
ਕੋਰੋਨਾ ਮਹਾਂਮਾਰੀ ਤੋਂ ਮਨੁੱਖ ਨੂੰ ਬਚਾਉਣ ਲਈ ਧਰਮਾਂ ਨੂੰ ਵੀ ਅੱਗੇ ਆਉਣਾ ਚਾਹੀਦੈ
ਸੰਗਰੂਰ (ਬਲਵਿੰਦਰ ਸਿੰਘ ਭੁੱਲਰ): ਧਰਮ ਮਨੁੱਖਤਾ ਦੀ ਸੇਵਾ ਲਈ ਬਣਾਏ ਗਏ ਹਨ। ਧਰਤੀ ਉਤੇ ਪਹਿਲਾਂ ਮਨੁੱਖ ਆਇਆ ਅਤੇ ਮਨੁੱਖ ਨੇ ਧਰਮ ਬਣਾਇਆ। ਇਸ ਦਾ ਸਾਫ਼ ਅਤੇ ਸਪੱਸ਼ਟ ਮਤਲਬ ਇਹ ਹੈ ਕਿ ਇਨਸਾਨ ਧਰਮ ਤੋਂ ਉੱਪਰ ਹੈ ਭਾਵੇਂ ਕਿ ਵਕਤ ਬੀਤਣ ਨਾਲ ਮਨੁੱਖੀ ਸੁਭਾਅ ਅਤੇ ਕਿਰਦਾਰ ਵਿਚ ਭਾਰੀ ਗਿਰਾਵਟ ਵੀ ਦਰਜ ਕੀਤੀ ਗਈ ਹੈ। ਦੇਸ਼ ਵਿਚ ਹੁਣ ਕੋਰੋਨਾ ਦੇ ਕਹਿਰ ਕਾਰਨ ਮਹਾਂਮਾਰੀ ਸ਼ਿਖਰ ਉਤੇ ਹੈ।
Coronavirus
ਦੇਸ਼ ਵਿਚ ਰੋਜ਼ਾਨਾ ਅਣਗਿਣਤ ਲੋਕ ਕੋਰੋਨਾ ਕਾਰਨ ਮਰ ਰਹੇ ਹਨ। ਤੰਗੀ ਦੇ ਮੌਜੂਦਾ ਦੌਰ ਵਿਚ ਗ਼ਰੀਬ ਅਪਣਾ ਇਲਾਜ ਕਰਵਾਉਣ ਤੋਂ ਬੁਰੀ ਤਰ੍ਹਾਂ ਅਸਮਰਥ ਹਨ। ਪਰ ਅਮੀਰਾਂ ਨੂੰ ਨਾ ਹੁਣ ਅਤੇ ਨਾ ਪਹਿਲਾਂ ਕਿਸੇ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਹੈ। ਮਨੁੱਖ ਅਤੇ ਧਰਮ ਦਾ ਆਪਸੀ ਰਿਸ਼ਤਾ ਅਟੁੱਟ ਅਤੇ ਗਹਿਰਾ ਹੈ। ਅਗਰ ਮਨੁੱਖ ਹੀ ਨਾ ਰਿਹਾ ਤਾਂ ਇਸ ਧਰਤੀ ਉਤੇ ਧਰਮ ਦਾ ਵੀ ਕੋਈ ਵਜੂਦ ਨਹੀਂ ਬਚੇਗਾ।
Coronavirus
ਦੇਸ਼ ਅੰਦਰ ਵਸਦੀ ਹਿੰਦੂ ਕੌਮ ਬਹੁਤ ਪੜ੍ਹੀ ਲਿਖੀ, ਸਿਆਣੀ ਅਤੇ ਸੁਲਝੀ ਹੋਈ ਹੈ। ਪਰ ਇਨ੍ਹਾਂ ਉੱਪਰ ਵੀ ਪੁਜਾਰੀ ਵਰਗ ਬੁਰੀ ਤਰ੍ਹਾਂ ਹਾਵੀ ਹੋ ਚੁੱਕਾ ਹੈ ਜਿਸ ਦੇ ਚਲਦਿਆਂ ਮੰਦਰਾਂ ਦੇ ਪ੍ਰਬੰਧਕ ਉਨ੍ਹਾਂ ਦੇ ਮੰਦਰਾਂ ਵਿਚ ਪਈ ਅਰਬਾਂ ਰੁਪਏ ਦੀ ਧਨ ਦੌਲਤ, ਹੀਰੇ ਜਵਾਹਰਾਤ, ਸੋਨਾ ਅਤੇ ਚਾਂਦੀ ਦੇ ਭੰਡਾਰ ਲੋੜਵੰਦ ਮਨੁੱਖਤਾ, ਗ਼ਰੀਬਾਂ ਦੀ ਭਲਾਈ ਅਤੇ ਸੇਵਾ ਸੰਭਾਲ ਲਈ ਖ਼ਰਚ ਕਰਨ ਤੋਂ ਇਨਕਾਰ ਕੀਤਾ ਜਦ ਕਿ ਹਰ ਧਰਮ ਅਨੁਸਾਰ ‘ਗ਼ਰੀਬ ਦਾ ਮੂੰਹ ਅਤੇ ਗੁਰੂੁ ਦੀ ਗੋਲਕ’ ਦੋਵੇਂ ਇਕ ਸਮਾਨ ਹਨ। ਧਾਰਮਕ ਸਥਾਨਾਂ ਅੰਦਰ ਪਏ ਧਨ ਦੌਲਤ ਦੀ ਰੱਬ ਜਾਂ ਪ੍ਰਮਾਤਮਾ ਨੂੰ ਕਦੇ ਲੋੜ ਨਹੀਂ ਪੈਂਦੀ। ਹਾਂ, ਧਨ ਦੌਲਤ ਦੀ ਲੋੜ ਪੁਜਾਰੀਆਂ ਅਤੇ ਪ੍ਰਬੰਧਕਾਂ ਨੂੰ ਜ਼ਰੂਰ ਹੁੁੰਦੀ ਹੈ, ਜਿਨ੍ਹਾਂ ਇਸ ਪੂਜਾ ਅਤੇ ਦਾਨ ਦੇ ਧਨ ਨਾਲ ਧਰਮ ਸਥਾਨ ਦੀਆਂ ਲੋੜਾਂ ਅਤੇ ਅਪਣੀਆਂ ਚੌਧਰਾਂ ਚਮਕਾਉਣੀਆਂ ਹਨ।
SIKH
ਦੇਸ਼ ਅੰਦਰ ਵਸਦੀ ਬਹੁਗਿਣਤੀ ਮੁਸਲਮਾਨ ਕੌਮ ਭਾਵੇਂ ਅਪਣੇ ਧਰਮ ਵਿਚ ਪ੍ਰਪੱਕ ਅਤੇ ਪੰਜ ਵਕਤ ਦੀਆ ਨਮਾਜ਼ਾਂ ਵਿਚ ਪੂਰਨ ਭਰੋਸਾ ਵੀ ਰਖਦੀ ਹੈ ਪਰ ਇਹ ਕੌਮ ਵੀ ਗ਼ਰੀਬੀ ਦਾ ਸੰਤਾਪ ਹੰਢਾ ਰਹੀ ਹੈ ਅਤੇ ਇਸ ਭਾਈਚਾਰੇ ਦੀ ਵੱਡੀ ਵਸੋਂ ਜੀਵਨ ਦੀਆਂ ਬੁਨਿਆਦੀ ਲੋੜਾਂ ਅਤੇ ਸੁਖ ਸਹੂਲਤਾਂ ਨੂੰ ਹਾਸਲ ਕਰਨ ਲਈ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰਦੀ ਆ ਰਹੀ ਹੈ।
Coronavirus
ਇਸ ਭਾਈਚਾਰੇ ਦੀ ਬਿਹਤਰੀ, ਉੱਨਤੀ ਅਤੇ ਤਰੱਕੀ ਲਈ ਵਚਨਬੱਧ ਇਸ ਕੌਮ ਦੀ ਭਲਾਈ ਲਈ ਬਣਾਇਆ ਗਿਆ ਵਕਫ਼ ਬੋਰਡ ਭਾਵੇਂ ਅਪਣੀਆਂ ਜ਼ਮੀਨਾਂ ਜਾਇਦਾਦਾਂ ਜਾਂ ਹੋਰ ਕਈ ਵਸੀਲਿਆਂ ਤੋਂ ਸਾਲਾਨਾ ਚੰਗੀ ਕਮਾਈ ਕਰ ਰਿਹਾ ਹੈ। ਪਰ ਗ਼ਰੀਬਾਂ ਅਤੇ ਲੋੜਵੰਦਾਂ ਦੀ ਭਲਾਈ, ਬੀਮਾਰੀ ਜਾਂ ਭੁੱਖਮਰੀ ਨੂੰ ਦੂਰ ਕਰਨ ਲਈ ਇਹ ਵਕਫ਼ ਬੋਰਡ ਉਹ ਕੁੱਝ ਨਹੀਂ ਕਰ ਸਕਿਆ ਜਿਸ ਦੀ ਉਮੀਦ ਜਾਂ ਜ਼ਰੂਰਤ ਸੀ। ਕੋਰੋਨਾ ਸੰਕਟ ਵਿਚ ਵੀ ਇਸ ਵਕਫ਼ ਬੋਰਡ ਦਾ ਯੋਗਦਾਨ ਲੋੜਵੰਦ ਅਤੇ ਗ਼ਰੀਬ ਲੋਕਾਂ ਦੀ ਭਲਾਈ ਲਈ ਜ਼ਰੂਰ ਪੈਣਾ ਚਾਹੀਦਾ ਹੈ ਨਹੀਂ ਤਾਂ ਸਮਝਿਆ ਜਾਵੇਗਾ ਕਿ ਇਹ ਅਦਾਰਾ ਵੀ ਹੋਰਨਾਂ ਵਾਂਗ ਲੋਕ ਭਲਾਈ ਦੇ ਕਾਰਜਾਂ ਤੋਂ ਮੂੰਹ ਮੋੜ੍ਹ ਚੁੱਕਾ ਹੈ।
Coronavirus
ਸਿੱਖ ਬਹੁਤ ਬਹਾਦਰ, ਦਲੇਰ ਅਤੇ ਜੰਗਜੂ ਕੌਮ ਹੈ। ਇਨ੍ਹਾਂ ਨੇ ਮੁਗਲਾਂ ਅਤੇ ਵਿਦੇਸ਼ੀ ਸ਼ਾਸਕਾਂ ਨਾਲ ਅਨੇਕਾਂ ਲੜਾਈਆਂ ਲੜੀਆਂ ਪਰ ਅਪਣੇ ਹਿੱਤਾਂ ਦੀ ਪੂਰਤੀ ਲਈ ਕੋਈ ਲੜਾਈ ਨਹੀਂ ਲੜੀ। ਸਿੱਖ ਧਰਮ ਦੇ ਸਿਪਾਹੀ ਹਮੇਸ਼ਾ ਮਜ਼ਲੂਮਾਂ ਅਤੇ ਦੱਬੇ ਕੁਚਲੇ ਲੋਕਾਂ ਦੇ ਹੱਕਾਂ ਹਕੂਕਾਂ ਦੀ ਬਹਾਲੀ ਲਈ ਲੜੇ ਸਿੱਖਾਂ ਅਤੇ ਸਿੱਖ ਧਰਮ ਦੀ ਭਲਾਈ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ 20ਵੀਂ ਸਦੀ ਦੀ ਸ਼ੁਰੂਆਤ ਵਿਚ ਬਣਾਈ ਗਈ ਸੀ। ਇਸ ਕਮੇਟੀ ਨੇ ਅਪਣੇ ਜੀਵਨ ਦੇ ਮੁਢਲੇ ਦੌਰ ਵਿਚ ਮਨੁੱਖਤਾ ਦੀ ਬਿਹਤਰੀ ਅਤੇ ਲੋਕ ਭਲਾਈ ਲਈ ਅਣਗਿਣਤ ਕਾਰਜ ਕੀਤੇ ਹਨ ਪਰ ਹੁਣ ਪਿਛਲੇ 30-35 ਸਾਲਾਂ ਤੋਂ ਇਹ ਸਿੱਖਾਂ ਲਈ ਲੋਕ ਭਲਾਈ ਅਤੇ ਧਰਮ ਦੇ ਕਾਰਜਾਂ ਨਾਲੋਂ ਰਾਜਨੀਤਕ ਲੜਾਈਆਂ ਦਾ ਕਾਰਨ ਵਧੇਰੇ ਬਣ ਚੁੱਕੀ ਹੈ।
Coronavirus
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਭਾਵੇਂ ਵਸੀਲਿਆਂ ਦੀ ਕੋਈ ਘਾਟ ਨਹੀਂ ਪਰ ਕੋਰੋਨਾ ਮਹਾਂਮਾਰੀ ਅਤੇ ਇਸ ਗੰਭੀਰ ਸੰਕਟ ਵਿਚ ਇਨ੍ਹਾਂ ਨੂੰ ਖ਼ਜ਼ਾਨੇ ਦਾ ਮੂੰਹ ਲੋੜਬੰਦ ਲੋਕਾਂ ਲਈ ਖੋਲ ਦੇਣਾ ਚਾਹੀਦਾ ਹੈ। ਬਹੁਗਿਣਤੀ ਪੁਜਾਰੀ ਵਰਗ ਲੋਕਾਂ ਨੂੰ ਦਾਨ ਅਤੇ ਪੁੰਨ ਦੇ ਕਾਰਜਾਂ ਲਈ ਪ੍ਰੇਰਦਾ ਅਤੇ ਉਕਸਾਉਂਦਾ ਰਹਿੰਦਾ ਹੈ। ਪਰ ਲੋੜ ਪੈਣ ਉਤੇ ਖ਼ੁਦ ਜੇਬ ਢਿੱਲੀ ਨਹੀਂ ਕਰਦਾ। ਭਾਰਤੀ ਲੋਕ ਦਾਨ ਪੁੰਨ ਵੀ ਜ਼ਿਆਦਾ ਕਰਦੇ ਹਨ ਅਤੇ ਮਹਾਂਮਾਰੀਆ ਦਾ ਸਾਹਮਣਾ ਵੀ ਜ਼ਿਆਦਾ ਕਰਦੇ ਹਨ।
oxygen cylinder
ਵਿਦੇਸ਼ੀ ਲੋਕ ਧਰਮਾਂ ਕਰਮਾਂ ਵਿਚ ਬਹੁਤ ਭਰੋਸਾ ਨਹੀਂ ਕਰਦੇ ਬਲਕਿ ਕੰਮ ਨੂੰ ਹੀ ਪੂਜਾ ਸਮਝਦੇ ਹਨ ਅਤੇ ਦਸਾਂ ਨਹੂੰਆ ਦੀ ਕਿਰਤ ਕਮਾਈ ਵਿਚ ਭਰੋਸਾ ਕਰਦੇ ਹਨ। ਜਦੋਂ ਉਨ੍ਹਾਂ ਦੀ ਕੌਮ ਉਤੇ ਕੋਈ ਕੁਦਰਤੀ ਆਫ਼ਤ ਜਾਂ ਕੋਈ ਹੋਰ ਕੌਮੀਂ ਸੰਕਟ ਆਉਂਦਾ ਹੈ ਤਾਂ ਲੋਕ ਭਲਾਈ ਦੇ ਕਾਰਜਾਂ ਲਈ ਅਪਣੀਆਂ ਤਿਜੌਰੀਆਂ ਦੇ ਮੂੰਹ ਖੋਲ ਦਿੰਦੇ ਹਨ ਕਿਉਂਕਿ ਉਹ ਸਿਰਫ਼ ਮਨੁੱਖਤਾ ਨੂੰ ਹੀ ਪਿਆਰ ਕਰਦੇ ਹਨ ਅਤੇ ਧਰਤੀ ਉਤੇ ਮਨੁੱਖਤਾ ਦੀ ਹੋਂਦ ਸੱਭ ਤੋਂ ਵੱਡਾ ਧਰਮ ਹੈ। ਸਾਰੇ ਧਰਮਾਂ ਦੇ ਪ੍ਰਮੁੱਖ ਧਰਮ ਗ੍ਰੰਥਾਂ ਦਾ ਅਧਿਐਨ ਕਰਨ ਤੋਂ ਬਾਅਦ ਪਤਾ ਚਲਦਾ ਹੈ ਕਿ ਪ੍ਰਮਾਤਮਾ ਹਰ ਮਨੁੱਖ ਦੇ ਅੰਦਰ ਵਸਦਾ ਹੈ ਅਤੇ ਮਨੁੱਖ ਹੀ ਸੱਭ ਤੋਂ ਵੱਡਾ ਧਰਮ ਹੈ।
ਗੁਰੂੂ ਨਾਨਕ ਦੇਵ ਜੀ ਨੇ ਅਪਣੇ ਜੀਵਨ ਦੇ ਅੰਤਲੇ 18 ਸਾਲ ਕਰਤਾਰਪੁਰ (ਹੁਣ ਪਾਕਿਸਤਾਨ) ਰਹਿ ਕੇ ਅਪਣੇ ਖੇਤਾਂ ਵਿਚ ਹਲ ਵਾਹ ਕੇ ਦਸਾਂ ਨਹੂੰਆਂ ਦੀ ਕਿਰਤ ਕੀਤੀ ਅਤੇ ਲੋਕਾਈ ਨੂੰ ਇਹ ਸੰਦੇਸ਼ ਦਿਤਾ ਕਿ “ਅੱਵਲ ਅੱਲ੍ਹਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜੱਗ ਉਪਜਿਆ ਕੌਣ ਭਲੇ ਕੋ ਮੰਦੇ”। ਸੋ, ਮਨੁੱਖਤਾ ਦੀ ਭਲਾਈ ਲਈ ਉਨ੍ਹਾਂ ਵਲੋਂ ਭੁੱਖੇ ਗ਼ਰੀਬ ਗੁਰਬਿਆਂ ਲਈ ਚਲਾਈ ਲੰਗਰ ਪ੍ਰਥਾ ਸਦੀਵੀਂ ਲਹਿਰ ਬਣ ਚੁੱਕੀ ਹੈ ਜਿਹੜੀ ਸਦੀਆਂ ਚਲਦੀ ਰਹੇਗੀ।
COVID19
ਸੋ, ਉਕਤ ਹਾਲਾਤ ਦੀ ਰੌਸ਼ਨੀ ਵਿਚ ਅੰਤ ਇਸੇ ਨਤੀਜੇ ਉਤੇ ਪਹੁੰਚਿਆ ਜਾ ਸਕਦਾ ਹੈ ਕਿ ਕੋਰੋਨਾ ਮਹਾਂਮਾਰੀ ਤੋਂ ਦੁਨੀਆਂ ਵਿਚ ਵਸਦੇਗ਼ਰੀਬਾਂ ਅਤੇ ਲੋੜਵੰਦਾਂ ਨੂੰ ਬਚਾਉਣ ਲਈ ਸੱਭ ਧਰਮਾਂ ਨੂੰ ਅਪਣੀਆਂ ਗੋਲਕਾਂ ਦਾ ਮੁੂੰਹ ਲੋਕ ਭਲਾਈ ਲਈ ਤੁਰਤ ਖੋਲ੍ਹ ਦੇਣਾ ਚਾਹੀਦਾ ਹੈ ਨਹੀਂ ਤਾਂ ਸਾਨੂੰ ਇਤਿਹਾਸ ਕਦੇ ਮਾਫ਼ ਨਹੀਂ ਕਰੇਗਾ ਕਿਉਂਕਿ ਅਮੀਰ ਤਾਂ ਅਪਣੇ ਇਲਾਜ ਲਈ ਸਮਰੱਥ ਹਨ ਪਰ ਗ਼ਰੀਬ ਨੂੰ ਬਚਾਉਣ ਲਈ ਧਰਮ ਨੂੰ ਹੀ ਅੱਗੇ ਆਉਣਾ ਚਾਹੀਦਾ ਹੈ।