
ਪੰਜਾਬ ਸਰਕਾਰ ਤੇ ਹੋਰ ਸਿਆਸੀ ਪਾਰਟੀਆਂ ਤੋਂ ਬਾਅਦ ਕਰਫ਼ਿਊ ਦੇ ਚਲਦਿਆਂ ਪੰਜਾਬ ਦੇ ਮੁਲਾਜ਼ਮ ਸੰਗਠਨ ਵੀ ਵੀਡਿਓ ਕਾਨਫ਼ਰੰਸਿੰਗ ਰਾਹੀਂ ਮੀਟਿੰਗਾਂ ਕਰਨ ਲੱਗੇ ਹਨ
ਚੰਡੀਗੜ੍ਹ, 28 ਅਪ੍ਰੈਲ (ਗੁਰਉਪਦੇਸ਼ ਭੁੱਲਰ): ਪੰਜਾਬ ਸਰਕਾਰ ਤੇ ਹੋਰ ਸਿਆਸੀ ਪਾਰਟੀਆਂ ਤੋਂ ਬਾਅਦ ਕਰਫ਼ਿਊ ਦੇ ਚਲਦਿਆਂ ਪੰਜਾਬ ਦੇ ਮੁਲਾਜ਼ਮ ਸੰਗਠਨ ਵੀ ਵੀਡਿਓ ਕਾਨਫ਼ਰੰਸਿੰਗ ਰਾਹੀਂ ਮੀਟਿੰਗਾਂ ਕਰਨ ਲੱਗੇ ਹਨ। ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫ਼ੈਡਰੇਸ਼ਨ (ਪ.ਸ.ਸ.ਫ.) ਦੀ ਇਕ ਮੀਟਿੰਗ ਵੀਡਿਓ ਕਾਨਫ਼ਰੰਸਿੰਗ ਰਾਹੀਂ ਜਥੇਬੰਦੀ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਅਤੇ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਦੀ ਅਗਵਾਈ ਹੇਠ ਹੋਈ। ਲਗਭਗ ਦੋ ਘੰਟੇ ਚੱਲੀ ਇਸ ਮੀਟਿੰਗ ਵਿੱਚ 26 ਸੂਬਾਈ ਆਗੂਆਂ ਵਲੋਂ ਭਾਗ ਲਿਆ ਗਿਆ।
ਸੂਬਾ ਸਕੱਤਰ ਵਲੋਂ ਪੇਸ਼ ਕੀਤੇ ਏਜੰਡੇ ਤੇ ਸੀਮਿਤ ਸਮੇਂ ਵਿਚ ਸਮੂਹ ਆਗੂਆਂ ਵਲੋਂ ਅਪਣੇ-ਅਪਣੇ ਵਿਚਾਰ ਪੇਸ਼ ਕੀਤੇ ਗਏ। ਮੀਟਿੰਗ ਦੀਰਾਨ ਸਭ ਤੋਂ ਪਹਿਲਾਂ ਪਿਛਲੇ ਸਮੇਂ ਦੌਰਾਨ ਕੋਰੋਨਾ ਬਿਮਾਰੀ ਨਾਲ ਮਰਨ ਵਾਲੇ ਲੋਕਾਂ ਅਤੇ ਕੋਰੋਨਾ ਗ੍ਰਸਤ ਮਰੀਜ਼ਾਂ ਦਾ ਇਲਾਜ ਕਰਦੇ ਕਰਮਚਾਰੀਆਂ ਦੇ ਸ਼ਹੀਦ ਹੋਣ ਤੇ ਦੁੱਖ ਪਰਗਟ ਕਰਨ ਦੇ ਨਲ ਹੀ ਸ਼੍ਰੀ ਹਜ਼ੂਰ ਸਾਹਿਬ ਵਿਖੇ ਸ਼ਰਧਾਲੂਆਂ ਨੂੰ ਲੈਣ ਗਏ ਪੀ.ਆਰ.ਟੀ.ਸੀ. ਦੇ ਡਰਾਈਵਰ ਮਨਜੀਤ ਸਿੰਘ ਦੀ ਹੋਈ ਅਚਾਨਕ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਸਰਕਾਰ ਕੋਲੋਂ 50 ਲੱਖ ਰੁਪਏ ਮੁਆਵਜ਼ੇ ਦੀ ਮੰਗ ਵੀ ਕੀਤੀ ਗਈ।
ਮੀਟਿੰਗ ਵਿਚ ਪਹਿਲੀ ਮਈ ਨੂੰ ਮਜ਼ਦੂਰ ਦਿਵਸ ਮੌਕੇ ਝੰਡੇ ਲਹਿਰਾ ਕੇ ਮਨਾਉਣ ਦਾ ਫ਼ੈਸਲਾ ਲੈਂਦਿਆਂ ਕਿਹਾ ਗਿਆ ਕਿ ਕੋਰੋਨਾ ਵਾਇਰਸ ਨਾਲ ਰੋਜ਼ਾਨਾ ਦਿਹਾੜੀ ਕਰ ਕੇ ਕਮਾਉਣ ਵਾਲੇ ਲੋਕਾਂ ਦਾ ਗੁਜ਼ਾਰਾ ਮੁਸ਼ਕਲ ਹੋ ਗਿਆ ਹੈ, ਉਹਨਾਂ ਨੂੰ ਸੁੱਕਾ ਰਾਸ਼ਣ ਦੇ ਕੇ ਮਦਦ ਕੀਤੀ ਜਾਵੇਗੀ, ਇਸ ਕੰਮ ਲਈ ਅਤਿ ਜਰੂਰਤਮੰਦ ਮਿਡ-ਡੇ-ਮੀਲ, ਆਂਗਣਵਾੜੀ ਜਾਂ ਆਸ਼ਾਂ ਵਰਕਰਾਂ ਨੂੰ ਪਹਿਲ ਦਿਤੀ ਜਾਵੇ।
ਫ਼ੈਸਲਾ ਕੀਤਾ ਗਿਆ ਕਿ ਗੁਰੁ ਨਾਨਕ ਦੇਵ ਹਸਪਤਾਲ ਅਮ੍ਰਿਤਸਰ ਵਿਖੇ ਚੱਲ ਰਹੇ ਸੰਘਰਸ਼ ਦੌਰਾਨ ਜ੍ਹਿਨਾਂ ਆਗੂਆਂ ਨੂੰ ਸ਼ੋ-ਕਾਜ਼ ਨੋਟਿਸ ਜਾਰੀ ਕੀਤੇ ਗਏ ਹਨ ਉਨ੍ਹਾਂ ਦੇ ਹੱਕ ਵਿੱਚ ਪ.ਸ.ਸ.ਫ. ਵਲੋਂ ਅਤੇ ਫੈਡਰੇਸ਼ਨ ਨਾਲ ਸਬੰਧਿਤ ਜੱਥੇਬੰਦੀਆਂ ਵਲੋਂ ਸੂਬਾ ਪੱਧਰ ਤੇ ਮੁੱਖ ਮੰਤਰੀ, ਉਚੇਰੀ ਮੈਡੀਕਲ ਸਿੱਖਿਆ ਸਕੱਤਰ, ਮੈਡੀਲ ਕਾਲੇਜ ਦੇ ਵਾਇਸ ਚਾਂਸਲਰ, ਪ੍ਰਿੰਸੀਪਲ ਨੂੰ ਆਪਣੀ-ਆਪਣੀ ਜੱਥੇਬੰਦੀ ਵਲੋਂ ਮੰਗ ਪੱਤਰ ਭੇਜੇ ਜਾਣਗੇ ਅਤੇ ਫੈਡਰੇਸ਼ਨ ਦੀਆਂ ਜ਼ਿਲ੍ਹਾ ਇਕਾਈਆਂ ਵਲੋਂ ਵੀ ਪ੍ਰੈਸ-ਨੋਟ ਲਗਵਾਉਣ ਦੀ ਅਪੀਲ ਕੀਤੀ ਗਈ। ਕੇਂਦਰ ਸਰਕਾਰ ਵਲੋਂ ਮੰਹਿਗਾਈ ਭੱਤੇ ਨੂੰ ਫਰੀਜ਼ ਕਰਨ ਅਤੇ ਹੋਰ ਭੱਤਿਆਂ ਤੇ ਲੱਗਣ ਜਾ ਰਹੀ ਕੱਟ ਦਾ ਵਿਰੋਧ ਵੀ ਕੀਤਾ ਗਿਆ।