
ਅੱਜ ਸੈਕਟਰ-70 ਦੇ ਵਸਨੀਕਾਂ ਤੋਂ ਇਲਾਵਾ ਭੰਗੂ ਦੇ ਰਿਸ਼ਤੇਦਾਰ, ਪੰਜਾਬ ਸਕੂਲ ਸਿਖਿਆ ਬੋਰਡ ਦੇ ਰਿਟਾਇਰ ਅਤੇ ਵਰਕਿੰਗ ਕਰਮਚਾਰੀ ਤੇ ਅਧਿਕਾਰੀ ਅਤੇ ਸ. ਭੰਗੂ ਦੇ ਕਰੀਬੀ ਦੋਸਤ
ਐਸ.ਏ.ਐਸ. ਨਗਰ, 5 ਅਗੱਸਤ (ਪਰਦੀਪ ਸਿੰਘ ਹੈਪੀ): ਅੱਜ ਸੈਕਟਰ-70 ਦੇ ਵਸਨੀਕਾਂ ਤੋਂ ਇਲਾਵਾ ਭੰਗੂ ਦੇ ਰਿਸ਼ਤੇਦਾਰ, ਪੰਜਾਬ ਸਕੂਲ ਸਿਖਿਆ ਬੋਰਡ ਦੇ ਰਿਟਾਇਰ ਅਤੇ ਵਰਕਿੰਗ ਕਰਮਚਾਰੀ ਤੇ ਅਧਿਕਾਰੀ ਅਤੇ ਸ. ਭੰਗੂ ਦੇ ਕਰੀਬੀ ਦੋਸਤ ਉਨ੍ਹਾਂ ਨਾਲ ਅਫ਼ਸੋਸ ਕਰਨ ਲਈ ਪਹੁੰਚੇ। ਭੰਗੂ ਨੇ ਦਸਿਆ ਕਿ ਸਿਮਰਨਜੀਤ ਸਿੰਘ ਬੜੇ ਮਿਲਾਪੜੇ ਸੁਭਾਅ ਦਾ ਸੀ ਅਤੇ ਕਦੇ ਕਿਸੇ ਨਾਲ ਵਾਦ-ਵਿਵਾਦ ਵਿਚ ਨਹੀਂ ਸੀ ਪਿਆ। ਸਿਮਰਨਜੀਤ ਸਿੰਘ ਅਪਣੀ ਅਮਰੀਕਾ ਰਹਿੰਦੀ ਭੈਣ ਕੋਲ ਹੀ ਰਹਿੰਦਾ ਸੀ। ਸਿਮਰਨਜੀਤ ਸਿੰਘ ਦੀ ਬੇਵਕਤੀ ਮੌਤ ਨਾਲ ਭੰਗੂ ਪਰਵਾਰ 'ਤੇ ਗਮ ਦਾ ਪਹਾੜ ਟੁੱਟ ਪਿਆ ਹੈ।
ਇਸ ਮੌਕੇ ਸੈਕਟਰ-70 ਦੀ ਰੈਜੀਡੈਂਟ ਵੈਲਫ਼ੇਅਰ ਐਸੋਸੀਏਸ਼ਨ ਦੇ ਪ੍ਰਧਾਨ ਕੁਲਦੀਪ ਸਿੰਘ, ਸਿਖਿਆ ਬੋਰਡ ਦੇ ਅਮਰ ਸਿੰਘ ਧਾਲੀਵਾਲ, ਦਰਸ਼ਨ ਸਿੰਘ ਸਿੱਧੂ, ਗੁਰਨਾਮ ਸਿੰਘ ਲੌਂਗੀਆ ਸੁਖਪਾਲ ਸਿੰਘ ਛੀਨਾ, ਹਰੀ, ਲਖਬੀਰ ਸਿੰਘ, ਜੋਗਿੰਦਰ ਸਿੰਘ ਸੰਧੂ, ਸੁਖਪਾਲ ਸਿੰਘ, ਚੰਦ ਸਿੰਘ, ਨਰਿੰਦਰ ਸਿੰਘ ਬਾਠ, ਰਣਜੀਤ ਸਿੰਘ ਭੰਗੂ ਨਾਲ ਦੁੱਖ ਸਾਂਝਾ ਕੀਤਾ।
ਪਰਵਾਰਕ ਸੂਤਰਾਂ ਅਨੁਸਾਰ ਸਿਮਰਨਜੀਤ ਸਿੰਘ ਦੀ ਦੇਹ ਸੋਮਵਾਰ 7 ਅਗੱਸਤ ਸ਼ਾਮ ਨੂੰ ਮੁਹਾਲੀ ਪਹੁੰਚੇਗੀ ਅਤੇ 8 ਅਗੱਸਤ ਨੂੰ ਉਸ ਦਾ ਸਸਕਾਰ ਕੀਤਾ ਜਾਵੇਗਾ। ਸੈਕਟਰ-70 ਦੀ ਕੋਠੀ ਨੰਬਰ: 2607 ਵਿਚ ਅੱਜ ਸਵੇਰੇ 9 ਵਜੇ ਰਣਜੀਤ ਸਿੰਘ ਭੰਗੂ (ਜਿਨ੍ਹਾਂ ਦੇ ਪੁੱਤਰ ਸਿਮਰਨਜੀਤ ਸਿੰਘ ਨੂੰ ਬੀਤੀ 26 ਜੁਲਾਈ ਨੂੰ ਅਮਰੀਕਾ ਦੇ ਸੈਕਰਾਮੈਂਟੋ ਵਿਚ ਕੁੱਝ ਸਿਰਫਿਰੇ ਨੌਜਵਾਨਾਂ ਵਲੋਂ ਬਿਨਾਂ ਕਾਰਨ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਸੀ) ਦੇ ਪਹੁੰਚਣ ਨਾਲ ਹੀ ਪੂਰਾ ਸੈਕਟਰ ਗਮਗੀਨ ਹੋ ਗਿਆ। 20 ਸਾਲਾ ਸਿਮਰਨਜੀਤ ਸਿੰਘ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ।
ਤਿੰਨ ਭੈਣਾਂ ਦੇ ਇਕਲੌਤੇ ਭਰਾ ਸਿਮਰਨਜੀਤ ਸਿੰਘ ਦੀ ਦੇਹ ਰਖੜੀ ਵਾਲੇ ਦਿਨ 7 ਅਗੱਸਤ ਨੂੰ ਮੁਹਾਲੀ ਪਹੁੰਚੇਗੀ। ਇਹ ਦੁਖਦਾਈ ਸੰਯੋਗ ਹੈ ਕਿ 7 ਅਗਸਤ ਨੂੰ ਭੈਣਾਂ ਨੇ ਅਪਣੇ ਭਰਾ ਦੇ ਰਖੜੀ ਬੰਨ੍ਹਣੀ ਸੀ ਅਤੇ ਰਖੜੀ ਵਾਲੇ ਦਿਨ ਹੀ ਉਸ ਦੀ ਅਮਰੀਕਾ ਰਹਿੰਦੀ ਭੈਣ ਉਸ ਦੀ ਮ੍ਰਿਤਕ ਦੇਹ ਲੈ ਕੇ ਮੁਹਾਲੀ ਆ ਰਹੀ ਹੈ ਅਤੇ ਰਖੜੀ ਵਾਲੇ ਦਿਨ ਹੀ ਇਥੇ ਬੈਠੀਆਂ ਦੋਵੇਂ ਭੈਣਾਂ ਉਸ ਦੀ ਮ੍ਰਿਤਕ ਦੇਹ ਦੇ ਰੂ-ਬਰੂ ਹੋਣਗੀਆਂ।