
ਹਾਈਵੋਲਟੇਜ ਤਾਰਾਂ ਦੀ ਲਪੇਟ 'ਚ ਆਉਣ ਕਾਰਨ ਹੋਈ ਮੌਤ
ਮਾਜਰੀ : ਖੰਨਾ ਦੇ ਪਿੰਡ ਮਾਜਰੀ ਵਿਖੇ ਮਜ਼ਦੂਰੀ ਦੌਰਾਨ ਦੋ ਨੌਜਵਾਨਾਂ ਨੂੰ ਛੱਤ ਉਪਰ ਮਸਤੀ ਕਰਨਾ ਮਹਿੰਗਾ ਪਿਆ। ਮਸਤੀ ਦੌਰਾਨ ਇੱਕ ਨੌਜਵਾਨ ਨੇ ਕੋਲੋਂ ਲੰਘ ਰਹੀਆਂ ਹਾਈਵੋਲਟੇਜ ਤਾਰਾਂ ਨੂੰ ਉਂਗਲੀ ਲਗਾ ਦਿੱਤੀ ਤਾਂ ਕਰੰਟ ਲੱਗਣ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕ ਜਨਪ੍ਰੀਤ ਸਿੰਘ (22) ਪਿੰਡ ਸਲਾਣਾ ਦਾ ਰਹਿਣ ਵਾਲਾ ਸੀ ਅਤੇ ਪਹਿਲੇ ਦਿਨ ਹੀ ਕੰਮ ਕਰਨ ਆਇਆ ਸੀ।
ਮਕਾਨ ਮਾਲਕਣ ਮੰਜੂ ਨੇ ਦੱਸਿਆ ਕਿ ਉਹਨਾਂ ਦੀ ਛੱਤ ਉਪਰੋਂ ਹਾਈਵੋਲਟੇਜ ਤਾਰਾਂ ਨਿਕਲਦੀਆਂ ਹਨ। ਇਹਨਾਂ ਤਾਰਾਂ ਤੋਂ ਬਚਣ ਲਈ ਉਹ ਛੱਤ ਉਪਰ ਕੰਧ ਬਣਾ ਰਹੀ ਹੈ। ਜਿਸ ਦੇ ਲਈ ਤਿੰਨ ਦਿਨਾਂ ਤੋਂ ਰਾਜ ਮਿਸਤਰੀ ਕੋਲ ਲੇਬਰ ਨਹੀਂ ਸੀ। ਅੱਜ ਮਿਸਤਰੀ ਨੇ 2 ਨੌਜਵਾਨ ਬੁਲਾਏ ਸਨ ਜੋ ਕੰਮ ਦੌਰਾਨ ਛੱਤ ਉਪਰ ਮਸਤੀ ਕਰਨ ਲੱਗੇ।
ਇਹ ਵੀ ਪੜ੍ਹੋ: ਦੋ ਬੱਚਿਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ, ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਹੋਈ ਮੌਤ
ਉਸ ਨੇ ਇਹਨਾਂ ਨੂੰ ਰੋਕਿਆ ਕਿ ਅਜਿਹਾ ਨਾ ਕਰੋ ਕੋਲੋਂ ਤਾਰਾਂ ਲੰਘ ਰਹੀਆਂ ਹਨ ਪਰ ਨੌਜਵਾਨ ਨਾ ਹਟੇ। ਇੱਕ ਨੌਜਵਾਨ ਨੇ ਤਾਰਾਂ ਨੂੰ ਉਂਗਲੀ ਲਗਾ ਦਿੱਤੀ ਅਤੇ ਝਟਕੇ ਨਾਲ ਉਸ ਦੀ ਮੌਤ ਹੋ ਗਈ। ਦੂਜੇ ਪਾਸੇ ਮ੍ਰਿਤਕ ਜਨਪ੍ਰੀਤ ਦੇ ਨਾਲ ਕੰਮ ਕਰਨ ਵਾਲੇ ਨੌਜਵਾਨ ਨੇ ਕਿਹਾ ਕਿ ਅਚਾਨਕ ਬਾਹਾਂ ਉਪਰ ਚੁੱਕਣ ਕਰ ਕੇ ਹੱਥ ਤਾਰਾਂ ਨੂੰ ਲੱਗਿਆ ਜਿਸ ਨਾਲ ਮੌਤ ਹੋ ਗਈ।
ਸਰਕਾਰੀ ਹਸਪਤਾਲ ਵਿਖੇ ਐਮਰਜੈਂਸੀ ਡਿਉਟੀ ਉਪਰ ਤਾਇਨਾਤ ਡਾ. ਫਰੈਂਕੀ ਨੇ ਦੱਸਿਆ ਕਿ ਹਸਪਤਾਲ ਪੁੱਜਣ ਤੱਕ ਨੌਜਵਾਨ ਦੀ ਮੌਤ ਹੋ ਚੁੱਕੀ ਸੀ। ਮੌਤ ਕਰੰਟ ਲੱਗਣ ਨਾਲ ਹੋਈ ਹੈ। ਇਸ ਬਾਰੇ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।