
ਉਜ਼ਬੇਕਿਸਤਾਨ ਦੇ ਭਾਰਤੀ ਰਾਜਦੂਤ ਫ਼ਰਹੌਦ ਅਰਜ਼ੀਵ ਨੇ ਅੱਜ ਇਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਦੁਪਹਿਰ ਦੇ ਭੋਜਨ ਮੌਕੇ ਮੁਲਾਕਾਤ ਕੀਤੀ
ਚੰਡੀਗੜ੍ਹ, 28 ਅਪ੍ਰੈਲ (ਸਪੋਕਸਮੈਨ ਸਮਾਚਾਰ ਸੇਵਾ) :ਉਜ਼ਬੇਕਿਸਤਾਨ ਨੇ ਪੰਜਾਬ ਨਾਲ ਵਣਜ, ਖੇਤੀਬਾੜੀ, ਸਿਖਿਆ ਅਤੇ ਸੈਰ-ਸਪਾਟੇ ਦੇ ਖੇਤਰ ਵਿਚ ਸਬੰਧ ਮਜ਼ਬੂਤ ਕਰਨ ਦੀ ਇੱਛਾ ਪ੍ਰਗਟ ਕੀਤੀ ਹੈ। ਉਜ਼ਬੇਕਿਸਤਾਨ ਦੇ ਭਾਰਤੀ ਰਾਜਦੂਤ ਫ਼ਰਹੌਦ ਅਰਜ਼ੀਵ ਨੇ ਅੱਜ ਇਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਦੁਪਹਿਰ ਦੇ ਭੋਜਨ ਮੌਕੇ ਮੁਲਾਕਾਤ ਕੀਤੀ ਜਿਥੇ ਦੋਹਾਂ ਹਸਤੀਆਂ ਨੇ ਭਾਰਤ ਅਤੇ ਕੇਂਦਰੀ ਏਸ਼ੀਅਨ ਮੁਲਕ ਦੇ ਹਿੱਤ ਲਈ ਦੁਵੱਲੀ ਦਿਲਚਸਪੀ ਵਾਲੇ ਇਲਾਕਿਆਂ ਵਿਚ ਸਹਿਯੋਗ ਲਈ ਵਿਚਾਰ-ਚਰਚਾ ਕੀਤੀ।ਮੁੱਖ ਮੰਤਰੀ ਨੇ ਕਣਕ ਅਤੇ ਚਾਵਲ ਸਮੇਤ ਵੱਖ-ਵੱਖ ਵਸਤਾਂ ਉਜ਼ਬੇਕਿਸਤਾਨ ਨੂੰ ਬਰਾਮਦ ਕਰਨ ਦਾ ਸੁਝਾਅ ਦਿੰਦਿਆਂ ਕਿਹਾ ਕਿ ਉਜ਼ਬੇਕਿਸਤਾਨ ਤੇ ਅੰਮ੍ਰਿਤਸਰ (ਪੰਜਾਬ) ਦਰਮਿਆਨ ਸਿੱਧੇ ਹਵਾਈ ਸੰਪਰਕ ਨਾਲ ਕਾਰੋਬਾਰ ਵਧਾਉਣ ਦੀ ਅਥਾਹ ਸਮਰੱਥਾ ਹੈ।
Captain Amarinder Singh and Farhod Rajiv
ਅਰਜ਼ੀਵ ਨੇ ਕਿਹਾ ਕਿ ਉਜ਼ਬੇਕਿਸਤਾਨ ਵੀ ਹਵਾਈ ਸੰਪਰਕ ਦੀ ਵਰਤੋਂ ਰਾਹੀਂ ਸ਼ਹਿਤੂਤ, ਖੁਰਮਾਣੀ ਅਤੇ ਆੜੂਆਂ ਵਰਗੇ ਤਾਜ਼ੇ ਫਲਾਂ ਦੇ ਨਾਲ-ਨਾਲ ਉਨ੍ਹਾਂ ਦੇ ਮੁਲਕ ਵਿਚ ਆਰਗੈਨਿਕ ਢੰਗ ਨਾਲ ਪੈਦਾ ਹੁੰਦੇ ਸੁੱਕੇ ਮੇਵਿਆਂ ਦਾ ਕਾਰੋਬਾਰ ਵਧਾਉਣ ਦਾ ਇਛੁੱਕ ਹੈ। ਰਾਜਦੂਤ ਨੇ ਕਿਹਾ ਕਿ ਚੇਨਈ ਤੋਂ ਉਜ਼ਬੇਕਿਸਤਾਨ ਜਾਂਦੀਆਂ ਮੁਸਾਫ਼ਰ ਤੇ ਕਾਰਗੋ ਉਡਾਣਾਂ ਦੀ ਵਰਤੋਂ ਵੀ ਵਪਾਰਕ ਗਤੀਵਿਧੀਆਂ ਲਈ ਕੀਤੀ ਜਾ ਸਕਦੀ ਹੈ। ਮੀਟਿੰਗ ਦੌਰਾਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਵਿਦਿਆਰਥੀਆਂ ਲਈ ਅਦਾਨ-ਪ੍ਰਦਾਨ ਪ੍ਰੋਗਰਾਮ ਦੀ ਮੇਜ਼ਬਾਨੀ ਦਾ ਸੁਝਾਅ ਦਿਤਾ ਜਿਸ ਨਾਲ ਮੁੱਖ ਮੰਤਰੀ ਨੇ ਸਹਿਮਤੀ ਪ੍ਰਗਟ ਕੀਤੀ। ਮੀਟਿੰਗ ਵਿੱਚ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਵਧੀਕ ਮੁੱਖ ਸਕੱਤਰ ਵਿਕਾਸ ਵਿਸਵਾਜੀਤ ਖੰਨਾ ਅਤੇ ਪ੍ਰਮੁੱਖ ਸਕੱਤਰ ਸੈਰ-ਸਪਾਟਾ ਤੇ ਸਭਿਆਚਾਰਕ ਮਾਮਲੇ ਵਿਕਾਸ ਪ੍ਰਤਾਪ ਹਾਜ਼ਰ ਸਨ।