
31 ਮਾਰਚ ਰਾਤ 12 ਵਜੇ ਤੋਂ ਲਾਗੂ ਹੋਣਗੇ ਨਵੇਂ ਰੇਟ, ਲਾਡੋਵਾਲ ਟੋਲ-ਪਲਾਜ਼ਾ ਦੀਆਂ ਕੀਮਤਾਂ 'ਚ 5% ਦਾ ਵਾਧਾ
ਚੰਡੀਗੜ੍ਹ : ਨੈਸ਼ਨਲ ਹਾਈਵੇਅ ਅਥਾਰਟੀ ਨੇ ਪੰਜਾਬ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜ਼ਾ ਦੀ ਕੀਮਤ ’ਚ ਮੁੜ ਤੋਂ ਵਾਧਾ ਕਰ ਦਿਤਾ ਹੈ। ਅਥਾਰਟੀ ਨੇ ਲੁਧਿਆਣਾ-ਜਲੰਧਰ ਹਾਈਵੇਅ ’ਤੇ ਸਥਿਤ ਲਾਡੋਵਾਲ ਟੋਲ ਪਲਾਜ਼ਾ ’ਤੇ ਟੋਲ ਦਰਾਂ ’ਚ ਵਾਧੇ ਦਾ ਐਲਾਨ ਕੀਤਾ ਹੈ। ਇਹ ਵਾਧਾ ਤਕਰੀਬਨ 5 ਫੀਸਦ ਕੀਤਾ ਗਿਆ ਹੈ, ਜਿਸ ਨਾਲ ਹਲਕੇ ਵਾਹਨਾਂ ਤੋਂ ਲੈ ਕੇ ਵੱਡੇ ਕਮਰਸ਼ੀਅਲ ਵਾਹਨਾਂ ’ਤੇ ਅਸਰ ਪਵੇਗਾ। ਇਹ ਰੇਟ ਨੈਸ਼ਨਲ ਹਾਈਵੇ-1 ਦੇ ਪਾਨੀਪਤ-ਜਲੰਧਰ ਸੈਕਸ਼ਨ (96 ਕਿਲੋਮੀਟਰ ਤੋਂ 387 ਕਿਲੋਮੀਟਰ) ’ਤੇ ਲਗਣਗੇ।
ਕਾਰ, ਜੀਪ, ਵੈਨ ਜਾਂ ਹਲਕੀ ਮੋਟਰ ਗੱਡੀ ਲਈ ਇਕ ਵਾਰੀ ਲੰਘਣ ਦੀ ਫ਼ੀਸ 230 ਰੁਪਏ ਹੈ। ਦਿਨ ’ਚ ਦੋ ਵਾਰੀ ਲੰਘਣ ਦੀ ਫ਼ੀਸ 345 ਰੁਪਏ ਅਤੇ ਮਹੀਨਾਵਾਰ ਪਾਸ 7620 ਰੁਪਏ ਦਾ ਬਣੇਗਾ। ਜ਼ਿਲ੍ਹੇ ਅੰਦਰ ਰਜਿਸਟਰਡ ਕਮਰਸ਼ੀਅਲ ਗੱਡੀਆਂ ਨੂੰ ਲੰਘਣ ਲਈ 115 ਰੁਪਏ ਦੇਣੇ ਪੈਣਗੇ। ਇਹ ਕੀਮਤਾਂ ਇਕ ਅਪ੍ਰੈਲ ਤੋਂ ਲਾਗੂ ਹੋ ਜਾਣਗੀਆਂ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦੋ ਵਾਰ ਟੋਲ ਪਲਾਜ਼ਾ ਦੀ ਕੀਮਤ ’ਚ ਵਾਧਾ ਹੋਇਆ ਸੀ। ਹੁਣ ਮਾਰਚ ਤੋਂ ਬਾਅਦ ਦੂਜਾ ਸਾਲ ਸ਼ੁਰੂ ਹੋ ਜਾਂਦਾ ਜਿਸ ਨਾਲ ਐਨ.ਐਚ.ਏ.ਆਈ. ਵਲੋਂ ਕੀਮਤਾਂ ’ਚ ਵਾਧਾ ਕੀਤਾ ਗਿਆ ਹੈ।