
ਬੇਟੀਆਂ ਵਲ ਲੋਕ ਸਕਾਰਤਮਕ ਨਜ਼ਰੀਆ ਅਪਨਾਉਣ ਅਤੇ ਬੇਟੀਆਂ ਨੂੰ ਲੈ ਕੇ ਜਾਗਰੂਕਤਾ ਫੈਲਾਉਣ ਲਈ ਰਾਜਪਾਲ ਕਪਤਾਨ ਸਿੰਘ ਸੋਲੰਕੀ ਨੇ ਗਵਰਨਰ ਹਾਊਸ ਵਿਚ ਗੀਤ 'ਬੇਟੀ' ਜਾਰੀ ਕੀਤਾ।
ਚੰਡੀਗੜ੍ਹ, 5 ਅਗੱਸਤ (ਸੁਖਵਿੰਦਰ ਭਾਰਜ, ਅੰਕੁਰ): ਬੇਟੀਆਂ ਵਲ ਲੋਕ ਸਕਾਰਤਮਕ ਨਜ਼ਰੀਆ ਅਪਨਾਉਣ ਅਤੇ ਬੇਟੀਆਂ ਨੂੰ ਲੈ ਕੇ ਜਾਗਰੂਕਤਾ ਫੈਲਾਉਣ ਲਈ ਰਾਜਪਾਲ ਕਪਤਾਨ ਸਿੰਘ ਸੋਲੰਕੀ ਨੇ ਗਵਰਨਰ ਹਾਊਸ ਵਿਚ ਗੀਤ 'ਬੇਟੀ' ਜਾਰੀ ਕੀਤਾ। ਉਨ੍ਹਾਂ ਗੀਤ ਦੇ ਨਿਰਦੇਸ਼ਕ ਗੌਰਵ ਗੋਇਲ ਉਨ੍ਹਾਂ ਦੀ ਪਤਨੀ ਸ਼ਿਪਰਾ ਗੋਇਲ ਅਤੇ ਪੂਰੀ ਟੀਮ ਨੂੰ ਇਸ ਸੋਚ ਲਈ ਸ਼ੁੱਭਕਾਮਨਾਵਾਂ ਦਿਤੀਆਂ। ਉਨ੍ਹਾਂ ਛੋਟੀ ਬੱਚੀ ਅਣਵਿਤਾ ਗੋਇਲ ਜੋ ਸਟ੍ਰਾਬੇਰੀ ਸਕੂਲ ਦੀ ਵਿਦਿਆਰਥਣ ਹੈ ਅਤੇ ਇਸ ਗੀਤ ਵਿਚ ਐਕਟ ਕੀਤਾ ਹੈ, ਉਸ ਨੂੰ ਵੀ ਆਸ਼ੀਰਵਾਦ ਦਿਤਾ।
ਰਾਜਪਾਲ ਸੋਲੰਕੀ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਲੜਕੀਆਂ ਅਪਣੇ ਖ਼ੁਦ ਦੇ ਘਰ ਵਿਚ ਵੀ ਸੁਰੱਖਿਅਤ ਨਹੀਂ ਹਨ। ਸਾਨੂੰ ਸੱਭ ਨੂੰ ਅੱਗੇ ਵੱਧ ਕੇ ਉਨ੍ਹਾਂ ਨੂੰ ਸੁਰੱਖਿਅਤ ਕਰਨਾ ਚਾਹੀਦਾ ਹੈ।
ਅਪਣੇ ਗੀਤ ਬਾਰੇ ਦਸਦੇ ਹੋਏ ਗੌਰਵ ਗੋਇਲ ਨੇ ਕਿਹਾ, ''ਭਾਰਤ ਵਿਚ ਅਸੀਂ ਜਨਮ ਤੋਂ ਪਹਿਲਾਂ ਹੀ ਕਈ ਲੜਕੀਆਂ ਹਰ ਸਾਲ ਗਵਾ ਦਿੰਦੇ ਹਾਂ। ਇਹ ਜ਼ਿਆਦਾਤਰ ਪਰਵਾਰਾਂ ਵਿਚ ਹੁੰਦਾ ਹੈ ਅਤੇ ਸਾਨੂੰ ਇਸ ਨੂੰ ਹਮੇਸ਼ਾ ਲਈ ਬੰਦ ਕਰਨਾ ਪਵੇਗਾ। ਮੈਂ ਬੱਸ ਉਹ ਸੱਚਾਈ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਲੋਕਾਂ ਨੂੰ ਪਹਿਲਾਂ ਤੋਂ ਪਤਾ ਹੈ ਅਤੇ ਅਸੀਂ ਇਸ ਦੇ ਬਾਵਜੂਦ ਕੋਈ ਠੋਸ ਕਦਮ ਨਹੀਂ ਉਠਾ ਰਹੇ।'' ਸ਼ਿਪਰਾ ਪਿਕਚਰਜ਼ ਦੀ ਹੈੱਡ ਅਤੇ ਬਿਗ ਡੇਅ ਹੰਗਰ ਚੈਲੇਂਜ (ਐਨਜੀਓ) ਦੀ ਫ਼ਾਊਂਡਰ ਸ਼ਿਪਰਾ ਗੋਇਲ ਨੇ ਕਿਹਾ ਕਿ ਗੀਤ ਦਾ ਮਕਸਦ ਹੈ ਕਿ ਉਹ ਹਰ ਘਰ ਤਕ ਪਹੁੰਚੇ ਅਤੇ ਲੋਕਾਂ ਨੂੰ ਅਪਣੀ ਬੇਟੀਆਂ ਨੂੰ ਪਿਆਰ ਕਰਨ ਦੀ ਸਿੱਖਿਆ ਦੇਣ ਦੀ ਅਤੇ ਉਨ੍ਹਾਂ ਨੂੰ ਇਕ ਬੇਹਤਰੀਨ ਜ਼ਿੰਦਗੀ ਦੇਣ ਦੀ ਪ੍ਰੇਰਣਾ ਦੇਣ। ਗਵਰਨਰ ਦੇ ਏਡੀਸੀ ਮੇਜਰ ਕ੍ਰਿਸ਼ਨਾ ਸਿੰਘ ਨੇ ਕਿਹਾ ਕਿ ਬੇਟੀਆਂ ਹਰ ਘਰ, ਹਰ ਦੇਸ਼ ਦੀ ਅਤੇ ਮਾਨਵਤਾ ਦੀ ਨੀਂਹ ਹਨ।