
ਉਤਰੀ ਕੋਰੀਆ ਨੇ ਹਮਲੇ ਦੇ ਵਧੇਰੇ ਸ਼ਕਤੀਸ਼ਾਲੀ ਸਾਧਨ ਵਿਕਸਤ ਕਰਨ ਦੀ ਸਹੁੰ ਖਾਧੀ
ਨਵੀਂ ਦਿੱਲੀ, 28 ਮਾਰਚ : ਉਤਰੀ ਕੋਰੀਆ ਵਲੋਂ ਚਾਰ ਸਾਲਾਂ ਤੋਂ ਵੱਧ ਸਮੇਂ ਵਿਚ ਦੇਸ਼ ਦੀ ਪਹਿਲੀ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ ਲਾਂਚ ਕਰਨ ਤੋਂ ਕੱੁਝ ਦਿਨ ਬਾਅਦ, ਨੇਤਾ ਕਿਮ ਜੋਂਗ ਉਨ ਨੇ ਹਮਲੇ ਦੇ ਵਧੇਰੇ ਸ਼ਕਤੀਸ਼ਾਲੀ ਸਾਧਨ ਵਿਕਸਤ ਕਰਨ ਦੀ ਸਹੁੰ ਖਾਧੀ ਹੈ।
ਉੱਤਰੀ ਕੋਰੀਆ ਜਲਦੀ ਹੀ ਅਪਣੇ ਹਥਿਆਰਾਂ ਦੇ ਆਧੁਨਿਕੀਕਰਨ ਤੇ ਬਾਇਡਨ ਪ੍ਰਸ਼ਾਸਨ ’ਤੇ ਦਬਾਅ ਵਧਾਉਣ ਲਈ ਵਾਧੂ ਲਾਂਚ ਕਰ ਸਕਦਾ ਹੈ ਜਾਂ ਇਕ ਪ੍ਰਮਾਣੂ ਯੰਤਰ ਦਾ ਪ੍ਰੀਖਣ ਵੀ ਕਰ ਸਕਦਾ ਹੈ। ਪਿਛਲੇ ਵੀਰਵਾਰ, ਉਤਰ ਨੇ ਇਸ ਸਾਲ ਹਥਿਆਰਾਂ ਦੇ ਪ੍ਰੀਖਣ ਦੇ 12ਵੇਂ ਦੌਰ ਦਾ ਪ੍ਰਦਰਸ਼ਨ ਕੀਤਾ। ਦੇਸ਼ ਨੇ ਨਵੇਂ ਵਿਕਸਤ, ਲੰਬੀ ਰੇਂਜ ਦੇ ਹਵੇਸੋਂਗ-17 ਨੂੰ ਲਾਂਚ ਕੀਤਾ ਸੀ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਸਨੂੰ ਅਮਰੀਕਾ ਦੀ ਮੁੱਖ ਭੂਮੀ ਵਿਚ ਕਿਤੇ ਵੀ ਪਹੁੰਚਣ ਲਈ ਤਿਆਰ ਕੀਤਾ ਗਿਆ ਹੈ। ਅਧਿਕਾਰਤ ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਦੇ ਅਨੁਸਾਰ, ਹਵੇਸੋਂਗ-17 ਪ੍ਰੀਖਣ ਵਿੱਚ ਸ਼ਾਮਲ ਵਿਗਿਆਨੀਆਂ ਅਤੇ ਹੋਰਾਂ ਦੇ ਨਾਲ ਇੱਕ ਫੋਟੋ ਸੈਸ਼ਨ ਦੌਰਾਨ, ਕਿਮ ਨੇ ਖ਼ਤਰਿਆਂ ਨਾਲ ਨਜਿੱਠਣ ਲਈ ਦੇਸ਼ ਦੀ ਹਮਲਾ ਕਰਨ ਦੀ ਸਮਰਥਾ ਨੂੰ ਵਧਾਉਣ ਦਾ ਸੰਕਲਪ ਜ਼ਾਹਰ ਕੀਤਾ। (ਏਜੰਸੀ)