
ਸੁਖਪਾਲ ਖਹਿਰਾ ਵਿਰੁਧ ਵਿਸ਼ੇਸ਼ ਅਧਿਕਾਰ ਉਲੰਘਣਾ ਦਾ ਮਤਾ ਲਿਆਂਦਾ ਗਿਆ
ਸੰਸਦੀ ਮਾਮਲਿਆਂ ਦੇ ਮੰਤਰੀ ਬ੍ਰਹਮ ਮਹਿੰਦਰਾ ਨੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਵਿਰੁਧ ਸਦਨ ਦੀ ਤੌਹੀਨ ਕਰਨ ਵਾਲਾ ਵਿਸ਼ੇਸ਼ ਅਧਿਕਾਰ ਦਾ ਪ੍ਰਸਤਾਵ ਲਿਆ ਕੇ ਮਾਮਲਾ ਪ੍ਰੀਵਲੇਜ਼ ਕਮੇਟੀ ਨੂੰ ਦਿਵਾ ਦਿਤਾ।ਪ੍ਰਸਤਾਵ ਅਨੁਸਾਰ ਸੁਖਪਾਲ ਖਹਿਰਾ ਨੇ 26 ਮਾਰਚ ਵਾਲੇ ਦਿਨ ਸੱਤਾਧਾਰੀ ਕਾਂਗਰਸ ਦੇ ਵਿਧਾਇਕਾਂ 'ਤੇ ਗ਼ੈਰਕਾਨੂੰਨੀ ਮਾਈਨਿੰਗ ਕਰਨ ਦਾ ਦੋਸ਼ ਲਾਇਆ ਸੀ ਅਤੇ 'ਚੋਰ' ਸ਼ਬਦ ਵਰਤੇ ਸਨ। ਭਾਵੇਂ ਸਪੀਕਰ ਨੇ 'ਚੋਰ' ਸ਼ਬਦ ਕਾਰਵਾਈ 'ਚੋਂ ਕਟਵਾ ਦਿਤੇ ਸਨ ਪਰ ਖਹਿਰਾ ਨੇ ਸਦਨ ਤੋਂ ਬਾਹਰ ਫਿਰ ਇਹ ਦੋਸ਼ ਲਾਏ ਜੋ ਇਕ ਅਖ਼ਬਾਰ ਵਿਚ ਛੱਪ ਗਏ। ਬ੍ਰਹਮ ਮਹਿੰਦਰਾ ਨੇ ਕਿਹਾ ਕਿ ਖਹਿਰਾ ਨੇ ਝੂਠੇ ਦੋਸ਼ ਲਾਏ, ਮਾਮਲਾ ਗੰਭੀਰ ਹੈ, ਸਾਰੇ ਕਾਂਗਰਸੀ ਵਿਧਾਇਕਾਂ ਲਈ ਗੰਦੇ ਸ਼ਬਦ ਵਰਤੇ ਅਤੇ ਇਸ ਦਾ ਮਾਮਲਾ ਪਰਿਵਲੇਜ ਕਮੇਟੀ ਨੂੰ ਦੇਣਾ ਬਣਦਾ ਹੈ। ਜ਼ਿਕਰਯੋਗ ਹੈ ਕਿ ਸੁਨੀਲ ਜਾਖੜ 'ਤੇ ਵੀ ਵਿਸ਼ੇਸ਼ ਅਧਿਕਾਰਾਂ ਦੀ ਤੌਹੀਨ ਕਰਨ ਦਾ ਮਾਮਲਾ ਤਿੰਨ ਸਾਲ ਚਲਿਆ ਸੀ, ਜਿਸ ਦਾ ਕੁੱਝ ਨਹੀਂ ਹੋਇਆ।
Sukhpal Khaira
ਪਿਛਲੀ ਵਾਰ ਦਾ ਪਰਿਵਲੇਜ ਕਮੇਟੀ ਦਾ ਕੇਸ ਅਜੇ ਵੀ ਸੁਖਬੀਰ ਬਾਦਲ, ਪਵਨ ਟੀਨੂੰ, ਸਿਮਰਜੀਤ ਬੈਂਸ ਅਤੇ ਖਹਿਰਾ ਵਿਰੁਧ ਖੜਾ ਹੈ।
ਦਿਲਚਸਪ ਨੁਕਤਾ ਇਹ ਹੈ ਕਿ ਸਪੀਕਰ ਨੇ ਅੱਜ ਮੁੜ ਸਾਬਕਾ ਮੰਤਰੀ ਰਾਣਾ ਗੁਰਜੀਤ ਨੂੰ ਸਮਾਂ ਦੇ ਕੇ, ਸੁਖਪਾਲ ਖਹਿਰਾ ਵਿਰੁਧ ਭੜਾਸ ਕੱਢਣ ਦੀ ਇਜਾਜ਼ਤ ਦਿਤੀ। ਸਿਰਫ਼ ਕਾਲ ਦੌਰਾਨ ਰਾਣਾ ਗੁਰਜੀਤ ਨੇ ਫਿਰ ਬੀਤੇ ਕਲ ਦੀ ਤਰ੍ਹਾਂ ਖਹਿਰਾ ਵਿਰੁਧ ਭੱਦੀ ਸ਼ਬਦਾਵਲੀ ਵਰਤੀ, ਦੋਹਾਂ ਵਿਚ ਤੂੰ ਤੂੰ, ਮੈਂ ਮੈਂ ਹੋਈ, ਲੜਾਈ ਤਕ ਨੌਬਤ ਆਈ, ਸਪੀਕਰ ਨੇ ਇਸ ਨੂੰ ਜ਼ਾਤੀ ਮਾਮਲਾ ਕਹਿ ਕੇ ਅਣਦੇਖੀ ਕੀਤੀ। ਰਾਣਾ ਨੇ ਗੰਦੀ ਗਾਲ ਵੀ ਕੱਢੀ ਜੋ ਉੱਚੀ ਆਵਾਜ਼ ਵਿਚ ਮਾਈਕ 'ਤੇ ਨਸ਼ਰ ਹੋਈ ਪਰ ਸਪੀਕਰ ਨੇ 'ਟੂ ਮਚ' ਕਹਿ ਕੇ ਸਾਰ ਦਿਤਾ। ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਵਿਰੁਧ ਕੋਈ ਪਰਿਵਲੇਜ ਪ੍ਰਸਤਾਵ ਪੇਸ਼ ਨਹੀਂ ਕੀਤਾ ਗਿਆ।