
31 ਪੈਸੇ ਬਕਾਇਆ ਰਹਿਣ ਕਾਰਨ ਕਿਸਾਨ ਨੂੰ ਸਰਟੀਫ਼ੀਕੇਟ ਨਾ ਜਾਰੀ ਕਰਨ 'ਤੇ ਅਦਾਲਤ ਨੇ ਐਸਬੀਆਈ ਨੂੰ ਪਾਈ ਝਾੜ
ਅਹਿਮਦਾਬਾਦ, 28 ਅਪ੍ਰੈਲ : ਗੁਜਰਾਤ ਹਾਈ ਕੋਰਟ ਨੇ ਜ਼ਮੀਨ ਦੇ ਸੌਦੇ ਦੇ ਇਕ ਵਿਸ਼ੇ 'ਚ ਇਕ ਕਿਸਾਨ 'ਤੇ ਸਿਰਫ਼ 31 ਪੈਸੇ ਬਕਾਇਆ ਰਹਿ ਜਾਣ ਕਾਰਨ ਉਸ ਨੂੰ 'ਬਕਾਇਆ ਸਰਟੀਫ਼ੀਕੇਟ' (ਨੋ ਡਿਊਜ਼ ਸਰਟੀਫ਼ੀਕੇਟ) ਜਾਰੀ ਨਾ ਕਰਨ ਨੂੰ ਲੈ ਕੇ ਭਾਰਤੀ ਸਟੇਟ ਬੈਂਕ (ਐਸਬੀਆਈ) ਨੂੰ ਸਖ਼ਤ ਫਟਕਾਰ ਲਗਾਈ | ਹਾਈ ਕੋਰਟ ਨੇ ਕਿਹਾ, ''ਇਹ ਪ੍ਰੇਸ਼ਾਨ ਕਰਨ ਤੋਂ ਇਲਾਵਾ ਹੋਰ ਕੁੱਝ ਵੀ ਨਹੀਂ |'' ਜਸਟਿਸ ਭਾਰਗਵ ਕਰਿਆ ਨੇ ਬੁਧਵਾਰ ਨੂੰ ਇਕ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਬੈਂਕ ਪ੍ਰਤੀ ਨਾਰਾਜ਼ਗੀ ਜਤਾਈ | ਜੱਜ ਨੇ ਕਿਹਾ, ''ਹੱਦ ਹੋ ਗਈ, ਇਕ ਰਾਸ਼ਟਰੀ ਬੈਂਕ ਕਹਿੰਦਾ ਹੈ ਕਿ ਸਿਰਫ਼ 31 ਪੈਸੇ ਬਕਾਇਆ ਰਹਿਣ ਕਾਰਨ ਬਾਕਾਇਆ ਸਰਟੀਫ਼ੀਕੇਟ ਨਹੀਂ ਜਾਰੀ ਕੀਤਾ ਜਾ ਸਕਦਾ |''
ਪਟੀਸ਼ਨਰ ਰਾਕੇਸ਼ ਵਰਮਾ ਅਤੇ ਮਨੋਜ ਵਰਮਾ ਨੇ ਅਹਿਮਦਾਬਾਦ ਸ਼ਹਿਰ ਨੇੜੇ ਖੋਰਜਾ ਪਿੰਡ ਦੇ ਕਿਸਾਨ ਸ਼ਾਮਜੀਭਾਈ ਅਤੇ ਉਨ੍ਹਾਂ ਦੇ ਪ੍ਰਵਾਰ ਤੋਂ ਸਾਲ 2020 'ਚ ਇਕ ਜ਼ਮੀਨ ਖ਼ਰੀਦੀ ਸੀ | ਸ਼ਾਮਜੀਭਾਈ ਨੇ ਐਸਬੀਆਈ ਤੋਂ ਲਿਆ ਫ਼ਸਲੀ ਕਰਜ਼ਾ ਪੂਰਾ ਚੁਕਾਉਣ ਤੋਂ ਪਹਿਲਾਂ ਹੀ ਪਟੀਸ਼ਨਰ ਨੂੰ ਜ਼ਮੀਨ ਤਿੰਨ ਲੱਖ ਰੁਪਏ ਵਿਚ ਵੇਚ ਦਿਤੀ ਸੀ, ਅਜਿਹੇ 'ਚ ਜ਼ਮੀਨ 'ਤੇ ਬੈਂਕ ਦੇ ਬਕਾਏ ਕਾਰਨ ਪਟੀਸ਼ਨਰ (ਜ਼ਮੀਨ ਦਾ ਨਵੇਂ ਮਾਲਕ) ਮਾਲ ਰਿਕਾਰਡ 'ਚ ਅਪਣਾ ਨਾਂ ਨਹੀਂ ਦਰਜ ਕਰਵਾ ਸਕਦੇ ਸਨ | ਹਾਲਾਂਕਿ, ਕਿਸਾਨ ਨੇ ਬਾਅਦ 'ਚ ਬੈਂਕ ਦਾ ਪੂਰਾ ਕਰਜ਼ਾ ਅਦਾ ਕਰ ਦਿਤਾ, ਪਰ ਇਸ ਦੇ ਬਾਵਜੂਦ ਐਸਬੀਆਈ ਨੇ ਸਰਟੀਫ਼ੀਕੇਟ ਕੁੱਝ ਕਾਰਨਾਂ ਕਾਰਨ ਜਾਰੀ ਨਹੀਂ ਕੀਤਾ |
ਇਸ ਦੇ ਬਾਅਦ ਜ਼ਮੀਨ ਦੇ ਨਵੇਂ ਮਾਲਕ ਵਰਮਾ ਨੇ ਹਾਈ ਕੋਰਟ ਦਾ ਰੁਖ਼ ਕੀਤਾ | ਬੁਧਵਾਰ ਨੂੰ ਸੁਣਵਾਈ ਦੌਰਾਨ ਜੱਜ ਕਰਿਆ ਨੇ ਬੈਂਕ ਦਾ ਬਕਾਇਆ ਨਾ ਹੋਣ
ਕਾਰਨ ਸਰਟੀਫ਼ੀਕੇਟ ਕੋਰਟ 'ਚ ਪੇਸ਼ ਕਰਨ ਲਈ ਕਿਹਾ, ਇਸ 'ਤੇ ਐਸਬੀਆਈ ਦੇ ਵਕੀਲ ਆਨੰਦ ਗੋਗੀਆ ਨੇ ਕਿਹਾ, ''ਇਹ ਸੰਭਵ ਨਹੀਂ ਹੈ ਕਿਉਂਕਿ ਕਿਸਾਨ 'ਤੇ ਹੁਣ ਵੀ 31 ਪੈਸੇ ਦਾ ਬਕਾਇਆ ਹੈ | ਇਹ ਪ੍ਰਣਾਲੀਗਤ ਮਾਮਲਾ ਹੈ |'' ਇਸ 'ਤੇ ਜੱਜ ਨੇ ਕਿਹਾ ਕਿ 50 ਪੈਸੇ ਤੋਂ ਘੱਟ ਦੀ ਰਕਮ ਨੂੰ ਨਜ਼ਰਅੰਦਾਜ਼ ਕਰ ਕੇ ਇਸ ਮਾਮਲੇ 'ਚ ਸਰਟੀਫ਼ੀਕੇਟ ਜਾਰੀ ਕਰਨਾ ਚਾਹੀਦਾ ਕਿਉਂਕਿ ਸਾਨ ਨੇ ਪਹਿਲਾਂ ਹੀ ਪੂਰਾ ਕਰਜ਼ਾ ਚੁਕਾ ਦਿਤਾ ਹੈ | ਉਥੇ ਹੀ, ਜਦ ਗੋਗੀਆ ਨੇ ਕਿਹਾ ਕਿ ਮੈਨੇਜਰ ਨੇ ਸਰਟੀਫ਼ੀਕੇਟ ਨਾ ਦੇਣ ਦੇ ਹੁਕਮ ਦਿਤੇ ਹਨ, ਤਾਂ ਜੱਜ ਨੇ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਵਕੀਲ ਨੂੰ ਕਿਹਾ ਨਿਰਦੇਸ਼ ਦਿਤਾ ਕਿ ਉਹ ਮੈਨੇਜਰ ਨੂੰ ਅਦਾਲਤ ਵਿਚ ਪੇਸ਼ ਹੋਣ ਲਈ ਕਹਿਣ |
ਜੱਜ ਨੇ ਕਿਹਾ ਕਿ ਬੈਂਕਿੰਗ ਰੈਗੁਲੇਟਰੀ ਕਾਨੂੰਨ ਕਹਿੰਦਾ ਹੈ ਕਿ 50 ਪੈਸੇ ਤੋਂ ਘੱਟ ਦੀ ਰਕਮ ਦੀ ਗਿਣਤੀ ਨਹੀਂ ਕੀਤੀ ਜਾਣੀ ਚਾਹੀਦੀ, ਅਜਿਹੇ 'ਚ ਤੁਸੀਂ ਲੋਕਾਂ ਨੂੰ ਪ੍ਰੇਸ਼ਾਨ ਕਿਉਂ ਕਰ ਰਹੇ ਹੋ? ਜੱਜ ਨੇ ਕਿਹਾ ਕਿ ਇਹ ਮੈਨੇਜਰ ਵਲੋਂ ਪ੍ਰੇਸ਼ਾਨ ਕਰਨ ਤੋਂ ਇਲਾਵਾ ਹੋਰ ਕੁੱਝ ਨਹੀਂ ਹੈ | (ਏਜੰਸੀ)