
ਸੈਕਟਰ 30 ਤੇ ਬਾਪੂਧਾਮ ਕਾਲੋਨੀ ਤੋਂ 11 ਨਵੇਂ ਮਾਮਲੇ ਆਏ ਸਾਹਮਣੇ, ਕੁਲ ਗਿਣਤੀ ਹੋਈ 56
ਚੰਡੀਗੜ੍ਹ, 28 ਅਪ੍ਰੈਲ (ਤਰੁਣ ਭਜਨੀ): ਸ਼ਹਿਰ ਵਿਚ ਕੋਰੋਨਾ ਸੰਕਰਮਣ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਪਿਛਲੇ ਤਿੰਨ ਦਿਨਾਂ ਵਿਚ 20 ਤੋਂ ਵੀ ਉਤੇ ਪਾਜੇਟਿਵ ਮਾਮਲੇ ਸਾਹਮਣੇ ਆਉਣ ਨਾਲ ਪ੍ਰਸ਼ਾਸਨ ਦੀ ਚਿੰਤਾ ਵੀ ਵਧ ਗਈ ਹੈ। ਸ਼ਹਿਰ ਵਿਚ ਕੋਰੋਨਾ ਵਾਇਰਸ ਦੇ ਮਰੀਜ਼ ਵਧਦੇ ਜਾ ਰਹੇ ਹਨ। ਮੰਗਲਵਾਰ ਨੂੰ ਸ਼ਹਿਰ ਵਿਚ 11 ਕੋਰੋਨਾ ਪਾਜ਼ੇਟਿਵ ਮਰੀਜ਼ ਆਏ ਹਨ, ਜਿਸ ਨਾਲ ਸ਼ਹਿਰ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਹੁਣ 56 ਹੋ ਗਈ ਹੈ।
ਸਵੇਰੇ ਪੰਜ ਅਤੇ ਦੁਪਹਿਰ ਬਾਅਦ 6 ਮਾਮਲੇ ਆਏ ਸਾਹਮਣੇ : ਮੰਗਲਵਾਰ ਸਵੇਰੇ ਸੈਕਟਰ-30 ਵਿਚ ਫਿਰ ਪੰਜ ਨਵੇਂ ਪਾਜ਼ੇਟਿਵ ਮਰੀਜ਼ ਮਿਲੇ, ਜਿਸ ਵਿਚ ਚਾਰ ਔਰਤਾਂ ਅਤੇ ਇਕ ਮਰਦ ਸ਼ਾਮਲ ਹੈ। 53 ਸਾਲਾ ਔਰਤ, 62 ਸਾਲ ਦਾ ਮਰਦ, 27 ਸਾਲ ਦੀ ਔਰਤ, 35 ਸਾਲ ਦੀ ਔਰਤ ਅਤੇ 23 ਸਾਲ ਦੀ ਔਰਤ ਨੂੰ ਕੋਰੋਨਾ ਹੋਇਆ ਹੈ। ਦੁਪਹਿਰ ਬਾਅਦ ਬਾਪੂਧਾਮ ਦੇ ਛੇ ਲੋਕ ਕੋਰੋਨਾ ਪਾਜ਼ੇਟਿਵ ਹੋ ਗਏ। ਇਨ੍ਹਾਂ ਦੇ ਨਾਲ ਹੀ ਹੁਣ ਚੰਡੀਗੜ੍ਹ ਵਿਚ ਕੁਲ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 56 ਹੋ ਗਈ ਹੈ। ਬਾਪੂਧਾਮ ਤੋਂ ਜਿਨ੍ਹਾਂ ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਉਨ੍ਹਾਂ ਵਿਚ 10 ਸਾਲ ਦੇ ਸ਼ਿਵਮ, ਸੁਸ਼ਾਨਾ ਸਿੰਘ, ਕਲਾਵਤੀ, 13 ਸਾਲ ਦੀ ਪਲਕ, ਕਾਜਲ ਸਿੰਘ (18) ਅਤੇ ਪੱਲਵੀ (16) ਸ਼ਾਮਲ ਹੈ। ਕੋਰੋਨਾ ਲਗਾਤਾਰ ਸ਼ਹਿਰ ਨੂੰ ਅਪਣੀ ਗ੍ਰਿਫ਼ਤ ਵਿਚ ਲੈਂਦਾ ਜਾ ਰਿਹਾ ਹੈ।
ਡਾਕਟਰ ਆਏ ਵਾਇਰਸ ਦੀ ਲਪੇਟ ਵਿਚ : ਵਿਸ਼ੇਸ਼ ਗੱਲ ਇਹ ਹੈ ਕਿ ਕੋਰੋਨਾ ਦਾ ਵਾਇਰਸ ਹੁਣ ਸ਼ਹਿਰ ਦੇ ਪ੍ਰਮੁੱਖ ਹਸਪਤਾਲਾਂ ਅਤੇ ਇਲਾਜ ਕਰ ਰਹੇ ਡਾਕਟਰਾਂ ਤਕ ਪਹੁੰਚ ਗਿਆ ਹੈ। ਅਜਿਹੇ ਵਿਚ ਪ੍ਰਸ਼ਾਸਨ ਦੇ ਸਾਹਮਣੇ ਵੱਡੀ ਚੁਨੌਤੀ ਖੜੀ ਹੋ ਗਈ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਨੌਂ ਅਤੇ ਐਤਵਾਰ ਨੂੰ ਛੇ ਮਰੀਜ਼ ਮਿਲਣ ਨਾਲ ਸ਼ਹਿਰ ਵਿਚ ਹੜਕੰਪ ਮੱਚ ਗਿਆ ਸੀ। ਸੋਮਵਾਰ ਤਕ ਸ਼ਹਿਰ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 45 ਹੋ ਗਈ ਸੀ। ਮੰਗਲਵਾਰ ਸ਼ਾਮ ਤਕ ਇਹ ਗਿਣਤੀ ਵਧ ਕੇ 56 ਹੋ ਗਈ।
ਜੀ.ਐਮ.ਸੀ.ਐਚ. ਬਣਿਆ ਨਵਾਂ 'ਹਾਟਸਪਾਟ' 3 ਡਾਕਟਰ, ਵਾਰਡ ਬੁਆਏ ਸਮੇਤ 9 ਪਾਜ਼ੇਟਿਵ : ਜੀ.ਐਮ.ਸੀ.ਐਚ.-32 ਹੁਣ ਕੋਰੋਨਾ ਦਾ ਨਵਾਂ ਗੜ੍ਹ ਬਣਦਾ ਜਾ ਰਿਹਾ ਹੈ। ਸੋਮਵਾਰ ਨੂੰ ਹਸਪਤਾਲ ਦੇ ਤਿੰਨ ਡਾਕਟਰਾਂ, ਇਕ ਵਾਰਡ ਬੁਆਏ ਸਮੇਤ ਸ਼ਹਿਰ ਵਿਚ ਕੁਲ ਨੌਂ ਪਾਜ਼ੇਟਿਵ ਮਰੀਜ਼ ਮਿਲੇ ਸਨ। ਇਸ ਤੋਂ ਪਹਿਲਾਂ ਐਤਵਾਰ ਨੂੰ ਛੇ ਪਾਜ਼ੇਟਿਵ ਮਰੀਜ਼ ਮਿਲੇ ਸਨ, ਜਿਨ੍ਹਾਂ ਵਿਚੋਂ ਦੋ ਜੀ.ਐਮ.ਸੀ.ਐਚ. ਦੇ ਹੈਲਥ ਕਰਮਚਾਰੀ ਸਨ। ਬਾਕੀ ਹਸਪਤਾਲ ਦੇ ਹੀ ਇਕ ਹੋਰ ਵਾਰਡ ਅਟੈਂਡਂੈਟ ਦੇ ਪਰਵਾਰ ਵਾਲੇ ਸਨ। ਰਿਪੋਰਟ ਪਾਜ਼ੇਟਿਵ ਆਉਣ ਦੇ ਬਾਅਦ ਹੁਣ ਇਨ੍ਹਾ ਮਰੀਜ਼ਾਂ ਨੂੰ ਪੀਜੀਆਈ ਸ਼ਿਫਟ ਕੀਤਾ ਗਿਆ ਹੈ।
ਕਰਫ਼ਿਊ ਵਿਚ ਕੋਈ ਰਾਹਤ ਮਿਲਣ ਦੀ ਉਮੀਦ ਨਹੀਂ : ਸ਼ਹਿਰ ਵਿਚ 21 ਅਪ੍ਰੈਲ ਤੋਂ 23 ਅਪ੍ਰੈਲ ਦੇ ਵਿਚਕਾਰ ਇਕ ਵੀ ਪਾਜ਼ੇਟਿਵ ਕੇਸ ਨਹੀਂ ਆਇਆ ਸੀ। ਇਸ ਲਈ ਉਮੀਦ ਲਗਾਈ ਜਾ ਰਹੀ ਸੀ ਕਿ ਹੁਣ ਕਰਫ਼ਿਊ ਵਿਚ ਕੁੱਝ ਰਾਹਤ ਮਿਲੇਗੀ ਪਰ ਐਤਵਾਰ, ਸੋਮਵਾਰ ਅਤੇ ਮੰਗਲਵਾਰ ਨੂੰ ਵੱਡੀ ਗਿਣਤੀ ਵਿਚ ਪਾਜ਼ੇਟਿਵ ਮਰੀਜ਼ਾਂ ਦੇ ਮਿਲਣ ਦੇ ਬਾਅਦ ਰਾਹਤ ਦੀ ਉਮੀਦ ਟੁੱਟ ਗਈ ਹੈ। ਹੁਣ ਅਧਿਕਾਰੀਆਂ ਦਾ ਪੂਰਾ ਧਿਆਨ ਕਿਸੇ ਤਰ੍ਹਾਂ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਰੋਕਣ ਉਤੇ ਹੈ।