
ਲਾਕਡਾਊਨ/ ਕਰਫ਼ਿਊੁ ਦੇ ਮੱਦੇਨਜਰ ਘਰਾਂ 'ਚ ਬੈਠੇ ਕੰਮਕਾਰੀ ਗਰੀਬ ਪ੍ਰਵਾਰਾਂ ਨੂੰ ਸਰਕਾਰੀ ਹੁਕਮਾਂ ਦੀ ਜਿਸ ਤਰ੍ਹਾਂ ਸਖ਼ਤੀ ਨਾਲ ਪਾਲਣਾ ਕਰਵਾਈ ਜਾ ਰਹੀ ਹੈ
ਅੰਮ੍ਰਿਤਸਰ, 28 ਅਪ੍ਰੈਲ (ਓਮਕਾਰ ਸਿੰਘ): ਲਾਕਡਾਊਨ/ ਕਰਫ਼ਿਊੁ ਦੇ ਮੱਦੇਨਜਰ ਘਰਾਂ 'ਚ ਬੈਠੇ ਕੰਮਕਾਰੀ ਗਰੀਬ ਪ੍ਰਵਾਰਾਂ ਨੂੰ ਸਰਕਾਰੀ ਹੁਕਮਾਂ ਦੀ ਜਿਸ ਤਰ੍ਹਾਂ ਸਖ਼ਤੀ ਨਾਲ ਪਾਲਣਾ ਕਰਵਾਈ ਜਾ ਰਹੀ ਹੈ ਉਸੇ ਤਰ੍ਹਾਂ ਸਰਕਾਰ ਉਨ੍ਹਾਂ ਨੂੰ ਪੇਟ ਭਰ ਖਾਣਾ ਮੁਹੱਈਆ ਕਰਵਾਉਣ ਲਈ ਵੀ ਠੋਸ ਉਪਰਾਲੇ ਕਰੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਸਮਾਜ ਸੇਵਿਕਾ ਰਾਜਵਿੰਦਰ ਕੌਰ ਨੇ ਕਿਹਾ ਕਿ ਹਲਕਾ ਪੂਰਬੀ ਅਧੀਨ ਆਉਂਦੀ ਵਾਰਡ ਨੰਬਰ 31 ਜਵਾਹਰ ਨਗਰ ਵਿਖੇ ਹਲਕਾ ਵਿਧਾਇਕ ਨਵਜੋਤ ਸਿੰਘ ਸਿੱਧੂ ਵਲੋਂ ਜੋ ਸਰਕਾਰੀ ਰਾਸ਼ਨ ਲੋਕਾਂ ਲਈ ਭੇਜਿਆ ਜਾ ਰਿਹਾ ਹੈ
ਉਹ ਸਮੇਂ ਦੀ ਮਾਰ ਝੱਲ ਰਹੇ ਗਰੀਬ ਤੇ ਦਿਹਾੜੀਦਾਰ ਪ੍ਰਵਾਰਾਂ ਨਾਲ ਇਕ ਕੋਝਾ ਮਜ਼ਾਕ ਹੈ, ਕਿਉਂਕਿ 5 ਕਿਲੋ ਆਟਾ, ਇੱਕ ਕਿਲੋ ਖੰਡ, ਪਾ ਚਾਹ ਪੱਤੀ, ਇਕ ਛੋਟੀ ਬੋਤਲ ਤੇਲ ਤੇ ਕਿਲੋ ਦਾਲ ਨਾਲ ਇਕ ਪੰਜ-ਸੱਤ ਮੈਂਬਰਾਂ ਵਾਲੇ ਪ੍ਰਵਾਰ ਦਾ ਮਸਾਂ ਦੋ ਜਾਂ ਤਿੰਨ ਦਿਨ ਤਕ ਗੁਜ਼ਾਰਾ ਹੋ ਸਕਦਾ ਹੈ। ਉਹਨਾਂ ਕਿਹਾ ਕਿ ਇਸ ਤੋਂ ਬਾਅਦ ਉਸ ਪ੍ਰਵਾਰ ਨੂੰ ਜੇਕਰ 15-20 ਦਿਨ ਤਕ ਵੀ ਰਾਸ਼ਨ ਨਾ ਮਿਲ ਸਕੇ ਤਾਂ ਉਸਦੀ ਹਾਲਤ ਕਿਹੋ ਜਿਹੀ ਹੋ ਸਕਦੀ ਹੈ, ਇਹ ਪ੍ਰਸਾਸਣਿਕ ਸਰਕਾਰੀ ਅਧਿਕਾਰੀ ਤੇ ਹਲਕਾ ਵਿਧਾਇਕ ਲਈ ਸੋਚਣ ਵਾਲੀ ਗੱਲ ਹੈ।
File photo
ਦੂਸਰੀ ਤਰਫ ਇਸ ਔਖੀ ਘੜੀ ਵਿੱਚ ਵੀ ਰਾਸ਼ਨ ਵੰਡਣ ਵਿੱਚ ਲੋਕਾਂ ਨਾਲ ਸਿਆਸਤ ਬਾਜੀ ਕਰਨੀ ਹੋਰ ਵੀ ਮਾੜੀ ਗੱਲ ਹੈ। ਰਾਜਵਿੰਦਰ ਕੌਰ ਨੇ ਪ੍ਰਸ਼ਾਸਣਿਕ ਅਧਿਕਾਰੀਆਂ, ਹਲਕਾ ਵਿਧਾਇਕ ਨਵਜੋਤ ਸਿੰਘ ਸਿੱਧੂ ਨੂੰ ਅਪੀਲ ਕੀਤੀ ਕਿ ਇੱਕ ਵਾਰੀ ਖੁਦ ਲੋਕਾਂ 'ਚ ਜਾ ਕਿ ਹਲਾਤਾਂ ਦਾ ਜਾਇਜਾ ਲੈਣ ਜਿਸ ਨਾਲ ਤਹਾਨੂੰ ਲੋਕਾਂ 'ਚ ਪਾਈ ਜਾ ਰਹੀ ਭੁੱਖ ਦੀ ਅੱਗ ਦੇ ਰੋਹ ਤੇ ਸੇਕ ਲੱਗਣ ਦਾ ਅੰਦਾਜਾ ਲੱਗ ਜਾਵੇਗਾ ਕਿ ਲੋਕ ਕਿੰਨੇ ਦੁਖੀ ਹਨ। ਉਨ੍ਹਾ ਨੇ ਕੈਪਟਨ ਸਰਕਾਰ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਲੋਕਾਂ ਨੂੰ ਇਕੋਂ ਮੁਸ਼ਤ ਪ੍ਰਵਾਰਕ ਮੈਂਬਰਾਂ ਦੇ ਹਿਸਾਬ ਨਾਲ ਲਾਕਡਾਊਨ ਖੁਲ੍ਹਣ ਤਕ ਰਾਸ਼ਨ ਮੁਹੱਈਆ ਕਰਵਾਇਆ ਜਾਵੇ ।