ਭਾਰਤ ਮਾਲਾ ਪ੍ਰਾਜੈਕਟ 'ਚ ਆਈ 75 ਲੱਖ ਦੀ ਕੋਠੀ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਸਿਫ਼ਟ ਕਰ ਦਿੱਤਾ ਪ੍ਰਵਾਰ
Published : Jan 29, 2026, 6:38 am IST
Updated : Jan 29, 2026, 7:24 am IST
SHARE ARTICLE
Barnala Bharat Mala project
Barnala Bharat Mala project

ਹੁਣ ਤੱਕ 115 ਫ਼ੁੱਟ ਕੋਠੀ ਨੂੰ ਸਾਈਡ ਤੇ ਲਿਜਾ ਚੁੱਕੇ ਹਾਂ ਅਤੇ ਕੁੱਲ 300 ਫ਼ੁੱਟ ਦੂਰ ਲੈ ਕੇ ਜਾਣੀ ਹੈ।

ਬਰਨਾਲਾ, 28 ਜਨਵਰੀ (ਰਾਮ ਸਿੰਘ ਧਨੌਲਾ): ਜ਼ਿਲ੍ਹਾ ਬਰਨਾਲਾ ਵਿਖੇ ਭਾਰਤ ਮਾਲਾ ਦੇ ਸੜਕੀ ਪ੍ਰੋਜੈਕਟ ਵਿੱਚ ਆਈ ਕਿਸਾਨ ਪਰਿਵਾਰ ਦੇ ਘਰ ਦੀ ਵੱਖਰੀ ਦਾਸਤਾਨ ਸਾਹਮਣੇ ਆਈ ਹੈ। ਜਿੱਥੇ ਸੜਕੀ ਪ੍ਰੋਜੈਕਟ ਵਿੱਚ ਕਿਸਾਨ ਪਰਿਵਾਰ ਦੀ ਕੋਠੀ ਦਾ 100 ਫ਼ੁੱਟ ਹਿੱਸਾ ਆ ਗਿਆ ਅਤੇ ਪਰਿਵਾਰ ਨੇ ਕੋਠੀ ਢਾਹੁਣ ਦੀ ਥਾਂ ਖੜੀ ਖੜੋਤੀ ਬਣੀ ਬਣਾਈ ਕੋਠੀ ਨੂੰ ਸਿਫ਼ਟ ਕਰਨ ਦਾ ਉਪਰਾਲਾ ਕੀਤਾ ਹੈ। ਦਰਅਸਲ ਜ਼ਿੰਦਗੀ ਭਰ ਦੀ ਕਮਾਈ ਅਤੇ ਤਿੰਨ ਸਾਲ ਦੀ ਕੜੀ ਮਿਹਨਤ ਕਰਨ ਤੋਂ ਬਾਅਦ ਬਣਾਇਆ ਹੋਇਆ ਸੁਪਨਿਆਂ ਦਾ ਦੋ ਮੰਜ਼ਿਲਾ ਘਰ ਦੇਖ ਕੇ ਪਰਿਵਾਰ ਵਿੱਚ ਖੂਸ਼ੀ ਦੀ ਲਹਿਰ ਸੀ।

ਪਰਿਵਾਰ ਜਲਦੀ ਹੀ ਘਰ ਵਿੱਚ ਸਾਜ ਸੱਜਾ ਕਰਕੇ ਰਹਿਣ ਦੀ ਤਿਆਰੀ ਸੀ ਕਿ ਅਚਾਨਕ ਹੀ ਸਰਕਾਰ ਵੱਲੋਂ ਆਏ ਇੱਕ ਨੋਟਿਸ ਨਾਲ ਕਿਸਾਨ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਹੀ ਖਿਸਕ ਗਈ। ਨੋਟਿਸ ਤਹਿਤ ਪਰਿਵਾਰ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਸੁਪਨਿਆਂ ਦਾ ਘਰ ਸਰਕਾਰ ਦੀ ਸਕੀਮ ਤਹਿਤ ਵੰਡੀ ਗਈ ਜ਼ਮੀਨ ’ਤੇ ਆਉਂਦਾ ਹੈ ਅਤੇ ਇਸ ਨੂੰ ਢਾਇਆ ਜਾਵੇਗਾ। ਇਸ ਤੋਂ ਦੁਖੀ ਪਰਿਵਾਰ ਨੇ ਆਪਣਾ ਘਰ ਬਚਾਉਣ ਲਈ ਪੂਰੀ ਵਾਹ ਲਾ ਦਿੱਤੀ। ਇਥੋਂ ਤੱਕ ਕੇ ਟੈਕੀਆਂ ’ਤੇ ਚੜ੍ਹ ਕੇ ਸੰਘਰਸ਼ ਵੀ ਕੀਤਾ ਪਰ ਕੋਈ ਹਲ ਨਾ ਹੋਇਆ। ਜਿਸ ਤੋਂ ਬਾਅਦ ਮੋਬਾਈਲ ’ਤੇ ਦੇਖੀ ਵੀਡੀਓ ਤੋਂ ਬਾਅਦ ਪਰਿਵਾਰ ਦੀਆਂ ਖੂਸ਼ੀਆਂ ਮੁੜ ਪਰਤ ਰਹੀਆਂ ਹਨ।

ਘਰ ਬਣਾਉਣ ਲਈ ਟਾਵਰਾਂ ’ਤੇ ਚੜ੍ਹਿਆ ਪਰਿਵਾਰ
ਇਹ ਅਨੌਖਾ ਮਾਮਲਾ ਬਰਨਾਲਾ ਅਤੇ ਬਠਿੰਡਾ ਜਿਲ੍ਹੇ ਦੀ ਹੱਦ ਨਾਲ ਲੱਗਦੇ ਪਿੰਡ ਸੰਧੂ ਕਲਾਂ ਦਾ ਹੈ। ਜਿੱਥੇ ਕਿਸਾਨ ਪਰਿਵਾਰ ਦੀ ਕੁੱਝ ਸਾਲ ਪਹਿਲਾਂ ਬਣਾਈ ਕੋਠੀ ਭਾਰਤ ਮਾਲਾ ਪ੍ਰੋਜੈਕਟ ਦੇ ਜੈਪੁਰ-ਕੱਟੜਾ ਗ੍ਰੀਨ ਫ਼ੀਲਡ ਹਾਈਵੇ ਵਿੱਚ ਆ ਗਈ ਸੀ। ਨੈਸ਼ਨਲ ਹਾਈਵੇਅ ਅਥਾਰਟੀ ਅਤੇ ਜਿਲ੍ਹਾ ਪ੍ਰਸ਼ਾਸ਼ਨ ਨੇ ਕੋਠੀ ਢਾਹੁਣ ਦੇ ਹੁਕਮ ਕਰ ਦਿੱਤੇ ਸਨ। ਪ੍ਰਸ਼ਾਸ਼ਨ ਦੇ ਅਧਿਕਾਰੀ ਕੋਠੀ ਨੂੰ ਢਾਹੁਣ ਵੀ ਆਏ ਸਨ ਅਤੇ ਕੋਠੀ ਨੂੰ ਬਚਾਊਣ ਲਈ ਪੂਰੇ ਕਿਸਾਨ ਪਰਿਵਾਰ ਨੂੰ ਹਾਈਵੋਲਟੇਜ਼ ਬਿਜਲੀ ਟਾਵਰਾਂ ’ਤੇ ਵੀ ਚੱੜ੍ਹਣਾ ਪਿਆ।
 

ਸੋਸ਼ਲ ਮੀਡੀਆ ’ਤੇ ਦੇਖੀ ਵੀਡੀਓ ਬਣੀ ਸਹਾਰਾ
ਘਰ ਨੂੰ ਬਚਾਉਣ ਦੇ ਸੰਘਰਸ਼ ਬਾਰੇ ਗੱਲ ਕਰਦਿਆਂ ਪਰਿਵਾਰਕ ਮੈਂਬਰ ਸੁੱਖਪ੍ਰੀਤ ਸਿੰਘ ਨੇ ਦੱਸਿਆ ਕਿ ’2017 ਵਿੱਚ ਕਰੀਬ 75 ਲੱਖ ਦੀ ਲਾਗਤ ਨਾਲ ਇਹ ਕੋਠੀ ਬਣਾਈ ਸੀ ਅਤੇ ਚਾਵਾਂ ਨਾਲ ਬਣਾਈ ਕੋਠੀ ਨੂੰ ਢਾਹੁਣਾ ਪਰਿਵਾਰ ਲਈ ਬੇਹੱਦ ਮੁਸ਼ਕਿਲ ਸੀ। ਸ਼ੋਸ਼ਲ ਮੀਡੀਆ ਰਾਹੀਂ ਵੀਡੀਓ ਦੇਖੀ ਤਾਂ ਪਤਾ ਲੱਗਾ ਕਿ ਘਰਾਂ ਦੀ ਇਮਾਰਤ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਸਿਫ਼ਟ ਕੀਤਾ ਜਾ ਸਕਦਾ ਹੈ। ਫਿਰ ਉਸ ਟੀਮ ਨਾਲ ਸੰਪਰਕ ਕੀਤਾ, ਜਿਸ ਤੋਂ ਬਾਅਦ ਆਪਣੀ ਕੋਠੀ ਨੂੰ ਹਾਈਵੇਅ ਪ੍ਰੋਜੈਕਟ ਦੀ ਜਗ੍ਹਾ ਤੋਂ ਸਿਫ਼ਟ ਕਰਨ ਦਾ ਫ਼ੈਸਲਾ ਕੀਤਾ ਅਤੇ ਆਪਣੀ ਕੋਠੀ ਨੂੰ ਬਚਾਇਆ ਹੈ। ਇਸ ਕੋਠੀ ਨੂੰ 10 ਮਜ਼ਦੂਰਾਂ ਦੀ ਟੀਮ ਜੈਕਾਂ ਰਾਹੀਂ ਉਪਰ ਚੱਕ ਕੇ ਰੋੜ ਕੇ ਸਾਈਡ ’ਤੇ ਲਿਜਾ ਰਹੀ ਹੈ।’ ਸੜਕੀ ਪ੍ਰੋਜੈਕਟ ਤੋਂ 300 ਫ਼ੁੱਟ ਦੂਰ ਇਸ ਕੋਠੀ ਨੂੰ ਸਾਈਡ ’ਤੇ ਲਿਜਾਣਾ ਹੈ ਅਤੇ ਹੁਣ ਤੱਕ 115 ਫ਼ੁੱਟ ਕੋਠੀ ਸਾਈਡ ’ਤੇ ਕੀਤੀ ਜਾ ਚੁੱਕੀ ਹੈ। ਸਾਡਾ ਪੂਰਾ ਪਰਿਵਾਰ ਪਿਛਲੇ 3 ਮਹੀਨੇ ਤੋਂ ਕੋਠੀ ਦੇ ਬਾਹਰ ਠੰਢ ਵਿੱਚ ਤੰਬੂ ਲਗਾ ਕੇ ਰਹਿਣ ਲਈ ਮਜ਼ਬੂਰ ਹੈ। ਇਸ ਕੋਠੀ ਨੂੰ ਸਿਫ਼ਟ ਕਰਨ ’ਤੇ 15 ਲੱਖ ਰੁਪਏ ਦਾ ਖਰਚ ਆਇਆ ਹੈ, ਜਿਹਨਾਂ ਵਿੱਚੋਂ ਸਾਡੇ ਦਸ ਲੱਖ ਰੁਪਏ ਇਕੱਲੇ ਲੇਬਰ ਦੇ ਖ਼ਰਚ ਹੋਣੇ ਹਨ।

ਉਥੇ ਹੀ ਪਰਿਵਾਰ ਨੇ ਇਸ ਪੂਰੀ ਕਾਰਵਾਈ ਤੋਂ ਜਿਥੇ ਬਹੁਤ ਸਮਾਂ ਨਿਰਾਸ਼ਾ ਝੱਲੀ ਉਥੇ ਹੀ ਹੁਣ ਕੋਠੀ ਬੱਚ ਜਾਣ ’ਤੇ ਸੰਤੁਸ਼ਟੀ ਵੀ ਜਤਾਈ ਹੈ। ਕਿਸਾਨ ਪਰਿਵਾਰ ਦਾ ਸਰਕਾਰ ਤੇ ਪ੍ਰਸਾ?ਸ਼ਨ ਨਾਲ ਰੋਸ ਹੈ। ਪਰਿਵਾਰ ਦਾ ਕਹਿਣਾ ਹੈ ਕਿ ਕੋਠੀ ਬਣਾਉਣ ਲਈ 75 ਲੱਖ ਰੁਪਏ ਖ਼ਰਚ ਆਏ, ਪਰ ਇਸ ਲਈ ਮੁਆਵਜ਼ਾ ਕੇਵਲ 60 ਲੱਖ ਰੁਪਏ ਦਿੱਤਾ ਗਿਆ। ਹਾਂਲਾਂਕਿ ਉਨਾਂ ਕਿਹਾ ਕਿ ਕੋਠੀ ਨੂੰ ਇਸ ਜਗ੍ਹਾ ਤੋਂ ਸਿਫ਼ਟ ਕਰਨ ਵਿੱਚ ਬਰਨਾਲਾ ਦਾ ਪ੍ਰਸ਼ਾਸ਼ਨ ਵੀ ਸਾਥ ਦੇ ਰਿਹਾ ਹੈ। ਜੋ ਰਾਹਤ ਦੀ ਗੱਲ ਹੈ ਪਰ ਜੇਕਰ ਗੱਲ ਕੀਤੀ ਜਾਵੇ ਮੁਆਵਜ਼ੇ ਦੀ ਤਾਂ ਇਸ ਨਾਲ ਸਾਨੂੰ ਪਹਿਲਾਂ ਵੀ ਨੁਕਸਾਨ ਝਲਣਾ ਪਿਆ ਅਤੇ ਹੁਣ ਅੱਗੇ ਵੀ ਨੁਕਸਾਨ ਹੀ ਹੋ ਰਿਹਾ ਹੈ।

ਕਿਸਾਨ ਸੁਖਪ੍ਰੀਤ ਨੇ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਮਿਲਿਆ ਹੋਇਆ ਮੁਆਵਜ਼ਾ ਬਹੁਤ ਘੱਟ ਹੈ ਅਤੇ ਘਰ ਸ਼ਿਫਟ ਕਰਨ ਦੇ ਭਾਰੀ ਖਰਚੇ ਵਿੱਚ ਸਰਕਾਰ ਉਸਦੀ ਮਦਦ ਕਰੇ। ਉਥੇ ਪਰਿਵਾਰ ਦੀ ਬਜ਼ੁਰਗ ਔਰਤ ਬਿੰਦਰ ਕੌਰ ਨੇ ਦੱਸਿਆ ਕਿ ’ਆਪਣੇ ਆਸ਼ਿਆਨੇ ਨੂੰ ਬਚਾਉਣ ਦੀ ਜੱਦੋਜਹਿਦ ਵਿੱਚ ਪੂਰਾ ਪਰਿਵਾਰ ਕੜਕਦੀ ਠੰਢ ਵਿੱਚ ਖੁੱਲ੍ਹੇ ਆਸਮਾਨ ਹੇਠ ਰਹਿਣ ਲਈ ਮਜਬੂਰ ਹੈ। ਆਪਣੀ ਕੋਠੀ ਦੇ ਕੋਲ ਹੀ ਕੱਚੀਆਂ ਕੰਧਾਂ ਬਣਾ ਕੇ ਪਲਾਸਟਿਕ ਦੀ ਤਰਪਾਲ ਦੇ ਸਹਾਰੇ ਤੰਬੂ ਲਗਾਇਆ ਹੈ। ਅਸੀਂ ਪੂਰਾ ਪਰਿਵਾਰ ਅਤੇ ਪਸ਼ੂ ਇਸੇ ਤੰਬੂ ਹੇਠ ਦਿਨ ਕੱਟ ਰਹੇ ਹਾਂ।

ਸਾਨੂੰ ਪਹਿਲਾਂ ਘਰ ਢਹਿਣ ਦਾ ਪੂਰਾ ਡਰ ਸੀ ਪਰ ਮੋਬਾਇਲ ’ਤੇ ਘਰ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਸਿਫ਼ਟ ਕਰਨ ਦੀ ਵੀਡੀਓ ਦੇਖੀ ਅਤੇ ਆਪਣੇ ਪੂੱਤਰ ਨੂੰ ਇਹਨਾਂ ਨਾਲ ਸੰਪਰਕ ਕਰਨ ਲਈ ਕਿਹਾ। ਕੋਠੀਆਂ ਸਿਫ਼ਟ ਕਰਨ ਵਾਲਿਆਂ ਨੇ ਉਹਨਾਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਕੋਠੀ ਸਿਫ਼ਟ ਕਰਨ ਦਾ ਭਰੋਸਾ ਦਿੱਤਾ। ਲੋਕਾਂ ਵਲੋਂ ਡਰਾਇਆ ਵੀ ਗਿਆ ਕਿ ਇਸ ਤਰ੍ਹਾਂ ਕਰਨ ਨਾਲ ਘਰ ਖ਼ਰਾਬ ਹੋ ਜਾਵੇਗਾ, ਪਰ ਕੋਠੀ ਸਹੀ ਸਲਾਮਤ ਹੈ। ਉਹਨਾਂ ਕਿਹਾ ਕਿ ਸਾਡੀ ਕੋਠੀ ਤੇ ਲੱਖਾਂ ਰੁਪਏ ਲੱਗੇ ਹਨ, ਇਸਦੇ ਢਹਿਣ ਤੇ ਬਹੁਤ ਦੁੱਖ ਹੋ ਰਿਹਾ ਸੀ। ਘਰ ਦੀ ਕੱਲੀ ਕੱਲੀ ਚੀਜ਼ ਬਹੁਤ ਚਾਵਾਂ ਨਾਲ ਬਣਾਈ ਸੀ। ਘਰ ਦੇ ਪਰਿਵਾਰਕ ਮੈਂਬਰ ਇਸੇ ਟੈਸ਼ਨ ਕਰਕੇ ਰੋਟੀ ਖਾਣੀ ਤੱਕ ਛੱਡ ਗਏ ਸਨ। ਉਹਨਾਂ ਕਿਹਾ ਕਿ ਕੋਠੀ ਨੂੰ ਸਿਫ਼ਟ ਕਰਨ ਦਾ ਕੰਮ ਜਾਰੀ ਹੈ ਅਤੇ ਉਹ ਸਾਈਡ ’ਤੇ ਤੰਬੂ ਲਗਾ ਕੇ ਬੈਠੇ ਹਨ।

ਪ੍ਰਸ਼ਾਸਨਿਕ ਅਧਿਕਾਰੀ ਦਿੰਦੇ ਸਨ ਧਮਕੀਆਂ
ਉਥੇ ਇਸ ਮੌਕੇ ਘਰ ਦੇ ਬਜ਼ੁਰਗ ਮੱਖਣ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਬਹੁਤ ਮੁਸ਼ਕਿਲਾਂ ਨਾਲ ਆਪਣੇ ਸੁਪਨਿਆਂ ਦਾ ਘਰ ਬਣਾਇਆ ਸੀ, ਜਿਸਦੇ ਹਾਈਵੇਅ ਵਿੱਚ ਆਉਣ ਲਈ ਉਹਨਾਂ ਦੇ ਅੱਖਾਂ ਵਿੱਚੋਂ ਹੰਝੂ ਤੱਕ ਵਗੇ ਹਨ। ਉਨ੍ਹਾਂ ਨੂੰ ਕੋਠੀ ਬਚਾਉਣ ਲਈ ਟਾਵਰਾਂ ਤੇ ਚੜ੍ਹਨਾ ਪਿਆ ਅਤੇ ਸੰਘਰਸ਼ ਕਰਨੇ ਪਏ। ਪੁਲਿਸ ਵਲੋਂ ਵੀ ਧਮਕੀਆਂ ਮਿਲਦੀਆਂ ਰਹੀਆਂ ਪਰ ਉਹ ਆਪਣੇ ਘਰ ਨੂੰ ਬਚਾਉਣ ਲਈ ਡਟੇ ਰਹੇ। ਉਹਨਾਂ ਕਿਹਾ ਕਿ ਕੋਠੀ ਨੂੰ ਇੱਕ ਜਗ੍ਹਾ ਤੋਂ ਸਿਫ਼ਟ ਕਰਨ ਤੇ ਪੈਸਾ ਵੀ ਲੱਗੇਗਾ ਅਤੇ ਪਹਿਲਾਂ ਵਰਗੀ ਗੱਲ ਨਹੀਂ ਬਣਗੇ। ਪਰ ਫਿਰ ਵੀ ਉਹ ਸੰਤੁਸ਼ਟ ਹਨ।
 

ਲਿਖਤੀ ਐਗਰੀਮੈਂਟ ਕਰਕੇ ਇਹ ਕੰਮ ਸ਼ੁਰੂ ਕੀਤਾ
ਇਸ ਮੌਕੇ ਕੋਠੀ ਨੂੰ ਸ਼ਿਫ਼ਟ ਕਰਨ ਵਾਲੇ ਗੁਰਮੇਲ ਸਿੰਘ ਨੇ ਦੱਸਿਆ ਪਰਿਵਾਰ ਵਲੋਂ ਸੜਕ ਦਾ ਕੰਮ ਰੋਕ ਕੇ ਕੋਠੀ ਨੂੰ ਢਾਹੁਣ ਨਹੀਂ ਦਿੱਤਾ। ਜਿਸਤੋਂ ਬਾਅਦ ਹੁਣ ਉਹਨਾਂ ਵਲੋਂ ਕੋਠੀ ਨੂੰ ਸਿਫ਼ਟ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਪਰਿਵਾਰ ਨਾਲ ਲਿਖਤੀ ਐਗਰੀਮੈਂਟ ਕਰਕੇ ਇਹ ਕੰਮ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ 115 ਫ਼ੁੱਟ ਕੋਠੀ ਨੂੰ ਸਾਈਡ ਤੇ ਲਿਜਾ ਚੁੱਕੇ ਹਾਂ ਅਤੇ ਕੁੱਲ 300 ਫ਼ੁੱਟ ਦੂਰ ਲੈ ਕੇ ਜਾਣੀ ਹੈ। ਉਹਨਾਂ ਕਿਹਾ ਕਿ ਕੋਠੀ ਨੂੰ ਸਿਫ਼ਟ ਕਰਨ ਤੇ ਕਰੀਬ 10 ਲੱਖ 36 ਹਜ਼ਾਰ ਰੁਪਏ ਇਕੱਲੀ ਲੇਬਰ ਦੇ ਖ਼ਰਚ ਆਉਣੇ ਹਨ। ਤਿੰਨ ਮਹੀਨੇ ਵਿੱਚ ਇਹ ਕੋਠੀ ਸਿਫ਼ਟ ਕਰਕੇ ਦੇਣੀ ਹੈ। 10 ਬੰਦੇ ਉਨਾਂ ਦੀ ਟੀਮ ਦੇ ਇਸ ਵਿੱਚ ਕੰਮ ਕਰ ਰਹੇ ਹਨ। ਰੋਜ਼ਾਨਾ 7 ਤੋਂ 8 ਫ਼ੁੱਟ ਸਿਫ਼ਟ ਕੀਤੀ ਜਾ ਰਹੀ ਹੈ। ਪਿਛਲੇ ਡੇਢ ਮਹੀਨੇ ਤੋਂ ਕੋਠੀ ਨੂੰ ਸਿਫ਼ਟ ਕਰਨ ਦਾ ਕੰਮ ਜਾਰੀ ਹੈ ਅਤੇ ਅਗਲੇ ਡੇਢ ਮਹੀਨੇ ਵਿੱਚ ਕੋਠੀ ਨੂੰ ਇਸਦੀ ਜਗ੍ਹਾ ਤੇ ਸਿਫ਼ਟ ਕਰ ਦਿੱਤਾ ਜਾਵੇਗਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement