
ਕਿਹਾ, ਵੱਡੀਆਂ ਕੰਪਨੀਆਂ ਵਿਚ ਵਪਾਕ ਸਮਝੌਤੇ ਕਰਵਾਉਣ ਵਿਚ ਰੁਝੀ
ਚੰਡੀਗੜ੍ਹ, 28 ਅਪ੍ਰੈਲ (ਗੁਰਉਪਦੇਸ਼ ਭੁੱਲਰ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਆਖਿਆ ਹੈ ਕਿ ਹਮੇਸ਼ਾ ਸਵਦੇਸ਼ੀ ਦਾ ਰਾਗ ਅਲਾਪਨ ਵਾਲੀ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਇਸ ਸਮੇਂ ਕੋਵਿਡ ਸੰਕਟ ਦੌਰਾਨ ਗਰੀਬਾਂ ਅਤੇ ਮਧਿਅਮ ਵਰਗ ਨੂੰ ਕੋਈ ਮਦਦ ਮੁਹਈਆ ਕਰਵਾਉਣ ਦੀ ਬਜਾਏ ਵੱਡੀਆਂ ਕੰਪਨੀਆਂ ਵਿਚ ਵਪਾਰਕ ਸਮਝੌਤੇ ਕਰਵਾਉਣ ਵਿਚ ਰੂਝੀ ਹੋਈ ਹੈ, ਜਦ ਕਿ ਅਜਿਹੇ ਵਿਚ ਜੀਓ-ਫੇਸਬੁੱਕ ਵਿਚ ਕਰਵਾਇਆ ਸਮਝੌਤਾ ਛੋਟੇ ਵਪਾਰੀਆਂ ਅਤੇ ਲਘੂ ਉਦਯੋਗਾਂ ਦੀ ਤਬਾਹੀ ਦਾ ਰਾਹ ਪੱਧਰਾ ਕਰੇਗਾ।
ਅੱਜ ਇੱਥੋਂ ਜਾਰੀ ਬਿਆਨ ਵਿਚ ਸ੍ਰੀ ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਲਈ ਇਹ ਸਮਾਂ ਕਰੋਨਾ ਨਾਲ ਨਜਿੱਠਣ ਦਾ ਸੀ ਨਾ ਕਿ ਚੋਰੀ ਛੁਪੇ ਅਜਿਹੇ ਸਮਝੌਤੇ ਕਰਵਾਉਣ ਦਾ ਜਿਸ ਨਾਲ ਛੋਟੇ ਦੁਕਾਨਦਾਰਾਂ ਦੀ ਤਬਾਹੀ ਦੀ ਇਬਾਰਤ ਲਿਖੀ ਜਾਣੀ ਹੋਵੇ।ਕਿਉਂਕਿ ਇਸ ਨਾਲ ਬਹੁ ਰਾਸ਼ਟਰੀ ਕੰਪਨੀਆਂ ਸਿੱਧੇ ਤੌਰ ਤੇ ਖੁਦਰਾ ਵਪਾਰ ਵਿਚ ਲੱਗ ਜਾਣਗੀਆਂ ਜਿਸ ਨਾਲ ਛੋਟੇ ਵਪਾਰੀ ਦਾ ਧੰਦਾ ਤਬਾਹੀ ਦੀ ਕਗਾਰ ਤੇ ਪੁੱਜ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜਿਸ ਸਮਝੌਤੇ ਨਾਲ ਲੱਖਾ ਛੋਟੇ ਦੁਕਾਨਦਾਰਾਂ, ਲਘੂ ਅਤੇ ਸੁਉਦਯੋਗਾਂ ਦਾ ਭਵਿੱਖ ਜੁੜਿਆ ਹੋਇਆ ਹੈ ਉਸ ਸਬੰਧੀ ਦੇਸ਼ ਦੀ ਪਾਰਲੀਮੈਂਟ ਵਿਚ ਵਿਚਾਰ ਕਰਨ ਤੋਂ ਬਾਅਦ ਹੀ ਕੋਈ ਨਿਰਣਾ ਹੋਣਾ ਚਾਹੀਦਾ ਸੀ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਮੋਦੀ ਸਰਕਾਰ ਨੇ ਪਹਿਲਾਂ ਆਪਣੀ ਚਹੇਤੀ ਕੰਪਨੀ ਜੀਓ ਰਾਹੀਂ ਟੈਲੀਕਾਮ ਸੈਕਟਰ ਵਿਚ ਏਕਾਧਿਕਾਰ ਕੀਤਾ ਅਤੇ ਹੁਣ ਇਹ ਰਿਟੇਲ ਬਜਾਰ ਤੇ ਵੀ ਇਕ ਕੰਪਨੀ ਵਿਸੇਸ਼ ਦਾ ਅਧਿਕਾਰ ਕਰਵਾਉਣ ਦੇ ਮਿਸ਼ਨ ਤੇ ਲੱਗੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਹੀ ਮੰਦੀ ਦੀ ਮਾਰ ਚੱਲ ਰਹੇ ਛੋਟੇ ਦੁਕਾਨਦਾਰ, ਛੋਟੇ ਵਪਾਰੀ ਅਤੇ ਲਘੂ ਤੇ ਸੁਉਦਯੋਗ ਇਹ ਮਾਰ ਝੱਲ ਨਹੀਂ ਸਕਣਗੇ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਖੇਤਰ ਵਿਚ ਏਕਾਧਿਕਾਰ ਨਾ ਤਾਂ ਗ੍ਰਾਹਕਾਂ ਦੇ ਹਿੱਤ ਵਿਚ ਹੁੰਦਾ ਹੈ ਅਤੇ ਨਾ ਹੀ ਦੇਸ਼ ਦੇ ਹਿੱਤ ਵਿਚ ਹੁੰਦਾ ਹੈ।
ਜਦ ਕਿ ਇਸ ਨਾਲ ਛੋਟੇ ਦੁਕਾਨਦਾਰਾਂ ਦਾ ਕੰਮ ਪੂਰੀ ਤਰਾਂ ਬੰਦ ਹੋ ਜਾਵੇਗਾ। ਸ੍ਰੀ ਜਾਖੜ ਨੇ ਇਸ ਮੌਕੇ ਹੋਰ ਕਿਹਾ ਕਿ ਕਰੋਨਾ ਵਾਇਰਸ ਕਾਰਨ ਪੈਦਾ ਹੋਏ ਸੰਕਟ ਕਾਰਨ ਦੇਸ਼ ਦਾ ਦੁਕਾਨਦਾਰ, ਛੋਟਾ ਵਪਾਰੀ ਅਤੇ ਲਘੂ ਅਤੇ ਸੁਖਮ ਉਦਯੋਗ ਗੰਭੀਰ ਆਰਥਿਕ ਸੰਕਟ ਵਿਚ ਹਨ ਅਤੇ ਇੰਨ੍ਹਾਂ ਤੋਂ ਜਿਆਦਾਤਰ ਦੀ ਹੋਂਦ ਤੇ ਹੀ ਖਤਰਾ ਪੈਦਾ ਹੋ ਗਿਆ ਹੈ। ਲਾਕਡਾਊਨ ਕਾਰਨ ਇੰਨ੍ਹਾਂ ਦਾ ਕਾਰੋਬਾਰ ਬੰਦ ਪਿਆ ਹੈ। ਜਿਸ ਕਾਰਨ ਇਨ੍ਹਾਂ ਦੇ ਬੰਦ ਹੋਣ ਦਾ ਖ਼ਤਰਾ ਪੈਦਾ ਹੋ ਗਿਆ ਹੈ ਜਦ ਕਿ ਇਸ ਸੈਕਟਰ ਵਿਚ ਕਰੋੜਾਂ ਲੋਕਾਂ ਨੂੰ ਰੋਜਗਾਰ ਮਿਲਿਆ ਹੋਇਆ ਹੈ। ਇਸੇ ਦੌਰਾਨ ਪੰਜਾਬ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ਵਲੋਂ ਪਹਿਲੀ ਮਈ ਦੇ ਮਜ਼ਦੂਰ ਦਿਹਾੜੇ ਮੌਕੇ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਲੋਕਾਂ ਨੂੰ ਘਰਾਂ 'ਚ ਤਿਰੰਗੇ ਝੰਡੇ ਲਹਿਰਾ ਕੇ ਅਪਣੀ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿਤਾ ਹੈ। ਉਨ੍ਹਾਂ ਮੋਦੀ ਸਰਕਾਰ ਤੋਂ ਇਨ੍ਹਾਂ ਵਰਗਾਂ ਲਈ ਤੁਰਤ ਰਾਹਤ ਦੀ ਮੰਗ ਕੀਤੀ।