
ਪੰਜਾਬ ਵਿਚ ਪੈਦਾ ਹੋਇਆ ਬਿਜਲੀ ਸੰਕਟ
ਮੰਤਰੀ ਵਲੋਂ ਛੇਤੀ ਹੱਲ ਦਾ ਭਰੋਸਾ, ਤਿੰਨ ਥਰਮਲ ਪਲਾਂਟਾਂ 'ਚ ਪੰਜ ਯੂਨਿਟ ਬੰਦ, ਸਵੇਰ ਤਕ ਮੁੜ ਸ਼ੁਰੂ ਹੋਣ ਦੀ ਉਮੀਦ
ਚੰਡੀਗੜ੍ਹ, 28 ਅਪ੍ਰੈਲ (ਸੁਰਜੀਤ ਸਿੰਘ ਸੱਤੀ) : ਪੰਜਾਬ ਵਿਚ ਬਿਜਲੀ ਸੰਕਟ ਪੈਦਾ ਹੋ ਗਿਆ ਹੈ | ਰੋਪੜ ਅਤੇ ਤਲਵੰਡੀ ਸਾਬੋ ਥਰਮਲ ਪਲਾਂਟਾਂ ਦੀਆਂ 2-2 ਅਤੇ ਗੋਇੰਦਵਾਲ ਸਾਹਿਬ ਪਾਵਰ ਪਲਾਂਟ ਦੀ ਇਕ ਯੂਨਿਟ ਬੰਦ ਹੋ ਗਈ, ਜਿਸ ਨਾਲ ਬਿਜਲੀ ਸੰਕਟ ਗਹਿਰਾ ਗਿਆ | ਹਾਲਾਂਕਿ ਵੀਰਵਾਰ ਸ਼ਾਮ ਤਕ ਰੋਪੜ ਥਰਮਲ ਪਲਾਂਟ ਵਿਚ ਬਿਜਲੀ ਪੈਦਾਵਾਰ ਮੁੜ ਸ਼ੁਰੂ ਹੋ ਗਈ ਤੇ ਤਲਵੰਡੀ ਸਾਬੋ ਤੇ ਗੋਇੰਦਵਾਲ ਥਰਮਲ ਪਲਾਂਟ ਸ਼ੁਕਰਵਾਰ ਤਕ ਸ਼ੁਰੂ ਹੋਣ ਦੀ ਉਮੀਦ ਹੈ |
ਜਾਣਕਾਰੀ ਅਨੁਸਾਰ ਵਿਘਨ ਪੈਣ ਨਾਲ ਤਲਵੰਡੀ ਸਾਬੋ ਵਿਚ ਤੋਂ 600 ਮੈਗਵਾਟ ਅਤੇ ਰੋਪੜ ਪਲਾਂਟ ਵਿਚ 200 ਮੈਗਾਵਾਟ ਦੀ ਕਮੀ ਆ ਗਈ | ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਮੁਫ਼ਤ ਬਿਜਲੀ ਤੇ ਨਿਰਵਿਘਨ ਸਪਲਾਈ ਦਾ ਵਾਅਦਾ ਕੀਤਾ ਸੀ ਤੇ ਸੂਬੇ ਵਿੱਚ ਬਿਜਲੀ ਦੇ ਪੈਦਾ ਹੋਏ ਸੰਕਟ ਕਾਰਨ ਪੰਜਾਬ ਦੇ ਲੋਕਾਂ ਨੂੰ ਲੰਮੇ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉਪਰੋਂ ਅੱਤ ਦੀ ਗਰਮੀ ਪੈ ਰਹੀ ਹੈ | ਅਜਿਹੇ ਹਾਲਾਤ ਵਿੱਚ ਵਿਰੋਧੀਆਂ ਨੇ ਸਰਕਾਰ ਨੂੰ ਜੋਰਦਾਰ ਤਰੀਕੇ ਨਾਲ ਘੇਰਿਆ | ਦੂਜੇ ਪਾਸੇ ਸਰਕਾਰ ਬਿਜਲੀ ਸੰਕਟ ਤੋਂ ਬਾਹਰ ਆਉਣ ਲਈ ਉਪਰਾਲੇ ਕਰ ਰਹੀ ਹੈ | ਪੀਐਸਪੀਸੀਐਲ ਦੇ ਚੇਅਰਮੈਨ ਕਮ ਸੀਐਮਡੀ ਬਲਦੇਵ ਸਿੰਘ ਸਰਾਂ ਕੇਂਦਰੀ ਅਫਸਰਾਂ ਨਾਲ ਮੁਲਾਕਾਤ ਕਰਨ ਲਈ ਦਿੱਲੀ ਰਵਾਨਾ ਹੋ ਗਏ | ਉਨ੍ਹਾਂ ਵਲੋਂ ਉਥੇ ਰੇਲ ਤੇ ਕੋਲਾ ਮੰਤਰਾਲੇ ਦੇ ਅਫ਼ਸਰਾਂ ਨਾਲ ਮੁਲਾਕਾਤ ਕਰਨ ਦੀ ਸੰਭਾਵਨਾ ਹੈ |
ਸੂਤਰਾਂ ਮੁਤਾਬਕ ਪੰਜਾਬ ਵਿਚ ਜਿੰਨਾ ਕੋਲਾ ਹੈ, ਉਹ ਥਰਮਲ ਪਲਾਂਟ ਚਲਾਉਣ ਦੀ ਸਮਰੱਥਾ ਤੋਂ ਕਾਫ਼ੀ ਘੱਟ ਹੈ | ਪਿਛਲੇ ਦਿਨੀਂ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਕੇਂਦਰੀ ਬਿਜਲੀ ਤੇ ਕੋਲਾ ਮੰਤਰੀ ਨਾਲ ਮੁਲਾਕਾਤ ਕੀਤੀ ਸੀ ਤੇ ਕਿਹਾ ਸੀ ਕਿ ਸਰਕਾਰੀ ਤੇ ਨਿਜੀ ਥਰਮਲ ਪਲਾਂਟਾਂ ਲਈ ਕੋਲਾ ਛੇਤੀ ਪੰਜਾਬ ਪਹੁੰਚਣਾ
ਸ਼ੁਰੂ ਹੋ ਜਾਏਗਾ ਪਰ ਅਜੇ ਤਕ ਅਜਿਹਾ ਨਹੀਂ ਹੋ ਸਕਿਆ | ਕੱੁਝ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕੇਂਦਰੀ ਮੰਤਰੀਆਂ ਨਾਲ ਮੁਲਾਕਾਤ ਕੀਤੀ ਸੀ ਤੇ ਕੇਂਦਰ ਵਲੋਂ ਬਿਜਲੀ ਤੇ ਕੋਲੇ ਦੀ ਸਪਲਾਈ ਦਾ ਭਰੋਸਾ ਦਿਵਾਇਆ ਸੀ | ਇਹ ਗੱਲ ਵੀ ਸਾਹਮਣੇ ਆ ਚੁੱਕੀ ਹੈ ਕਿ ਪੰਜਾਬ ਸਰਕਾਰ ਮਹਿੰਗੀਆਂ ਦਰਾਂ 'ਤੇ ਲਗਭਗ 3000 ਕਰੋੜ ਰੁਪਏ ਦੀ ਬਿਜਲੀ ਪਿਛਲੇ ਦਿਨਾਂ ਵਿਚ ਖਰੀਦ ਚੁੱਕੀ ਹੈ ਪਰ ਹੁਣ ਬਿਜਲੀ ਦੀ ਮੰਗ ਪੂਰੇ ਜ਼ੋਰਾਂ 'ਤੇ ਹੈ ਤੇ ਹਾਲਾਤ ਬੇਕਾਬੂ ਹੁੰਦੇ ਦਿਸ ਰਹੇ ਹਨ | ਹਾਲਾਂਕਿ ਸਰਕਾਰ ਤੇ ਪੀਐਸਪੀਸੀਐਲ ਦਾ ਕਹਿਣਾ ਹੈ ਕਿ ਸੰਕਟ 'ਤੇ ਕਾਬੂ ਪਾ ਲਿਆ
ਜਾਵੇਗਾ ਤੇ ਲੋਕਾਂ ਨੂੰ ਰਾਹਤ ਦਿਤੀ ਜਾਵੇਗੀ | ਜਾਣਕਾਰਾਂ ਮੁਤਾਬਕ ਪੰਜਾਬ ਵਿਚ ਬਿਜਲੀ ਦੀ 7300 ਮੈਗਾਵਾਟ ਬਿਜਲੀ ਦੀ ਮੰਗ ਹੈ ਤੇ ਉਤਪਾਦਨ 4000 ਮੈਗਾਵਾਟ ਹੋ ਰਿਹਾ | ਪਾਵਰਕਾਮ ਨੇ ਬਾਹਰੋਂ ਖਰੀਦੀ 3000 ਮੈਗਾਵਾਟ ਬਿਜਲੀ ਖਰੀਦੀ ਹੈ | 10 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਖਰੀਦੀ ਜਾ ਰਹੀ ਹੈ | ਪੰਜਾਬ ਵਿਚ ਰੋਜ਼ਾਨਾ 4-5 ਘੰਟੇ ਦੇ ਬਿਜਲੀ ਕੱਟ ਲੱਗ ਰਹੇ ਹਨ |
ਇਹ ਹਨ ਹਾਲਾਤ : ਜਾਣਕਾਰੀ ਮੁਤਾਬਕ ਤਲਵੰਡੀ ਸਾਬੋ ਪਾਵਰ ਪਲਾਂਟ ਦੇ ਇਕ 660 ਮੈਗਾਵਾਟ ਯੂਨਿਟ ਦੇ ਬਾਇਲਰ ਵਿਚ ਲੀਕ ਹੋਣ ਕਾਰਨ ਬਿਜਲੀ ਉਤਪਾਦਨ ਰੁਕ ਗਿਆ ਹੈ | ਪਹਿਲਾਂ ਹੀ, ਉਸੇ ਸਮਰਥਾ ਦੀ ਇਕ ਹੋਰ ਯੂਨਿਟ ਦੀ ਮੁਰੰਮਤ ਚਲ ਰਹੀ ਹੈ, ਜਿਸ ਨਾਲ 1,980 ਮੈਗਾਵਾਟ ਪਾਂਟ ਦੀ ਉਤਪਾਦਨ ਸਮਰੱਥਾ ਘਟ ਕੇ ਸਿਰਫ਼ 660 ਮੈਗਾਵਾਟ ਰਹਿ ਗਈ ਹੈ | ਰੋਪੜ ਥਰਮਲ ਪਲਾਂਟ ਵਿਚ ਇਸ ਸਮੇਂ ਕੁੱਲ 352 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ | ਸਿਰਫ਼ 2 ਯੂਨਿਟਾਂ (174 178=352) ਤੋਂ ਬਿਜਲੀ ਪੈਦਾ ਕੀਤੀ ਜਾ ਰਹੀ ਹੈ | ਰੋਪੜ ਥਰਮਲ ਪਲਾਂਟ 4 ਯੂਨਿਟ ਬਿਜਲੀ ਪੈਦਾ ਕਰਦਾ ਹੈ ਅਤੇ ਹਰੇਕ ਯੂਨਿਟ ਦੀ ਉਤਪਾਦਨ ਸਮਰਥਾ 210 ਮੈਗਾਵਾਟ ਹੈ, ਰੋਪੜ ਥਰਮਲ ਪਲਾਂਟ ਦੀ ਕੁੱਲ 840 ਮੈਗਾਵਾਟ ਬਿਜਲੀ ਪੈਦਾ ਕਰਨ ਦੀ ਸਮਰਥਾ ਹੈ |