
ਪੰਜਾਬ ਦੀਆਂ ਜੇਲ੍ਹਾਂ ਨੂੰ ਨਿਸ਼ਾਨਾ ਬਣਾਉਣ ਦਾ ਖ਼ਦਸ਼ਾ, ਆਈਜੀ ਨੇ ਜੇਲ੍ਹਾਂ ਦੀ ਸੁਰੱਖਿਆ ਵਧਾਉਣ ਦੇ ਦਿੱਤੇ ਹੁਕਮ
ਮੋਹਾਲੀ : ਅੱਤਵਾਦੀ ਲਖਬੀਰ ਸਿੰਘ ਲੰਡਾ ਪੰਜਾਬ ਵਿੱਚ ਇੱਕ ਹੋਰ ਰਾਕੇਟ (ਆਰਪੀਜੀ) ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਵਾਰ ਪੰਜਾਬ ਦੀ ਕਿਸੇ ਵੀ ਜੇਲ੍ਹ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਇਸ ਇਨਪੁਟ ਤੋਂ ਬਾਅਦ ਪੰਜਾਬ ਪੁਲਿਸ ਦੇ ਆਈ.ਜੀ.ਜੇਲ੍ਹਾਂ ਸੁਖਚੈਨ ਸਿੰਘ ਗਿੱਲ ਵਲੋਂ ਸਾਰੀਆਂ ਜੇਲ੍ਹਾਂ ਨੂੰ ਪੱਤਰ ਲਿਖ ਕੇ ਸੁਰੱਖਿਆ ਅਤੇ ਚੌਕਸੀ ਵਧਾਉਣ ਦੇ ਆਦੇਸ਼ ਦਿੱਤੇ ਗਏ ਹਨ। ਇਨਪੁਟ ਹੈ ਕਿ ਜੇਲ੍ਹ 'ਤੇ ਹਮਲਾ ਕਰ ਕੇ ਲਖਬੀਰ ਲੰਡਾ ਉਥੇ ਬੰਦ ਆਪਣੇ ਸਾਥੀਆਂ ਨੂੰ ਛੁਡਵਾ ਸਕਦਾ ਹੈ।
ਪੰਜਾਬ ਇੰਟੈਲੀਜੈਂਸ ਨੂੰ ਮਿਲੀ ਖੂਫ਼ੀਆ ਜਾਣਕਾਰੀ ਅਨੁਸਾਰ ਅੱਤਵਾਦੀ ਲਖਬੀਰ ਲੰਡਾ ਜੇਲ੍ਹ 'ਚ ਬੰਦ ਕੁਝ ਗੈਂਗਸਟਰਾਂ ਨੂੰ ਛੁਡਾਉਣ ਲਈ ਉਥੇ ਹਮਲੇ ਦੀ ਯੋਜਨਾ ਬਣਾ ਰਿਹਾ ਹੈ। ਪੰਜਾਬ ਦੀਆਂ 3 ਜੇਲ੍ਹਾਂ ਉਸ ਲਈ ਸਾਫਟ ਟਾਰਗੇਟ ਹਨ। ਇਨ੍ਹਾਂ ਵਿੱਚ ਅੰਮ੍ਰਿਤਸਰ, ਤਰਨਤਾਰਨ ਜ਼ਿਲ੍ਹੇ ਦੀ ਗੋਇੰਦਵਾਲ ਅਤੇ ਬਠਿੰਡਾ ਕੇਂਦਰੀ ਜੇਲ੍ਹ ਸ਼ਾਮਲ ਹਨ। ਇਨ੍ਹਾਂ ਤਿੰਨਾਂ ਥਾਵਾਂ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੇ ਧਨੌਲਾ 'ਚ ਵਿਕਾਸ ਕਾਰਜਾਂ ਲਈ 119.51 ਲੱਖ ਦੇ ਟੈਂਡਰ ਮੰਗੇ : ਡਾ. ਇੰਦਰਬੀਰ ਸਿੰਘ ਨਿੱਜਰ
ਪੰਜਾਬ ਪੁਲਿਸ ਦੇ ਜੇਲ੍ਹ ਵਿਭਾਗ ਦੇ ਆਈਜੀ ਵੱਲੋਂ ਜਾਰੀ ਹੁਕਮਾਂ ਅਨੁਸਾਰ ਜੇਲ੍ਹ 'ਤੇ ਹਮਲੇ ਦੌਰਾਨ ਉੱਥੇ ਤਾਇਨਾਤ ਅਧਿਕਾਰੀਆਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਇਸ ਕਾਰਨ ਜੇਲ੍ਹ ਦੇ ਅੰਦਰ ਅਤੇ ਬਾਹਰ ਸੁਰੱਖਿਆ ਸਖ਼ਤ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਖ਼ਤਰਨਾਕ ਅਪਰਾਧੀਆਂ ਨੂੰ ਅਦਾਲਤ ਵਿੱਚ ਲਿਜਾਣ ਦੇ ਰਾਹ ਵਿੱਚ ਵਧੇਰੇ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ।
ਲਖਬੀਰ ਲੰਡਾ ਪੰਜਾਬ ਪੁਲਿਸ ਦੇ ਰਿਕਾਰਡ ਵਿੱਚ A+ ਸ਼੍ਰੇਣੀ ਦਾ ਗੈਂਗਸਟਰ ਹੈ। ਇਸ ਸਮੇਂ ਉਹ ਕੈਨੇਡਾ ਵਿੱਚ ਰਹਿ ਰਿਹਾ ਹੈ। ਲਖਬੀਰ ਦੇ ਪਾਕਿਸਤਾਨ ਭੱਜ ਗਏ ਅੱਤਵਾਦੀ ਹਰਵਿੰਦਰ ਸਿੰਘ ਉਰਫ ਰਿੰਦਾ ਨਾਲ ਵੀ ਚੰਗੇ ਸਬੰਧ ਹਨ। ਰਿੰਦਾ ਪੰਜਾਬ ਵਿੱਚ ਅਸ਼ਾਂਤੀ ਫੈਲਾਉਣ ਲਈ ਲਖਬੀਰ ਲੰਡਾ ਦੀ ਵਰਤੋਂ ਕਰ ਰਿਹਾ ਹੈ।
ਰਿੰਦਾ ਨੇ ਪਹਿਲਾਂ ਲਖਬੀਰ ਲੰਡਾ ਰਾਹੀਂ ਮੋਹਾਲੀ ਸਥਿਤ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਦੇ ਮੁੱਖ ਦਫ਼ਤਰ 'ਤੇ ਆਰਪੀਜੀ ਹਮਲਾ ਕਰਵਾਇਆ ਸੀ। ਇਸ ਤੋਂ ਬਾਅਦ ਤਰਨਤਾਰਨ ਦੇ ਥਾਣੇ 'ਤੇ ਵੀ ਅਜਿਹਾ ਹੀ ਹਮਲਾ ਕੀਤਾ ਗਿਆ ਸੀ। ਇਨ੍ਹਾਂ ਦੋਵਾਂ ਘਟਨਾਵਾਂ ਤੋਂ ਬਾਅਦ ਭਾਰਤ ਸਰਕਾਰ ਨੇ ਲਖਬੀਰ ਲੰਡਾ ਨੂੰ ਅੱਤਵਾਦੀ ਐਲਾਨ ਦਿੱਤਾ ਹੈ।