਤਮ ਹੋ ਜਾਵੇਗਾ ਤੇ ਸੌਦਾ ਸਾਧ ਦਾ 10 ਦਿਨਾਂ ਲਈ ਡੇਰੇ ਵਿਚ ਜਾਣ ਦਾ ਮਕਸਦ ਪੂਰਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਮੇਰੇ ਕੋਲ ਉਨ੍ਹਾਂ ਮੁੰਡਿਆਂ ਵਿਚੋਂ ਇਕ ਦਾ ਫ਼ੋਨ ਆਇਆ ਸੀ ਜਿਸ ਨੇ ਮੈਨੂੰ ਕਿਹਾ ਕਿ ਜੇ ਅਸੀਂ ਇਨ੍ਹਾਂ 10 ਦਿਨਾਂ ਵਿਚ ਬਚ ਗਏ ਤਾਂ ਬਚ ਗਏ ਨਹੀਂ ਤਾਂ ਔਖਾ ਹੈ।
ਉਨ੍ਹਾਂ ਕਿਹਾ ਕਿ ਸੌਦਾ ਸਾਧ ਵਲੋਂ ਨਿਪੁੰਸਕ ਕੀਤੇ ਮੁੰਡਿਆਂ ਦਾ ਕੇਸ ਸਿਰਫ਼ ਇਕ ਮਹੀਨੇ ਵਿਚ ਹੀ ਪੂਰਾ ਹੋ ਜਾਣਾ ਹੈ ਜਿਸ ਕਰ ਕੇ ਸਾਨੂੰ ਡਰ ਲੱਗ ਰਿਹਾ ਹੈ ਕਿ ਇਨ੍ਹਾਂ 10 ਦਿਨਾਂ ਵਿਚ ਸੌਦਾ ਸਾਧ ਸਾਨੂੰ ਮਰਵਾ ਨਾ ਦੇਵੇ। ਉਨ੍ਹਾਂ ਕਿਹਾ ਕਿ ਮੇਰੇ ਸੌਦਾ ਸਾਧ ਨਾਲ ਕੋਈ ਨਿਜੀ ਲੜਾਈ ਨਹੀਂ ਹੈ ਮੈਂ ਤਾਂ ਸੱਚ ਬੋਲਣਾ ਹੈ। ਉਨ੍ਹਾਂ ਕਿਹਾ ਕਿ ਜੋ ਵੀ ਮੈਂ ਬੋਲਿਆ ਹੈ ਉਹ ਅੱਖੀਂ ਦੇਖਿਆ ਤੇ ਕੰਨੀ ਸੁਣਿਆ ਹੈ। ਉਨ੍ਹਾਂ ਕਿਹਾ ਕਿ ਲੋਕ ਕਹਿੰਦੇ ਹਨ ਕਿ ਸਰਕਾਰਾਂ ਵਲੋਂ ਸੌਦਾ ਸਾਧ ਨੂੰ ਵੋਟਾਂ ਲਈ ਪੈਰੋਲ ਦਿਤੀ ਜਾਂਦੀ ਹੈ ਪਰ ਮੈਨੂੰ ਨਹੀਂ ਲਗਦਾ ਇਸ ਦੇ ਪੱਲੇ ਵੋਟ ਬੈਂਕ ਹੈ। ਉਨ੍ਹਾਂ ਕਿਹਾ ਕਿ ਸੌਦਾ ਸਾਧ ਨੂੰ ਪੈਰੋਲ ਮਿਲਣ ਨਾਲ ਬੇਅਦਬੀ ਦਾ ਕੇਸ ਵੀ ਪ੍ਰਭਾਵਿਤ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਸੌਦਾ ਸਾਧ ਦੀ ਬਜਾਏ ਬੰਦੀ ਸਿੰਘ ਨੂੰ ਰਿਹਾਈ ਮਿਲਣੀ ਚਾਹੀਦੀ ਹੈ, ਜਿਨ੍ਹਾਂ ਨੇ ਆਪਣੇ ਧਰਮ ਤੇ ਗੁਰੂਆਂ ਲਈ ਜੁਲਮ ਦਾ ਖ਼ਾਤਮਾ ਕੀਤਾ ਤੇ ਆਪਣੀ ਸਾਰੀ ਜਿੰਦਗੀ ਜੇਲਾਂ ਵਿਚ ਕੱਢ ਦਿਤੀ। ਉਨ੍ਹਾਂ ਕਿਹਾ ਕਿ ਅਸੀਂ ਪਰਮਾਤਮਾ ਦੇ ਸ਼ੁਕਰਗੁਜਾਰ ਹੋਵਾਂਗੇ ਜਦੋਂ ਉਹ ਘੜੀ ਆਵੇਗੀ ਜਦੋਂ ਅਸੀਂ ਸੌਦਾ ਸਾਧ ਵਿਰੁਧ ਗਵਾਹੀ ਦੇਵਾਂਗੇ ਤੇ ਉਸ ਸਜ਼ਾ ਮਿਲੇਗੀ। ਉਨ੍ਹਾਂ ਕਿਹਾ ਕਿ ਜਿੰਨੇ ਵੀ ਕੇਸਾਂ ਵਿਚ ਮੇਰੀ ਗਵਾਹੀ ਹੋਈ ਹੈ ਮੈਂ ਡੱਟ ਕੇ ਗਵਾਹੀ ਦੇਵਾਂਗਾ।