
ਯੂ.ਟੀ. ਪ੍ਰਸ਼ਾਸਨ ਚੰਡੀਗੜ੍ਹ ਸ਼ਹਿਰ, ਕਾਲੋਨੀਆਂ ਤੇ ਪਿੰਡਾਂ ਵਿਚ ਲੋਕਾਂ ਨੂੰ ਆਵਾਰਾ ਕੁੱਤਿਆਂ ਦੇ ਖ਼ੌਫ਼ ਤੋਂ ਬਚਾਉਣ ਲਈ ਪਸ਼ੂ ਪਾਲਣ ਵਿਭਾਗ ਅਤੇ ਸੁਸਾਇਟੀ ਐਸ.ਪੀ.ਸੀ.ਏ.
ਚੰਡੀਗੜ੍ਹ, 5 ਅਗੱਸਤ (ਸਰਬਜੀਤ ਢਿੱਲੋਂ): ਯੂ.ਟੀ. ਪ੍ਰਸ਼ਾਸਨ ਚੰਡੀਗੜ੍ਹ ਸ਼ਹਿਰ, ਕਾਲੋਨੀਆਂ ਤੇ ਪਿੰਡਾਂ ਵਿਚ ਲੋਕਾਂ ਨੂੰ ਆਵਾਰਾ ਕੁੱਤਿਆਂ ਦੇ ਖ਼ੌਫ਼ ਤੋਂ ਬਚਾਉਣ ਲਈ ਪਸ਼ੂ ਪਾਲਣ ਵਿਭਾਗ ਅਤੇ ਸੁਸਾਇਟੀ ਐਸ.ਪੀ.ਸੀ.ਏ. (ਸੁਸਾਇਟੀ ਫ਼ਾਰ ਕਿਉਰਿਲਟੀ ਟੂ ਐਨੀਮਲਜ਼) ਦੇ ਸਾਂਝੇ ਸਹਿਯੋਗ ਨਾਲ ਆਵਾਰਾ ਅਤੇ ਘਰਾਂ ਵਿਚ ਰੱਖੇ ਪਾਲਤੂ ਕੁੱਤਿਆਂ ਨੂੰ ਹਲਕਾਅ ਤੋਂ ਬਚਾਉਣ ਲਈ ਵਿਸ਼ੇਸ਼ ਮੁਹਿੰਮ ਚਲ ਰਹੀ ਹੈ। ਇਸ ਪ੍ਰਾਜੈਕਟ ਅਧੀਨ ਡਿਪਟੀ ਕਮਿਸ਼ਨਰ ਚੰਡੀਗੜ੍ਹ ਦੀ ਅਗਵਾਈ ਵਿਚ ਚੰਡੀਗੜ੍ਹ ਤੇ ਪਿੰਡਾਂ ਦੇ ਲੋਕਾਂ ਨੂੰ ਛੋਟੀਆਂ-ਛੋਟੀਆਂ ਟੈਲੀ ਫ਼ਿਲਮਾਂ ਰਾਹੀਂ ਕੁੱਤਿਆਂ ਦੀਟਾਂ ਬੀਮਾਰੀਆਂ ਅਤੇ ਹਲਕੇ ਕੁੱਤਿਆਂ ਵਲੋਂ ਵੱਢੇ ਜਾਣ ਵਾਲੇ ਮਰੀਜ਼ਾਂ ਦੇ ਇਲਾਜ ਲਈ ਜਾਣਕਾਰੀ ਦਿਤੀ ਜਾ ਰਹੀ ਹੈ।
ਸੂਤਰਾਂ ਅਨੁਸਾਰ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਇਸ ਮੁਹਿੰਮ ਰਾਹੀਂ ਹੁਣ ਤਕ ਤਕਰੀਬਨ 700 ਤੋਂ ਵੱਧ ਕੁੱਤਿਆਂ ਨੂੰ ਪੇਟ ਦੇ ਕੀੜੇ ਮਾਰਨ ਅਤੇ ਸੀਜ਼ਨ 'ਚ ਹੋਣ ਵਾਲ ਹਲਕਾਅ ਦੇ ਟੀਕੇ ਲਾ ਚੁਕੀ ਹੈ, ਜਿਸ ਵਿਚ 250 ਦੇ ਕਰੀਬ ਪਾਲਤੂ ਕੁੱਤੇ ਵੀ ਸ਼ਾਮਲ ਹਨ। ਹੁਣ ਤਕ ਸ਼ਹਿਰ ਵਿਚ ਆਵਾਰਾ ਕੁੱਤੇ ਸੈਂਕੜੇ ਲੋਕਾਂ ਨੂੰ ਅਪਣਾ ਸ਼ਿਕਾਰ ਬਣਾ ਚੁਕੇ ਹਨ।
ਚੰਡੀਗੜ੍ਹ ਪ੍ਰਸ਼ਾਸਨ ਦੇ ਪਸ਼ੂ ਪਾਲਣ ਵਿਭਾਗ ਦੇ ਮੁਖੀ ਅਤੇ ਐਸ.ਪੀ.ਸੀ.ਏ. ਦੇ ਮੁਖੀ ਕੈਪਟਨ ਕਰਨੈਲ ਸਿੰਘ ਨੇ ਕਿਹਾ ਕਿ ਇਹ ਅਭਿਆਨ ਪਿੰਡ ਕੈਂਬਵਾਲਾ, ਬਹਿਲਾਣਾ, ਰਾਏਪੁਰ ਖ਼ੁਰਦ, ਮੌਲੀਜਾਗਰਾਂ, ਖੁੱਡਾ ਅਲੀਸ਼ੇਰ, ਜੱਸੂ ਅਤੇ ਧਨਾਸ ਤੇ ਸਾਰੰਗਪੁਰ ਆਦਿ 'ਚ ਵਿਸ਼ੇਸ਼ ਕੈਂਪ ਲਗਾ ਕੇ ਅਪਰੇਸ਼ਨ ਚਲਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇਹ ਟੀਮਾਂ ਆਵਾਰਾ ਕੁੱਤਿਆਂ ਦੀ ਨਸ਼ਬੰਦੀ ਵੀ ਕਰੇਗੀ।
ਇਸ ਪ੍ਰੋਗਰਾਮ ਅਧੀਨ ਵਿਭਾਗ ਵਲੋਂ ਪੰਚਾਇਤਾਂ, ਸਮਾਜ ਸੇਵੀਆਂ ਦਾ ਪੂਰਾ ਸਹਿਯੋਗ ਲਿਆ ਜਾ ਰਿਹਾ ਹੈ। ਇਸ ਟੀਮ ਦੇ ਇਕ ਸੀਨੀਅਰ ਡਾਕਟਰ ਵਿਨੋਦ ਕੁਮਾਰ ਨੇ ਕਿਹਾ ਕਿ ਉਨ੍ਹਾਂ ਵਲੋਂ ਪਿੰਡਾਂ ਤੇ ਕਾਲੋਨੀਆਂ ਵਿਚ ਲੋਕਾਂ ਨੂੰ ਜਾਗਰੂਕ ਕਰਨ ਲਈ ਛੋਟੀਆਂ ਤੇ ਲਘੂ ਫ਼ਿਲਮਾਂ ਵੀ ਵਿਖਾਈਆਂ ਜਾ ਰਹੀਆਂ ਹਨ।