ਪੈਸੇ ਨਾ ਦੇਣ 'ਤੇ ਪੂਰੇ ਪਰਿਵਾਰ ਨੂੰ ਮਾਰਨ ਦੀ ਦਿੱਤੀ ਧਮਕੀ
ਜਲੰਧਰ : ਜਲੰਧਰ ਦੇ ਇੱਕ ਡਾਕਟਰ ਨੂੰ ਗੈਂਗਸਟਰ ਵੱਲੋਂ ਧਮਕੀ ਭਰਿਆ ਸੁਨੇਹਾ ਮਿਲਿਆ ਹੈ। ਇਸ ਵਿੱਚ ਸਪੱਸ਼ਟ ਤੌਰ 'ਤੇ ਕਿਹਾ ਗਿਆ ਸੀ ਕਿ ਜੇਕਰ ਉਹ 2 ਕਰੋੜ ਰੁਪਏ ਨਹੀਂ ਦਿੰਦਾ ਹੈ, ਤਾਂ ਉਸ ਨੂੰ ਅਤੇ ਉਸ ਦੇ ਪੂਰੇ ਪਰਿਵਾਰ ਨੂੰ ਮਾਰ ਦਿੱਤਾ ਜਾਵੇਗਾ।
ਇਸ ਗੰਭੀਰ ਧਮਕੀ ਤੋਂ ਬਾਅਦ ਡਾਕਟਰ ਤੁਰੰਤ ਜਲੰਧਰ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੂੰ ਮਿਲੇ ਅਤੇ ਉਨ੍ਹਾਂ ਪੁਲਿਸ ਨੂੰ ਪੂਰੀ ਘਟਨਾ ਸਬੰਧੀ ਜਾਣਕਾਰੀ ਦਿੱਤੀ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੇ ਡਾਕਟਰ ਦੇ ਘਰ ਦੇ ਆਲੇ-ਦੁਆਲੇ ਸੁਰੱਖਿਆ ਸਖ਼ਤ ਕਰ ਦਿੱਤੀ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਧਮਕੀ ਤੋਂ ਬਾਅਦ ਡਾਕਟਰ ਨੇ ਸੁਰੱਖਿਆ ਲਈ ਆਪਣੇ ਮਾਡਲ ਟਾਊਨ ਦੇ ਘਰ ਨੂੰ ਬਿਜਲੀ ਦੀ ਵਾੜ ਨਾਲ ਘੇਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਡਰ ਕਾਰਨ ਆਪਣੇ ਘਰੋਂ ਨਹੀਂ ਨਿਕਲਿਆ ਹੈ। ਸ਼ਹਿਰ ਦੇ ਹੋਰ ਡਾਕਟਰਾਂ ਅਤੇ ਮੈਡੀਕਲ ਭਾਈਚਾਰੇ ਵਿੱਚ ਵੀ ਡਰ ਦਾ ਮਾਹੌਲ ਹੈ।
ਪੀੜਤ ਦਾ ਹਸਪਤਾਲ ਸ਼ਹਿਰ ਦੇ ਗੁਰੂ ਨਾਨਕ ਮਿਸ਼ਨ ਚੌਕ ਦੇ ਨੇੜੇ ਸਥਿਤ ਹੈ। ਇਸ ਤੋਂ ਇਲਾਵਾ ਉਸ ਦੇ ਆਪਣੇ ਇੱਕ ਨਜ਼ਦੀਕੀ ਰਿਸ਼ਤੇਦਾਰ ਦੀ ਸ਼ਹਿਰ ਵਿੱਚ ਇੱਕ ਵੱਡੀ ਦੋਪਹੀਆ ਵਾਹਨ ਏਜੰਸੀ ਹੈ। ਕੀ ਪੁਲਿਸ ਨੇ ਇਸ ਮਾਮਲੇ ਵਿੱਚ ਐਫ.ਆਈ.ਆਰ. ਦਰਜ ਕੀਤੀ ਹੈ ਜਾਂ ਨਹੀਂ ਇਸ ਸਬੰਧੀ ਜਾਣਕਾਰੀ ਹਾਸਲ ਨਹੀਂ ਹੋ ਸਕੀ।
