
ਸਥਾਨਕ ਅਦਾਲਤ ਨੇ ਬਾਲੀਵੁਡ ਅਦਾਕਾਰਾ ਰਾਖੀ ਸਾਵੰਤ ਨੂੰ ਵਾਲਮੀਕ ਭਾਈਚਾਰੇ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿਚ ਜ਼ਮਾਨਤ ਦੇ ਦਿਤੀ ਹੈ।
ਲੁਧਿਆਣਾ, 5 ਅਗੱਸਤ (ਗੁਰਮਿੰਦਰ ਗਰੇਵਾਲ) : ਸਥਾਨਕ ਅਦਾਲਤ ਨੇ ਬਾਲੀਵੁਡ ਅਦਾਕਾਰਾ ਰਾਖੀ ਸਾਵੰਤ ਨੂੰ ਵਾਲਮੀਕ ਭਾਈਚਾਰੇ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿਚ ਜ਼ਮਾਨਤ ਦੇ ਦਿਤੀ ਹੈ। ਜ਼ਿਲ੍ਹਾ ਸੈਸ਼ਨ ਜੱਜ ਗੁਰਬੀਰ ਸਿੰਘ ਦੀ ਅਦਾਲਤ ਨੇ ਅੱਜ ਦੋਹਾਂ ਧਿਰਾਂ ਨੂੰ ਸੁਣਨ ਤੋਂ ਬਾਅਦ ਫ਼ੈਸਲਾ ਸੁਣਾਇਆ।
ਸਥਾਨਕ ਵਕੀਲ ਨਰਿੰਦਰ ਅਧਿਆ ਵਲੋਂ ਰਾਖੀ ਸਾਵੰਤ ਵਿਰੁਧ ਬੀਤੇ ਵਰ੍ਹੇ 9 ਜੁਲਾਈ ਨੂੰ ਸ਼ਿਕਾਇਤ ਦਿਤੀ ਸੀ ਕਿ ਰਾਖੀ ਸਾਵੰਤ ਨੇ ਇਕ ਨਿਜੀ ਟੈਲੀਵਿਜ਼ਨ ਚੈਨਲ 'ਤੇ ਵਾਲਮੀਕ ਵਿਰੁਧ ਟਿਪਣੀ ਕਰ ਕੇ ਉਨ੍ਹਾਂ ਦੇ ਪੈਰੋਕਾਰਾਂ ਦੀਆਂ ਭਾਵਨਾਵਾਂ ਨੂੰ ਠੇਸ ਪੁਹੰਚਾਈ ਹੈ। ਅਦਾਲਤ ਨੇ 9 ਮਾਰਚ ਨੂੰ ਵਾਰੰਟ ਜਾਰੀ ਕੀਤੇ ਸਨ ਪਰ ਅਦਾਲਤ 'ਚ ਪੇਸ਼ ਨਾ ਹੋਣ ਕਰ ਕੇ 2 ਜੂਨ ਨੂੰ ਉਸ ਵਿਰੁਧ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਹੋਏ ਸਨ। ਰਾਖੀ ਸਾਵੰਤ ਨੂੰ ਗ੍ਰਿਫ਼ਤਾਰ ਕਰਨ ਲਈ ਪੰਜਾਬ ਪੁਲਿਸ ਦੋ ਵਾਰ ਮੁੰਬਈ ਗਈ ਸੀ ਪਰ ਖ਼ਾਲੀ ਹੱਥ ਪਰਤ ਆਈ ਸੀ। ਰਾਖੀ ਸਾਵੰਤ ਨੇ ਇਸ ਕੇਸ ਦੇ ਸਬੰਧ ਵਿਚ ਹਾਈ ਕੋਰਟ ਦੀ ਸ਼ਰਨ ਵੀ ਲਈ ਸੀ ਪਰ ਅਦਾਲਤ ਵਲੋਂ ਉਸ ਨੂੰ ਲੁਧਿਆਣਾ ਦੀ ਅਦਾਲਤ ਵਿਚ ਪੇਸ਼ ਹੋਣ ਲਈ ਆਖਿਆ ਗਿਆ ਸੀ। 6 ਜੁਲਾਈ ਨੂੰ ਰਾਖੀ ਸਾਵੰਤ ਪੁਲਿਸ, ਮੀਡੀਆ ਤੇ ਅਪਣੇ ਵਕੀਲ ਨੂੰ ਦੱਸੇ ਬਿਨਾਂ ਅਦਾਲਤ ਵਿਚ ਬੁਰਕਾ ਪਾ ਕੇ ਪੇਸ਼ ਹੋ ਗਈ ਤੇ ਜ਼ਮਾਨਤ ਹਾਸਲ ਕਰ ਲਈ ਪਰ ਮੁੱਕਦਮੇ ਦੀ ਤਰੀਕ 7 ਜੁਲਾਈ ਹੋਣ ਕਾਰਨ ਉਹ 7 ਜੁਲਾਈ ਨੂੰ ਅਦਾਲਤ ਵਿਚ ਪੇਸ਼ ਨਾ ਹੋਈ ਜਿਸ ਕਾਰਨ ਉਸ ਦੀ ਜ਼ਮਾਨਤ ਰੱਦ ਹੋ ਗਈ ਸੀ। ਉਸ ਵਿਰੁਧ ਮੁੜ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਨ ਦੇ ਹੁਕਮ ਦਿਤੇ ਗਏ ਸਨ। ਗ੍ਰਿਫ਼ਤਾਰੀ ਤੋਂ ਬਚਣ ਲਈ ਰਾਖੀ ਨੇ ਅੰਤਰਮ ਜ਼ਮਾਨਤ ਲਈ ਅਰਜ਼ੀ ਦਾਖ਼ਲ ਕੀਤੀ ਸੀ।